ਹਿਮਾਚਲ ਹਾਦਸਾ: ਖੱਡ 'ਚ ਗੱਡੀ ਡਿੱਗਣ ਨਾਲ ਇੱਕੋ ਪਰਿਵਾਰ ਦੇ 5 ਜੀਆਂ ਦੀ ਮੌਤ
ਬਾਬੂਸ਼ਾਹੀ ਬਿਊਰੋ
ਚੰਬਾ, 28 ਜੁਲਾਈ 2026: ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਭਰਮੌਰ-ਪਠਾਨਕੋਟ ਰਾਸ਼ਟਰੀ ਰਾਜਮਾਰਗ 'ਤੇ ਲਾਹਾੜ ਪਿੰਡ ਨੇੜੇ ਸੋਮਵਾਰ ਦੇਰ ਰਾਤ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਇੱਕ ਆਲਟੋ ਕੇ-10 ਕਾਰ (HP-48A-8534) ਅਨਿਯੰਤਰਿਤ ਹੋ ਕੇ ਸੜਕ ਤੋਂ ਹੇਠਾਂ ਗਹਿਰੀ ਖਾਈ ਵਿੱਚ ਜਾ ਡਿੱਗੀ, ਜਿਸ ਕਾਰਨ ਕਾਰ ਵਿੱਚ ਸਵਾਰ ਇੱਕੋ ਪਰਿਵਾਰ ਦੇ 5 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਮ੍ਰਿਤਕਾਂ ਵਿੱਚ 3 ਮਹੀਨੇ ਦਾ ਇੱਕ ਮਾਸੂਮ ਬੱਚਾ ਵੀ ਸ਼ਾਮਲ ਹੈ। ਇਹ ਪਰਿਵਾਰ ਬੱਚੇ ਦਾ PGI ਚੰਡੀਗੜ੍ਹ ਤੋਂ ਇਲਾਜ ਕਰਵਾ ਕੇ ਆਪਣੇ ਘਰ ਪਰਤ ਰਿਹਾ ਸੀ।ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ, ਪ੍ਰਸ਼ਾਸਨ ਅਤੇ ਰਾਹਤ ਅਤੇ ਬਚਾਅ ਟੀਮਾਂ ਮੌਕੇ 'ਤੇ ਪਹੁੰਚ ਗਈਆਂ। ਰਾਤ ਦਾ ਸਮਾਂ, ਪਹਾੜੀ ਦੁਰਗਮ ਖੇਤਰ ਅਤੇ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਤੇ ਧੁੰਦ ਕਾਰਨ ਬਚਾਅ ਕਾਰਜ ਵਿੱਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਪਰ ਸਥਾਨਕ ਲੋਕਾਂ ਦੀ ਮਦਦ ਨਾਲ ਲਾਸ਼ਾਂ ਨੂੰ ਖਾਈ 'ਚੋਂ ਬਾਹਰ ਕੱਢਿਆ ਗਿਆ।
ਚੰਬਾ ਦੇ ਪੁਲਿਸ ਸੁਪਰਡੈਂਟ (SP) ਵਿਜੇ ਸਕਲਾਨੀ ਨੇ ਹਾਦਸੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮ੍ਰਿਤਕਾਂ ਦੀ ਸ਼ਨਾਖਤ ਦੀ ਪ੍ਰਕਿਰਿਆ ਅਤੇ ਹੋਰ ਕਾਨੂੰਨੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਖਰਾਬ ਮੌਸਮ, ਫਿਸਲਨ ਅਤੇ ਘੱਟ ਵਿਜ਼ੀਬਿਲਟੀ ਕਾਰਨ ਚਾਲਕ ਦੇ ਵਾਹਨ ਤੋਂ ਕੰਟਰੋਲ ਖੋਹਣ ਦਾ ਖ਼ਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਪੁਲਿਸ ਪ੍ਰਸ਼ਾਸਨ ਨੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਹੈ ਕਿ ਖਰਾਬ ਮੌਸਮ ਅਤੇ ਰਾਤ ਦੇ ਸਮੇਂ ਪਹਾੜੀ ਰਸਤਿਆਂ 'ਤੇ ਬਹੁਤ ਹੀ ਸਾਵਧਾਨੀ ਨਾਲ ਵਾਹਨ ਚਲਾਉਣ।
- Download Babushahi App
-
-