ਚੰਡੀਗੜ੍ਹ ਪੁਲਿਸ ਵੱਲੋਂ ਸਾਬਕਾ ਮੰਤਰੀ ਅਜੈਬ ਸਿੰਘ ਮੁਖਮੇਲਪੁਰ ਖਿਲਾਫ ਫੌਜਦਾਰੀ ਕੇਸ ਦਰਜ ਕਰਨਾ ਪਰਿਵਾਰ ਦਾ ਅਕਸ ਨੂੰ ਢਾਹ ਲਾਉਣ ਦੀ ਡੂੰਘੀ ਸਾਜ਼ਿਸ਼: ਹਰਪ੍ਰੀਤ ਕੌਰ ਮੁਖਮੇਲਪੁਰ
ਕਿਹਾ ਕਿ ਨਾ ਤਾਂ ਵਾਰਿਸ ਪੰਜਾਬ ਦੇ ਪਾਰਟੀ ਨਾਲ ਸਾਡਾ ਕੋਈ ਸਰੋਕਾਰ, ਸਾਬਕਾ ਮੰਤਰੀ ਡੇਢ ਪਹਿਲਾਂ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ
ਜਗਤਾਰ ਸਿੰਘ
ਪਟਿਆਲਾ, 1 ਅਗਸਤ 2026 : ਸਾਬਕਾ ਐਮ ਐਲ ਏ ਬੀਬੀ ਹਰਪ੍ਰੀਤ ਕੌਰ ਮੁਖਮੇਲਪੁਰ ਨੇ ਕਿਹਾ ਹੈ ਕਿ ਚੰਡੀਗੜ੍ਹ ਪੁਲਿਸ ਵੱਲੋਂ ਉਹਨਾਂ ਦੇ ਮਰਹੂਮ ਪਤੀ ਤੇ ਸਾਬਕਾ ਮੰਤਰੀ ਅਜੈਬ ਸਿੰਘ ਮੁਖਮੇਲਪੁਰ ਦੇ ਖਿਲਾਫ ਫੌਜਦਾਰੀ ਕੇਸ ਦਰਜ ਕਰਨਾ ਉਹਨਾਂ ਦੇ ਪਰਿਵਾਰ ਦੇ ਅਕਸ ਨੂੰ ਢਾਹ ਲਾਉਣ ਦੀ ਇਕ ਡੂੰਘੀ ਸਾਜ਼ਿਸ਼ ਵਾਲੀ ਕਾਰਵਾਈ ਹੈ।
ਅੱਜ ਇਥੇ ਪਟਿਆਲਾ ਮੀਡੀਆ ਕਲੱਬ ਵਿਚ ਆਪਣੇ ਪਰਿਵਾਰਕ ਮੈਂਬਰਾਂ ਤੇ ਸਮਰਥਕਾਂ ਦੀ ਹਾਜ਼ਰੀ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹਰਪ੍ਰੀਤ ਕੌਰ ਮੁਖਮੇਲਪੁਰ ਨੇ ਕਿਹਾ ਕਿ ਉਹਨਾਂ ਦੇ ਪਰਿਵਾਰ ਦਾ ਵਾਰਿਸ ਪੰਜਾਬ ਦੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ। ਇਸ ਪਾਰਟੀ ਦੇ ਰੋਸ ਪ੍ਰਦਰਸ਼ਨ ਵਿਚ ਸਾਬਕਾ ਮੰਤਰੀ ਅਜੈਬ ਸਿੰਘ ਮੁਖਮੇਲਪੁਰ ਦੇ ਖਿਲਾਫ ਫੌਜਦਾਰੀ ਕੇਸ ਦਰਜ ਕਰਨਾ ਇਕ ਡੂੰਘੀ ਸਾਜ਼ਿਸ਼ ਹੈ। ਉਹਨਾਂ ਕਿਹਾ ਕਿ ਸਾਬਕਾ ਮੰਤਰੀ ਦੀ ਕਰੀਬ ਡੇਢ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਜਿਸ ਦਿਨ ਚੰਡੀਗੜ੍ਹ ਪੁਲਿਸ ਨੇ ਇਹ ਕੇਸ ਦਰਜ ਕੀਤਾ ਤਾਂ ਉਹਨਾਂ ਨੇ ਇਸ ਮਾਮਲੇ ਵਿਚ ਤੁਰੰਤ ਚੰਡੀਗੜ੍ਹ ਦੇ ਐਸ ਐਸ ਪੀ ਨਾਲ ਸੰਪਰਕ ਕੀਤਾ ਪਰ ਉਹ ਤਸੱਲੀਬਖ਼ਸ਼ ਜਵਾਬ ਨਾ ਦੇ ਸਕੇ। ਉਹਨਾਂ ਕਿਹਾ ਕਿ ਜਦੋਂ ਅਸੀਂ ਐਸ ਐਸ ਪੀ ਤੋਂ ਮਿਲਣ ਦਾ ਸਮਾਂ ਮੰਗਿਆ ਤਾਂ ਉਹਨਾਂ ਨੇ ਸਮੇਂ ਦੀ ਘਾਟ ਦਾ ਬਹਾਨਾ ਬਣਾ ਦਿੱਤਾ।
ਉਹਨਾਂ ਕਿਹਾ ਕਿ ਇਹ ਬਹੁਤ ਹੀ ਗੰਭੀਰ ਮਾਮਲਾ ਹੈ ਤੇ ਚੰਡੀਗੜ੍ਹ ਪੁਲਿਸ ਦੀ ਇਸ ਕਾਰਵਾਈ ਨਾਲ ਉਹਨਾਂ ਦੇ ਪਰਿਵਾਰ ਨੂੰ ਤੇ ਉਹਨਾਂ ਦੇ ਵੱਡੀ ਗਿਣਤੀ ਵਿਚ ਸਮਰਥਕਾਂ ਦੇ ਮਨਾਂ ਨੂੰ ਡੂੰਘੀ ਠੇਸ ਪਹੁੰਚੀ ਹੈ। ਉਹਨਾਂ ਕਿਹਾ ਕਿ ਜਦੋਂ ਪਰਿਵਾਰ ਚੰਡੀਗੜ੍ਹ ਵਿਚ ਐਸ ਐਸ ਪੀ ਨੂੰ ਮਿਲਣ ਪੁੱਜਾ ਤਾਂ ਸਾਨੂੰ ਬਹੁਤ ਜੂਨੀਅਰ ਅਧਿਕਾਰੀ ਨਾਲ ਮਿਲਾਉਣ ਦੀ ਕੋਸ਼ਿਸ਼ ਕੀਤੀ ਪਰ ਅਸੀਂ ਮਿਲਣ ਤੋਂ ਨਾਂਹ ਕਰ ਦਿੱਤੀ ਤੇ ਥਾਣਾ 49 ਦੇ ਥਾਣੇ ਵਿਚ ਮਰਹੂਮ ਮੰਤਰੀ ਮੁਖਮੇਲਪੁਰ ਦੇ ਡੈਥ ਸਰਟੀਫਿਕੇਟ ਦੀ ਕਾਪੀ ਤੇ ਆਪਣੀ ਸ਼ਿਕਾਇਤ ਸੌਂਪ ਕੇ ਅਸੀਂ ਪਰਤ ਆਏ।
ਉਹਨਾਂ ਕਿਹਾ ਕਿ ਜੇਕਰ ਇਸ ਮਾਮਲੇ ਵਿਚ ਉਹਨਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਇਸ ਮਾਮਲੇ ਵਿਚ ਅਗਲੀ ਕਾਨੂੰਨੀ ਕਾਰਵਾਈ ਵੀ ਕਰਨਗੇ ਅਤੇ ਕੇਸ ਦਰਜ ਕਰਨ ਲਈ ਜ਼ਿੰਮੇਵਾਰ ਅਧਿਕਾਰੀਆਂ ਦੇ ਖਿਲਾਫ ਮਾਣਹਾਨੀ ਦਾ ਕੇਸ ਵੀ ਦਰਜ ਕਰਵਾਉਣਗੇ ਤੇ ਇਨਸਾਫ ਹਾਸਲ ਕਰ ਕੇ ਰਹਿਣਗੇ।
ਇਸ ਮੌਕੇ ਉਹਨਾਂ ਦੇ ਨਾਲ ਧੀ ਡਾ. ਪਰਨੀਤ ਕੌਰ ਢਿੱਲੋਂ ਅਤੇ ਹਰਨੀਤ ਕੌਰ, ਬੇਟਾ ਅਜੈਪ੍ਰੀਤ ਸਿੰਘ ਮੁਖਮੇਲਪੁਰ, ਜਵਾਈ ਐਡਵੋਕੇਟ ਸਿਮਰਜੋਤ ਸਿੰਘ ਢਿੱਲੋਂ ਅਤੇ ਹਰਿੰਦਰਪਾਲ ਸਿੰਘ ਟੌਹੜਾ, ਕੰਵਰਪ੍ਰਤਾਪ ਸਿੰਘ ਮੁਖਮੇਲਪੁਰ, ਨਰੇਸ਼ ਕੁਮਾਰ ਪੀ ਏ ਅਤੇ ਹੋਰ ਸਮਰਥਕ ਵੱਡੀ ਗਿਣਤੀ ਵਿਚ ਹਾਜ਼ਰ ਸਨ।
- Download Babushahi App
-
-