ਪੰਜਾਬ ਵਿਚ 11 ਪ੍ਰੀਖਿਆ ਪੇਪਰ ਲੀਕ ਹੋਣ ਦੇ ਮਾਮਲੇ ਦੀ ਕੇਂਦਰੀ ਜਾਂਚ ਦੇ ਹੁਕਮ ਦੇਣ ਗ੍ਰਹਿ ਮੰਤਰੀ ਅਮਿਤ ਸ਼ਾਹ: ਹਰਸਿਮਰਤ ਕੌਰ ਬਾਦਲ
ਆਪ ਵੱਲੋਂ ਚਾਰ ਸਾਲਾਂ ਵਿਚ ਪੇਪਰ ਲੀਕ ਨਾ ਹੋਣ ਦੇ ਕੀਤੇ ਦਾਅਵੇ ਨੂੰ 2023 ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਟਵੀਟ ਨਾਲ ਕੀਤਾ ਲੀਰੋ ਲੀਰ ਜਿਸ ਵਿਚ ਉਹਨਾਂ ਮੰਨਿਆ ਹੈ ਕਿ ਪੀ ਐਸ ਟੀ ਈ ਟੀ ਪੇਪਰ ਲੀਕ ਹੋਇਆ
ਚੰਡੀਗੜ੍ਹ, 29 ਜੁਲਾਈ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬਠਿੰਡਾ ਦੇ ਐਮ ਪੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਕੇਂਦਰੀਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਵਿਚ 11 ਪੇਪਰ ਲੀਕ ਹੋਣ ਦੇ ਮਾਮਲੇ ਦੀ ਕੇਂਦਰੀ ਜਾਂਚ ਦੇ ਹੁਕਮ ਦੇਣ ਤਾਂ ਜੋ ਬਹੁ ਕਰੋੜੀ ਘੁਟਾਲੇ ਦਾ ਪਰਦਾਫਾਸ਼ ਹੋ ਸਕੇ ਅਤੇ ਉਹਨਾਂ ਪੰਜ ਲੱਖ ਵਿਦਿਆਰਥੀਆਂ ਨੂੰ ਨਿਆਂ ਮਿਲ ਸਕੇ ਜੋ ਵਾਰ-ਵਾਰ ਪੇਪਰ ਲੀਕ ਕਾਰਨ ਪ੍ਰਭਾਵਤ ਹੋਏ ਹਨ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਬਠਿੰਡਾ ਦੇ ਐਮ ਪੀ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਨੂੰ ਪੇਪਰ ਲੀਕ ਮਾਮਲੇ ਦੀ ਜਾਂਚ ਕਰਵਾਉਣ ਵਿਚ ਕੋਈ ਦਿਲਚਸਪੀ ਨਹੀਂ ਹੈ ਕਿਉਂਕਿ ਇਸ ਨਾਲ ਉਸਦੇ ਆਪਣੇ ਹੀ ਮੰਤਰੀ ਘਿਰ ਸਕਦੇ ਹਨ। ਉਹਨਾਂ ਕਿਹਾ ਕਿ ਇਸ ਵਾਸਤੇ ਲਾਜ਼ਮੀ ਹੈ ਕਿ ਇਸ ਅਪਰਾਧ ਦੇ ਗੁਨਾਹਗਾਰਾਂ ਨੂੰ ਸਜ਼ਾ ਮਿਲੇ ਕਿਉਂਕਿ ਉਹਨਾਂ ਨੇ ਸਾਰੀ ਪੀੜੀ ਦੇ ਭਵਿੱਖ ਨਾਲ ਖਿਲਵਾੜ ਕੀਤਾ ਹੈ।
ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬੀ ਇਸ ਗੱਲ ਤੋਂ ਪ੍ਰੇਸ਼ਾਨ ਹਨ ਕਿ ਆਪ ਸਰਕਾਰ ਪੇਪਰ ਲੀਕ ਦੇ ਮਾਮਲੇ ਵਿਚ ਜਵਾਬਦੇਹੀ ਤੈਅ ਨਹੀਂ ਕਰਨਾ ਚਾਹੁੰਦੀ। ਉਹਨਾਂ ਕਿਹਾ ਕਿ ਭਾਵੇਂ ਸਿੱਖਿਆ ਵਿਭਾਗ ਜਿਸਨੇ ਕਈ ਪ੍ਰੀਖਿਆਵਾਂ ਕਰਵਾਈਆਂ ਹਨ, ਦੇ ਕੰਮਕਾਜ ਵਿਚ ਕਈ ਗੰਭੀਰ ਤਰੁੱਟੀਆਂ ਹਨ, ਸਿਹਤ ਵਿਭਾਗ ਜਿਸਨੇ ਫਾਰਮੇਸੀ ਪੇਪਰ ਕਰਵਾਏ ਤੇ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਜਿਸਨੇ ਪੇਪਰ ਕਰਵਾਏ, ਉਸਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਨਾ ਤਾਂ ਸਿੱਖਿਆ ਮੰਤਰੀ ਹਰਜੋਤ ਬੈਂਸ ਤੇ ਨਾ ਹੀ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੂੰ ਬਰਖ਼ਾਸਤ ਕੀਤਾ ਗਿਆ ਤੇ ਨਾ ਹੀ ਮੁੱਖ ਮੰਤਰੀ ਨੇ ਕੋਈ ਨੈਤਿਕ ਜ਼ਿੰਮੇਵਾਰੀ ਲਈ ਕਿਉਂਕਿ ਉਹ ਅਧੀਨ ਸੇਵਾਵਾਂ ਚੋਣ ਬੋਰਡ ਦੇ ਇੰਚਾਰਜ ਮੰਤਰੀ ਹਨ।
ਅਕਾਲੀ ਆਗੂ ਨੇ ਕਿਹਾ ਕਿ ਸਾਰੀ ਸਿੱਖਿਆ ਪ੍ਰਣਾਲੀ ਦੀ ਪਵਿੱਤਰਤਾ ਹੀ ਭੰਗ ਹੋ ਗਈ ਹੈ ਕਿਉਂਕਿ ਲੋਕਾਂ ਨੇ ਭਰਤੀ ਪ੍ਰੀਖਿਆਵਾਂ ਕਰਵਾਉਣ ਦੀ ਆਪ ਸਰਕਾਰ ਦੀ ਕਾਬਲੀਅਤ ਵਿਚ ਹੀ ਭਰੋਸਾ ਗੁਆ ਦਿੱਤਾ ਹੈ। ਉਹਨਾਂ ਕਿਹਾ ਕਿ ਪੇਪਰ ਲੀਕ ਤੇ ਬੇਨਿਯਮੀਆਂ ਹਾਈ ਕੋਰਟ ਪਹੁੰਚ ਗਈਆਂ ਹਨ ਜਿਸਨੇ ਆਬਕਾਰੀ ਇੰਸਪੈਕਟਰਾਂ ਦੀ ਭਰਤੀ ਸਮੇਤ ਕਈ ਕੇਸਾਂ ਦੀ ਭਰਤੀ ਪ੍ਰਕਿਰਿਆ ਵਿਚ ਦਖਲ ਦਿੱਤਾ ਹੈ।
ਸਰਦਾਰਨੀ ਬਾਦਲ ਨੇ ਗ੍ਰਹਿ ਮੰਤਰੀ ਨੂੰ ਦੱਸਿਆ ਕਿ ਪੇਪਰ ਲੀਕ ਮਾਮਲੇ ਵਿਚ ਸਖ਼ਤ ਕਾਰਵਾਈ ਕਰਨ ਦੀ ਥਾਂ ਆਪ ਸਰਕਾਰ ਨੇ ਪਰਦਾ ਪਾਉਣ ਦੇ ਯਤਨ ਸ਼ੁਰੂ ਕਰ ਦਿੱਤੇ ਹਨ ਤੇ ਦਾਅਵੇ ਕੀਤੇ ਹਨ ਕਿ ਸੂਬੇ ਵਿਚ ਕੋਈ ਪੇਪਰ ਲੀਕ ਨਹੀਂ ਹੋਇਆ। ਉਹਨਾਂ ਕਿਹਾ ਕਿ 13 ਮਾਰਚ 2023 ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਟਵੀਟ ਕੀਤਾ ਸੀ ਕਿ ਪੰਜਾਬ ਸਟੇਟ ਟੀਚਰ ਐਲੀਜੀਬਿਲਟੀ ਟੈਸਟ (ਪੀ ਐਸ ਟੀ ਈ ਟੀ) ਪ੍ਰੀਖਿਆ ਦਾ ਪੇਪਰ ਲੀਕ ਹੋਇਆ। ਉਹਨਾਂ ਕਿਹਾ ਕਿ ਹਾਲ ਹੀ ਵਿਚ ਸਰਕਾਰ ਨੇ ਖੁਦ ਮੰਨਿਆ ਕਿ ਫਾਰਮੇਸੀ ਅਫਸਰ ਦੀ ਪ੍ਰੀਖਿਆ ਵਿਚ ਗੰਭੀਰ ਬੇਨਿਯਮੀਆਂ ਹੋਈਆਂ ਜਿਸ ਵਾਸਤੇ ਸੰਗਠਿਤ ਮਾਫੀਆ ਨੇ ਹਰ ਵਿਅਕਤੀ ਤੋਂ 13-13 ਲੱਖ ਰੁਪਏ ਲਏ ਤੇ ਉਹਨਾਂ ਨੂੰ ਪੇਪਰ ਦੇ ਜਵਾਬ ਦੇਣ ਵਾਸਤੇ ਬਲੂ ਟੁੱਥ ਯੰਤਰ ਵਰਤੇ ਗਏ ਪਰ ਸਰਕਾਰ ਇਹ ਮੰਨਣ ਤੋਂ ਇਨਕਾਰੀਹੈ ਕਿ ਪੇਪਰ ਲੀਕ ਹੋਏ। ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਭਾਵੇਂ ਪ੍ਰੀਖਿਆ ਕੇਂਦਰਾਂ ਵਿਚੋਂ ਇਹ ਪੇਪਰ ਲੀਕ ਹੋਇਆ ਪਰ ਸਰਕਾਰ ਨੇ ਆਪਣੇ ਮਨਪਸੰਦ ਉਮੀਦਵਾਰਾਂ ਦੀ ਚੋਣ ਵਾਸਤੇ ਸਮੁੱਚੀ ਪ੍ਰੀਖਿਆ ਪ੍ਰਣਾਲੀ ਨੂੰ ਹੀ ਉਲਟਾਉਣ ਦੀ ਕੋਸ਼ਿਸ਼ ਕੀਤੀ।
ਉਹਨਾਂ ਕਿਹਾ ਕਿ ਪਿਛਲੇ ਚਾਰ ਸਾਲਾਂ ਵਿਚ 11 ਵਾਰ ਪੇਪਰ ਲੀਕ ਹੋਏ ਹਨ। ਉਹਨਾਂ ਕਿਹਾ ਕਿ ਅਜਿਹੇ ਵੀ ਮਾਮਲੇ ਸਾਹਮਣੇ ਆਏ ਜਦੋਂ ਬਹੁਤ ਸਾਰੀਆਂ ਬੇਨਿਯਮੀਆਂ ਸਾਹਮਣੇ ਆਈਆਂ ਜਿਹਨਾਂ ਵਿਚ ਵਿਦਿਆਰਥੀਆਂ ਵੱਲੋਂ ਕੁਝ ਚੋਣਵੇਂ ਪ੍ਰੀਖਿਆ ਕੇਂਦਰਾਂ ਤੋਂ ਪ੍ਰੀਖਿਆ ਪਾਸ ਕੀਤੀ ਤੇ ਇੰਟਰਵਿਊ ਵਿਚ ਨੰਬਰ ਮਿਲੇ ਵਰਗੇ ਮਾਮਲੇ ਸ਼ਾਮਲ ਹਨ। ਉਹਨਾਂ ਕਿਹਾ ਕਿ ਪ੍ਰਮੁੱਖ ਕੇਸਾਂ ਵਿਚ ਨਾਇਬ ਤਹਿਸੀਲਦਾਰ ਪੇਪਰ ਲੀਕ ਸ਼ਾਮਲ ਹੈ ਜਿਸ ਨਾਲ 42000 ਵਿਦਿਆਰਥੀ ਪ੍ਰਭਾਵਤ ਹੋਏ,ਟੀ ਈ ਟੀ ਪੇਪਰ ਲੀਕ ਕਾਰਨ ਇਕ ਲੱਖ ਵਿਦਿਆਰਥੀ ਪ੍ਰਭਾਵਤ ਹੋਏ, ਪੀ ਐਸ ਈ ਬੀ 12ਵੀਂ ਕਲਾਸ ਦੇ ਅੰਗਰੇਜ਼ੀ ਦੇ ਪੇਪਰ ਲੀਕ ਕਾਰਨ 2.5 ਲੱਖ ਵਿਦਿਆਰਥੀ ਪ੍ਰਭਾਵਤ ਹੋਏ, ਖੇਤੀਬਾੜੀ ਵਿਕਾਸ ਅਫਸਰ ਦੀ ਆਸਾਮੀ ਦੇ ਪੇਪਰ ਲੀਕ ਕਾਰਨ 4100 ਵਿਦਿਆਰਥੀ ਪ੍ਰਭਾਵਤ ਹੋਏ ਅਤੇ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਦੇ ਗਰੁੱਪ ਬੀ ਅਫਸਰ ਪੇਪਰ ਲੀਕ ਕਾਰਨ ਇਕ ਲੱਖ ਵਿਦਿਆਰਥੀ ਪ੍ਰਭਾਵਤ ਹੋਏ।
ਸਰਦਾਰਨੀ ਬਾਦਲ ਨੇ ਕਿਹਾ ਕਿ ਮਾਮਲਾ ਬਹੁਤ ਹੀ ਸੰਵੇਦਨਸ਼ੀਲ ਹੈ ਕਿਉਂਕਿ ਸੂਬਾ ਸਰਕਾਰ ਪੇਪਰ ਲੀਕ ਦੀਆਂ ਜਾਅਲੀ ਜਾਂਚ ਕਰਵਾ ਰਹੀ ਹੈ। ਉਹਨਾਂ ਕਿਹਾ ਕਿ ਭਾਵੇਂ ਸੂਬਾ ਵਿਜੀਲੈਂਸ ਵਿਭਾਗ ਨੇ ਆਬਕਾਰੀ ਵਿਭਾਗ ਦੀ ਭਰਤੀ ਦੇ ਮਾਮਲੇ ਵਿਚ ਦਸੰਬਰ 2025 ਵਿਚ ਕੇਸ ਦਰਜ ਕੀਤਾ ਹੈ ਪਰ ਹਾਲੇ ਤੱਕ ਮਾਮਲੇ ਵਿਚ ਕਾਰਵਾਈ ਕੋਈ ਨਹੀਂ ਹੋਈ। ਉਹਨਾਂ ਕਿਹਾ ਕਿ ਇਸੇ ਤਰੀਕੇ ਫਾਰਮੇਸੀ ਅਫਸਰ ਪੇਪਰ ਲੀਕ ਮਾਮਲੇ ਵਿਚ ਪ੍ਰੀਖਿਆ ਰੱਦ ਨਹੀਂ ਹੋਈ।
ਇਸ ਤੋਂ ਪਹਿਲਾਂ ਐਮ ਪੀ ਨੇ ਪੰਜਾਬ ਵਿਚ ਹੋਏ ਪੇਪਰ ਲੀਕ ਦਾ ਮਾਮਲਾ ਸੰਸਦ ਵਿਚ ਵੀ ਚੁੱਕਿਅ। ਦੇਰ ਸ਼ਾਮ ਸਰਦਾਰਨੀ ਬਾਦਲ ਨੇ ਇਸ ਮਾਮਲੇ ’ਤੇ ਸੰਬੋਧਨ ਕਰਦਿਆਂ ਕਿਹਾ ਕਿ ਭਾਵੇਂ ਪੇਪਰ ਲੀਕ ਦੇ ਮਾਮਲੇ ਵਿਚ ਸੋਧ ਬਿੱਲ ਸਵਾਗਤਯੋਗ ਹੈ ਪਰ ਇਸਨੂੰ ਵਿਦਿਆਰਥੀਆਂ ਸਮੇਤ ਸਟੇਕਹੋਲਡਰਜ਼ ਨਾਲ ਗੱਲਬਾਤ ਕਰਨ ਤੋਂ ਬਾਅਦ ਹੀ ਪੇਸ਼ ਜਾਣਾ ਚਾਹੀਦਾ ਸੀ। ਉਹਨਾਂ ਨੇ ਦਿੱਲੀ ਵਿਚ ਰੋਸ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨਾਲ ਵਧੀਕੀ ਕਰਨ ਦੀ ਵੀ ਨਿਖੇਧੀ ਕੀਤੀ ਤੇ ਨਾਲ ਹੀ ਦਿੱਲੀ ਦੇ ਇਕ ਮੰਤਰੀ ਵੱਲੋਂ ਜੰਤਰ ਮੰਤਰ ਪ੍ਰਦਰਸ਼ਨ ਤੋਂ ਗੁਰਦੁਆਰਾ ਬੰਗਲਾ ਸਾਹਿਬ ਆਉਣ ਵਾਲੇ ਵਿਦਿਆਰਥੀਆਂ ਨੂੰ ਰੋਕਣ ਦੇ ਯਤਨ ਕਰਨ ਦੀ ਵੀ ਨਿਖੇਧੀ ਕੀਤੀ।
ਉਹਨਾਂ ਨੇ ਪਿਛਲੇ ਚਾਰ ਸਾਲਾਂ ਵਿਚ ਪੰਜਾਬ ਵਿਚ ਕੋਈ ਵੀ ਪੇਪਰ ਲੀਕ ਨਾ ਹੋਣ ਦੇ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਦੇ ਦਾਅਵੇ ਨੂੰ ਵੀ ਲੀਰੋ ਲੀਰ ਕਰਦਿਆਂ ਭਗਵੰਤ ਮਾਨ ਵੱਲੋਂ 13 ਮਾਰਚ 2023 ਨੂੰ ਕੀਤੇ ਟਵੀਟ ਨੂੰ ਬੇਨਕਾਬ ਕੀਤਾ ਜਿਸ ਵਿਚ ਉਹਨਾਂ ਮੰਨਿਆ ਕਿ ਪੰਜਾਬ ਸਟੇਟ ਐਲੀਜੀਬਿਲਟੀ ਟੈਸਟ ਪੇਪਰ ਲੀਕ ਹੋਇਆ।
- Download Babushahi App
-
-