ਊਝ ਦਰਿਆ ਵਿੱਚ 1.10 ਲੱਖ ਕਿਊਸਿਕ ਪਾਣੀ ਪਹੁੰਚਣ ਨਾਲ ਹੜ੍ਹਾਂ ਦਾ ਖ਼ਤਰਾ
ਸਰਹੱਦੀ ਇਲਾਕਿਆਂ ਦੇ ਖੇਤਾਂ 'ਚ ਵੜਿਆ ਪਾਣੀ; ਪ੍ਰਸ਼ਾਸਨ ਵੱਲੋਂ ਚੌਕਸੀ ਦੀ ਅਪੀਲ
ਬਾਬੂਸ਼ਾਹੀ ਬਿਊਰੋ
ਪਠਾਨਕੋਟ, 1 ਅਗਸਤ, 2026
ਜੰਮੂ-ਕਸ਼ਮੀਰ ਦੇ ਪਹਾੜੀ ਖੇਤਰਾਂ ਵਿੱਚ ਹੋ ਰਹੀ ਨਿਰੰਤਰ ਬਾਰਿਸ਼ ਕਾਰਨ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਹੜ੍ਹਾਂ ਦਾ ਖ਼ਤਰਾ ਮੰਡਰਾਉਣ ਲੱਗਾ ਹੈ। ਪਾਕਿਸਤਾਨ ਸਰਹੱਦ ਦੇ ਨੇੜੇ ਬਮਿਆਲ ਕੋਲੋਂ ਲੰਘਦੀ ਊਝ ਨਦੀ ਦਰਿਆ ਵਿੱਚ ਸ਼ਨੀਵਾਰ ਨੂੰ ਅਚਾਨਕ 1,10,000 (1.10 ਲੱਖ) ਕਿਊਸਿਕ ਪਾਣੀ ਪਹੁੰਚ ਗਿਆ। ਪਾਣੀ ਦਾ ਪੱਧਰ ਜ਼ਿਆਦਾ ਹੋਣ ਕਾਰਨ ਨਦੀ ਦਾ ਵਹਾਅ ਕਿਨਾਰਿਆਂ ਤੋਂ ਬਾਹਰ ਨਿਕਲ ਕੇ ਆਲੇ-ਦੁਆਲੇ ਦੇ ਖੇਤਾਂ ਵਿੱਚ ਫੈਲਣਾ ਸ਼ੁਰੂ ਹੋ ਗਿਆ ਹੈ।
ਸਥਾਨਕ ਲੋਕਾਂ ਅਨੁਸਾਰ ਪਿਛਲੇ ਸਾਲ ਜਦੋਂ ਊਝ ਨਦੀ ਵਿੱਚ 1.50 ਲੱਖ ਕਿਊਸਿਕ ਪਾਣੀ ਆਇਆ ਸੀ ਤਾਂ ਕਿਸਾਨਾਂ ਦੀਆਂ ਫ਼ਸਲਾਂ ਦਾ ਵੱਡਾ ਨੁਕਸਾਨ ਹੋਇਆ ਸੀ। ਉਨ੍ਹਾਂ ਚਿੰਤਾ ਜਤਾਈ ਕਿ ਜੇਕਰ ਪਾਣੀ ਦਾ ਪੱਧਰ 1.80 ਲੱਖ ਕਿਊਸਿਕ ਤੱਕ ਪਹੁੰਚਦਾ ਹੈ ਤਾਂ ਬਮਿਆਲ ਅਤੇ ਨਾਲ ਲੱਗਦੇ ਰਿਹਾਇਸ਼ੀ ਇਲਾਕਿਆਂ ਵਿੱਚ ਪਾਣੀ ਭਰ ਜਾਵੇਗਾ, ਜੋ ਭਾਰੀ ਤਬਾਹੀ ਦਾ ਕਾਰਨ ਬਣ ਸਕਦਾ ਹੈ।
ਖ਼ਤਰੇ ਨੂੰ ਦੇਖਦਿਆਂ ਪੰਜਾਬ ਪੁਲਿਸ ਨੇ ਸੁਰੱਖਿਆ ਵਜੋਂ ਊਝ ਨਦੀ 'ਤੇ ਬਣੇ ਪੁਲ 'ਤੇ ਨਾਕਾਬੰਦੀ ਕਰਕੇ ਆਵਾਜਾਈ ਬੰਦ ਕਰ ਦਿੱਤੀ ਹੈ। ਪੁਲਿਸ ਅਤੇ ਪ੍ਰਸ਼ਾਸਨ ਨੇ ਲੋਕਾਂ ਨੂੰ ਨਦੀ ਦੇ ਨੇੜੇ ਨਾ ਜਾਣ ਅਤੇ ਪੂਰੀ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ, ਹਾਲਾਂਕਿ ਇਸ ਦੇ ਬਾਵਜੂਦ ਕਈ ਲੋਕ ਵਧਦੇ ਪਾਣੀ ਦੇ ਬਹਾਅ ਨੂੰ ਦੇਖਣ ਲਈ ਪੁਲ 'ਤੇ ਇਕੱਠੇ ਹੋ ਰਹੇ ਹਨ।
ਜੰਮੂ-ਕਸ਼ਮੀਰ 'ਚ ਮੀਂਹ ਜਾਰੀ ਰਹਿਣ ਕਰਕੇ ਊਝ ਨਦੀ ਵਿੱਚ ਪਾਣੀ ਦਾ ਪੱਧਰ ਹੋਰ ਵਧਣ ਦੀ ਪੂਰੀ ਸੰਭਾਵਨਾ ਹੈ। ਸਥਾਨਕ ਪ੍ਰਸ਼ਾਸਨ ਸਥਿਤੀ 'ਤੇ ਲਗਾਤਾਰ ਨਜ਼ਰ ਬਣਾਏ ਹੋਏ ਹੈ।
- Download Babushahi App
-
-