ਮੁੱਖ ਮੰਤਰੀ ਨਾਲ ਮੀਟਿੰਗ ਨਾ ਹੋਣ 'ਤੇ ਭੜਕੇ CHO, ਗੁਰਦਾਸਪੁਰ 'ਚ ਸੰਕੇਤਿਕ ਭੁੱਖ ਹੜਤਾਲ ਤੇ ਰੋਸ ਪ੍ਰਦਰਸ਼ਨ
ਰੋਹਿਤ ਗੁਪਤਾ
ਗੁਰਦਸਪੁਰ-
ਕਮਿਊਨਟੀ ਹੈਲਥ ਅਫ਼ਸਰ (CHO) ਐਸੋਸੀਏਸ਼ਨ ਪੰਜਾਬ ਦੇ ਸੱਦੇ 'ਤੇ ਅੱਜ ਗੁਰਦਾਸਪੁਰ ਸਮੇਤ ਪੰਜਾਬ ਭਰ ਦੇ ਜ਼ਿਲ੍ਹਾ ਹਸਪਤਾਲਾਂ ਵਿੱਚ CHO ਵੱਲੋਂ ਸੰਕੇਤਿਕ ਭੁੱਖ ਹੜਤਾਲ ਅਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਗੁਰਦਾਸਪੁਰ ਦੇ CHO ਨੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਦਾ ਜਲਦ ਹੱਲ ਕਰਨ ਦੀ ਮੰਗ ਕੀਤੀ।
ਇਸ ਮੌਕੇ ਸੂਬਾ ਪ੍ਰਧਾਨ ਡਾ. ਸੁਨੀਲ ਤਰਗੋਤਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵਾਰ-ਵਾਰ ਮੀਟਿੰਗਾਂ ਕਰਕੇ ਸਿਰਫ਼ ਭਰੋਸੇ ਦਿੱਤੇ ਜਾਂਦੇ ਹਨ, ਪਰ ਮੰਗਾਂ ਦੇ ਹੱਲ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ ਜਾ ਰਿਹਾ। ਉਨ੍ਹਾਂ ਕਿਹਾ ਕਿ 29 ਜੁਲਾਈ 2026 ਨੂੰ ਮੁੱਖ ਮੰਤਰੀ ਵੱਲੋਂ ਯੂਨੀਅਨ ਨੂੰ ਮੀਟਿੰਗ ਦਾ ਸਮਾਂ ਦਿੱਤਾ ਗਿਆ ਸੀ, ਪਰ ਚੰਡੀਗੜ੍ਹ ਪਹੁੰਚਣ ਦੇ ਬਾਵਜੂਦ ਯੂਨੀਅਨ ਆਗੂਆਂ ਨਾਲ ਕੋਈ ਮੁਲਾਕਾਤ ਨਹੀਂ ਕੀਤੀ ਗਈ, ਜਿਸ ਕਾਰਨ ਸਮੂਹ CHO ਵਿੱਚ ਭਾਰੀ ਰੋਸ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਪਿਛਲੇ ਕਈ ਸਾਲਾਂ ਤੋਂ ਸਿਰਫ਼ ਲਾਰੇ ਲਗਾ ਰਹੀ ਹੈ, ਜਦਕਿ CHO ਦੀਆਂ ਜਾਇਜ਼ ਮੰਗਾਂ ਅਜੇ ਵੀ ਲੰਬਿਤ ਹਨ। ਯੂਨੀਅਨ ਨੇ ਮੰਗ ਕੀਤੀ ਕਿ ₹5000 ਸਬੰਧੀ ਬੈਂਚਮਾਰਕ ਦੀ ਸ਼ਰਤ ਖਤਮ ਕਰਕੇ ਇਹ ਰਕਮ ਬੇਸਿਕ ਤਨਖ਼ਾਹ ਵਿੱਚ ਸ਼ਾਮਲ ਕੀਤੀ ਜਾਵੇ, ਲੌਇਲਟੀ ਬੋਨਸ ਜਾਰੀ ਕੀਤਾ ਜਾਵੇ, CHO ਦਾ ਰੈਗੂਲਰ ਕੈਡਰ ਬਣਾਇਆ ਜਾਵੇ ਅਤੇ ਤਨਖ਼ਾਹ ਤੇ ਇੰਸੈਂਟਿਵ ਨੂੰ ਮਰਜ ਕਰਕੇ ਇੰਸੈਂਟਿਵ ਪਰਫਾਰਮਾ ਵਿੱਚ ਸੋਧ ਕੀਤੀ ਜਾਵੇ।
ਯੂਨੀਅਨ ਆਗੂਆਂ ਨੇ ਦੱਸਿਆ ਕਿ 4 ਅਗਸਤ 2026 ਨੂੰ ਸਰਕਾਰ ਨਾਲ ਸਬ-ਕਮੇਟੀ ਦੀ ਮੀਟਿੰਗ ਤੈਅ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਇਸ ਮੀਟਿੰਗ ਵਿੱਚ ਵੀ ਕੋਈ ਠੋਸ ਫ਼ੈਸਲਾ ਨਾ ਲਿਆ ਗਿਆ ਤਾਂ ਪੰਜਾਬ ਸਰਕਾਰ ਖ਼ਿਲਾਫ਼ ਪੱਕਾ ਧਰਨਾ ਸ਼ੁਰੂ ਕੀਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਅਤੇ ਸਿਹਤ ਵਿਭਾਗ ਦੀ ਹੋਵੇਗੀ।ਆਗੂਆਂ ਨੇ ਕਿਹਾ ਕਿ ਅੱਜ ਦੀ ਸੰਕੇਤਿਕ ਭੁੱਖ ਹੜਤਾਲ ਸਰਕਾਰ ਲਈ ਚੇਤਾਵਨੀ ਹੈ ਅਤੇ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
- Download Babushahi App
-
-