ਪੰਜਾਬ ਯੂਨੀਵਰਸਿਟੀ ਦੀ PhD ਵਿਦਿਆਰਥਣ ਦੀ ਕਰੰਟ ਲੱਗਣ ਨਾਲ ਮੌਤ
ਚੰਡੀਗੜ੍ਹ, 28 ਜੁਲਾਈ 2026: ਚੰਡੀਗੜ੍ਹ ਵਿੱਚ ਲਗਾਤਾਰ ਪੈ ਰਹੇ ਭਾਰੀ ਮੀਂਹ ਦੌਰਾਨ ਇੱਕ ਦਰਦਨਾਕ ਹਾਦਸੇ ਵਿੱਚ ਪੰਜਾਬ ਯੂਨੀਵਰਸਿਟੀ ਦੀ ਪੀਐਚਡੀ ਵਿਦਿਆਰਥਣ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਵਿਦਿਆਰਥਣ ਦੀ ਪਛਾਣ ਜੋਤੀ ਵਜੋਂ ਹੋਈ ਹੈ। ਇਸ ਦੁਖਦਾਈ ਘਟਨਾ ਤੋਂ ਬਾਅਦ ਯੂਨੀਵਰਸਿਟੀ ਅਤੇ ਵਿਦਿਆਰਥੀਆਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ, ਜੋਤੀ ਭਾਰੀ ਮੀਂਹ ਦੌਰਾਨ ਕਿਤੇ ਜਾ ਰਹੀ ਸੀ। ਇਸ ਦੌਰਾਨ ਉਸ ਦਾ ਹੱਥ ਸੜਕ ਕਿਨਾਰੇ ਲੱਗੇ ਬਿਜਲੀ ਦੇ ਖੰਭੇ ਨਾਲ ਲੱਗ ਗਿਆ। ਦੱਸਿਆ ਜਾ ਰਿਹਾ ਹੈ ਕਿ ਮੀਂਹ ਕਾਰਨ ਖੰਭੇ ਵਿੱਚ ਕਰੰਟ ਆ ਗਿਆ ਸੀ, ਜਿਸ ਦੀ ਲਪੇਟ ਵਿੱਚ ਆਉਣ ਨਾਲ ਜੋਤੀ ਬੇਹੋਸ਼ ਹੋ ਕੇ ਸੜਕ 'ਤੇ ਡਿੱਗ ਪਈ।
ਆਸ-ਪਾਸ ਮੌਜੂਦ ਲੋਕਾਂ ਨੇ ਤੁਰੰਤ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਇਲਾਜ ਲਈ ਸੈਕਟਰ-16 ਸਥਿਤ ਸਰਕਾਰੀ ਹਸਪਤਾਲ ਪਹੁੰਚਾਇਆ। ਹਾਲਾਂਕਿ ਡਾਕਟਰਾਂ ਵੱਲੋਂ ਪੂਰੀ ਕੋਸ਼ਿਸ਼ ਕੀਤੀ ਗਈ, ਪਰ ਜਾਂਚ ਤੋਂ ਬਾਅਦ ਉਨ੍ਹਾਂ ਨੇ ਜੋਤੀ ਨੂੰ ਮ੍ਰਿਤਕ ਐਲਾਨ ਦਿੱਤਾ।
ਜੋਤੀ ਪੰਜਾਬ ਯੂਨੀਵਰਸਿਟੀ ਵਿੱਚ ਪੀਐਚਡੀ ਦੀ ਪੜ੍ਹਾਈ ਕਰ ਰਹੀ ਸੀ। ਉਸ ਦੀ ਅਚਾਨਕ ਮੌਤ ਨਾਲ ਪਰਿਵਾਰ, ਸਾਥੀ ਵਿਦਿਆਰਥੀਆਂ ਅਤੇ ਅਧਿਆਪਕਾਂ ਵਿੱਚ ਗਹਿਰਾ ਦੁੱਖ ਹੈ। ਘਟਨਾ ਨੇ ਮੀਂਹ ਦੇ ਮੌਸਮ ਦੌਰਾਨ ਬਿਜਲੀ ਸੁਰੱਖਿਆ ਅਤੇ ਜਨਤਕ ਥਾਵਾਂ 'ਤੇ ਲੱਗੇ ਬਿਜਲੀ ਦੇ ਢਾਂਚਿਆਂ ਦੀ ਸੰਭਾਲ ਨੂੰ ਲੈ ਕੇ ਵੀ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।
- Download Babushahi App
-
-