ਬਰਨਾਲਾ ਲਾਠੀਚਾਰਜ ਮਾਮਲਾ: ਭਾਜਪਾ ਪ੍ਰਧਾਨ ਕੇਵਲ ਢਿੱਲੋਂ ਨੇ ਪੰਜਾਬ ਸਰਕਾਰ 'ਤੇ ਵਿੰਨ੍ਹੇ ਨਿਸ਼ਾਨੇ; ਰਾਸ਼ਟਰੀ ਸਫ਼ਾਈ ਕਰਮਚਾਰੀ ਕਮਿਸ਼ਨ ਨੇ ਕੀਤਾ ਘਟਨਾ ਸਥਾਨ ਦਾ ਦੌਰਾ
Kamaljeet Singh/ ਬਾਬੂਸ਼ਾਹੀ ਬਿਊਰੋ
ਬਰਨਾਲਾ, 28 ਜੁਲਾਈ 2026:
ਬਰਨਾਲਾ ਵਿਖੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਧਰਨਾ ਦੇ ਰਹੇ ਸਫ਼ਾਈ ਕਰਮਚਾਰੀਆਂ ਅਤੇ ਮਹਿਲਾਵਾਂ ’ਤੇ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ ਦੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਆਗੂਆਂ ਵੱਲੋਂ ਗੰਭੀਰ ਨਿੰਦਾ ਕੀਤੀ ਗਈ ਹੈ। ਜ਼ਖ਼ਮੀ ਕਰਮਚਾਰੀਆਂ ਦਾ ਹਾਲ-ਚਾਲ ਪੁੱਛਣ ਪਹੁੰਚੇ ਭਾਜਪਾ ਨੇਤਾਵਾਂ ਨੇ ਪੰਜਾਬ ਸਰਕਾਰ ਅਤੇ ਹਸਪਤਾਲ ਪ੍ਰਸ਼ਾਸਨ ਦੇ ਰਵੱਈਏ ’ਤੇ ਕਈ ਤਿੱਖੇ ਸਵਾਲ ਖੜ੍ਹੇ ਕੀਤੇ ਹਨ। ਇਸ ਦੌਰਾਨ ਰਾਸ਼ਟਰੀ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਉਪ-ਚੇਅਰਮੈਨ ਨੇ ਵੀ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ ਹੈ।
ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਸਰਕਾਰ 'ਤੇ ਸਾਧਿਆ ਨਿਸ਼ਾਨਾ:
ਭਾਜਪਾ ਦੇ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਬਰਨਾਲਾ 'ਚ ਇੱਕ ਰੈਲੀ ਕਰਨ ਤੋਂ ਬਾਅਦ ਜ਼ਿਲ੍ਹਾ ਭਾਜਪਾ ਦਫ਼ਤਰ ਦਾ ਉਦਘਾਟਨ ਕੀਤਾ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਧਰਨੇ-ਪ੍ਰਦਰਸ਼ਨਾਂ ਨੂੰ ਨਾਗਰਿਕਾਂ ਦਾ ਲੋਕਤੰਤਰੀ ਹੱਕ ਦੱਸਦੇ ਸਨ, ਪਰ ਅੱਜ ਉਨ੍ਹਾਂ ਦੇ ਹੀ ਰਾਜ ਵਿੱਚ ਆਪਣੀਆਂ ਮੰਗਾਂ ਮੰਗ ਰਹੀਆਂ ਗਰੀਬ ਮਾਵਾਂ-ਭੈਣਾਂ ਅਤੇ ਸਫ਼ਾਈ ਕਰਮਚਾਰੀਆਂ ’ਤੇ ਅੰਨ੍ਹੇਵਾਹ ਡਾਂਗਾਂ ਵਰ੍ਹਾਈਆਂ ਗਈਆਂ ਹਨ।
ਢਿੱਲੋਂ ਨੇ ਦੋਸ਼ ਲਾਇਆ ਕਿ ਲਾਠੀਚਾਰਜ ਕਾਰਨ ਕਈ ਕਰਮਚਾਰੀਆਂ ਦੀਆਂ ਲੱਤਾਂ ਅਤੇ ਮੋਢੇ ਟੁੱਟ ਚੁੱਕੇ ਹਨ, ਪਰ ਸਰਕਾਰੀ ਹਸਪਤਾਲਾਂ ਵਿੱਚ ਐਕਸ-ਰੇ ਮਸ਼ੀਨਾਂ ਬੰਦ ਹੋਣ ਅਤੇ ਡਾਕਟਰਾਂ ਦੀ ਘਾਟ ਕਾਰਨ ਉਨ੍ਹਾਂ ਨੂੰ ਇਲਾਜ ਤੱਕ ਨਹੀਂ ਮਿਲ ਰਿਹਾ। ਭਾਜਪਾ ਆਗੂਆਂ ਨੇ ਆਪਣੇ ਪੱਧਰ 'ਤੇ ਪੀੜਤਾਂ ਦੇ ਇਲਾਜ ਲਈ ਵਿੱਤੀ ਸਹਾਇਤਾ ਦਿੱਤੀ ਅਤੇ ਮੰਗ ਕੀਤੀ ਕਿ ਜ਼ਖ਼ਮੀ ਕਰਮਚਾਰੀਆਂ ਨੂੰ ਤੁਰੰਤ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ ਅਤੇ ਦੋਸ਼ੀ ਅਧਿਕਾਰੀਆਂ 'ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਰਾਸ਼ਟਰੀ ਸਫ਼ਾਈ ਕਰਮਚਾਰੀ ਕਮਿਸ਼ਨ ਵੱਲੋਂ ਜਾਂਚ ਅਤੇ ਕਾਰਵਾਈ:
ਘਟਨਾ ਦਾ ਸੰਗਿਆਨ ਲੈਂਦਿਆਂ ਰਾਸ਼ਟਰੀ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਵਾਈਸ ਚੇਅਰਮੈਨ ਨੇ ਪੀੜਤਾਂ ਨਾਲ ਮੁਲਾਕਾਤ ਕੀਤੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਅਧਿਕਾਰੀਆਂ ਨਾਲ ਉੱਚ-ਪੱਧਰੀ ਬੈਠਕ ਕੀਤੀ। 22 ਜੁਲਾਈ ਨੂੰ ਵਾਪਰੀ ਇਸ ਘਟਨਾ ਨੂੰ "ਇਤਿਹਾਸ ਦਾ ਕਾਲਾ ਦਿਨ" ਕਰਾਰ ਦਿੰਦਿਆਂ ਉਨ੍ਹਾਂ ਦੱਸਿਆ ਕਿ ਕਮਿਸ਼ਨ ਦੇ ਸੁਓ-ਮੋਟੋ ਨੋਟਿਸ 'ਤੇ ਕਾਰਵਾਈ ਕਰਦਿਆਂ ਸਰਕਾਰ ਵੱਲੋਂ ਸੰਬੰਧਿਤ ਡੀ.ਐੱਸ.ਪੀ. ਨੂੰ ਮੁਅੱਤਲ ਅਤੇ ਐੱਸ.ਐੱਚ.ਓ. ਨੂੰ ਲਾਈਨ ਹਾਜ਼ਰ ਕਰਕੇ ਜ਼ਿਲ੍ਹਾ ਤਬਦੀਲ ਕਰ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਦੇ ਡੀ.ਜੀ.ਪੀ. ਵੱਲੋਂ 20-25 ਪੰਨਿਆਂ ਦੀ ਵਿਸਥਾਰਤ ਰਿਪੋਰਟ ਕਮਿਸ਼ਨ ਨੂੰ ਭੇਜੀ ਗਈ ਹੈ। ਪੁਲਿਸ ਵੱਲੋਂ ਦਰਜ ਡੀ.ਡੀ.ਆਰ. (DDR) ਨੂੰ ਐੱਫ.ਆਈ.ਆਰ. (FIR) 'ਚ ਬਦਲਣ ਦੀ ਪ੍ਰਕਿਰਿਆ ਜਾਰੀ ਹੈ ਅਤੇ ਜ਼ਖ਼ਮੀ ਹੋਏ 13 ਕਰਮਚਾਰੀਆਂ ਦੀਆਂ ਐੱਮ.ਐੱਲ.ਆਰ. (MLR) ਰਿਪੋਰਟਾਂ ਮੰਗਵਾਈਆਂ ਗਈਆਂ ਹਨ। ਵਾਈਸ ਚੇਅਰਮੈਨ ਨੇ ਸਪੱਸ਼ਟ ਕੀਤਾ ਕਿ ਘਟਨਾ ਲਈ ਜ਼ਿੰਮੇਵਾਰ ਕਿਸੇ ਵੀ ਦੋਸ਼ੀ (A to Z) ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਜੇਕਰ ਲੋੜ ਪਈ ਤਾਂ ਇਸ ਮੁੱਦੇ ਨੂੰ ਮਾਨਯੋਗ ਸੁਪਰੀਮ ਕੋਰਟ ਤੱਕ ਵੀ ਲਿਜਾਇਆ ਜਾਵੇਗਾ।
- Download Babushahi App
-
-