ਮਿਸ਼ਨ ਪ੍ਰਗਤੀ : ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਮੁਫ਼ਤ ਕੋਚਿੰਗ ਅਤੇ ਫਿਜ਼ੀਕਲ ਟੈਸਟ ਸਬੰਧੀ ਕਰਵਾਈ ਜਾ ਰਹੀ ਤਿਆਰੀ : ਡੀ.ਸੀ.
ਵਿਦਿਆਰਥੀ 0164-2970309 'ਤੇ ਸੰਪਰਕ ਕਰ ਸਕਦੇ ਹਨ
ਅਸ਼ੋਕ ਵਰਮਾ
ਬਠਿੰਡਾ , 29 ਜੁਲਾਈ 2026 :ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਮਿਸ਼ਨ ਪ੍ਰਗਤੀ ਜੋ ਕਿ ਕੇਂਦਰ ਅਤੇ ਰਾਜ ਸਰਕਾਰ ਦੀਆਂ ਵੱਖ-ਵੱਖ ਨੌਕਰੀਆਂ ਲਈ ਹੋਣ ਵਾਲੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਨੌਜਵਾਨਾਂ ਨੂੰ ਮੁਫ਼ਤ ਅਕਾਦਮਿਕ ਅਤੇ ਸਰੀਰਕ ਸਿਖਲਾਈ ਪ੍ਰਦਾਨ ਕਰਨ ਦੀ ਇੱਕ ਨਿਵੇਕਲੀ ਪਹਿਲ ਹੈ, ਜੋ ਨੌਜਵਾਨਾਂ ਲਈ ਵਰਦਾਨ ਸਾਬਤ ਹੋ ਰਹੀ ਹੈ।
ਸ੍ਰੀ ਰਾਜੇਸ਼ ਧੀਮਾਨ, ਡਿਪਟੀ ਕਮਿਸ਼ਨਰ, ਬਠਿੰਡਾ ਨੇ ਦੱਸਿਆ ਕਿ ਮਿਸ਼ਨ ਪ੍ਰਗਤੀ ਤਹਿਤ ਉਮੀਦਵਾਰਾਂ ਨੂੰ ਹਰ ਪੱਖੋਂ ਸਹਿਯੋਗ ਦਿੱਤਾ ਜਾਂਦਾ ਹੈ। ਇਨ੍ਹਾਂ ਵਿੱਚ ਉਹ ਨੌਜਵਾਨ ਵੀ ਸ਼ਾਮਲ ਹਨ ਜੋ ਹੋਣਹਾਰ ਅਤੇ ਪ੍ਰਤਿਭਾਸ਼ਾਲੀ ਹਨ ਪਰ ਉੱਚ ਪੱਧਰੀ ਕੋਚਿੰਗ ਦਾ ਖਰਚਾ ਨਹੀਂ ਝੱਲ ਸਕਦੇ।
ਪਬਲਿਕ ਲਾਇਬ੍ਰੇਰੀ ਵਿਖੇ ਉਮੀਦਵਾਰਾਂ ਨੂੰ ਕੋਚਿੰਗ ਦੇਣ ਲਈ ਉੱਚ ਯੋਗਤਾ ਵਾਲੇ ਅਧਿਆਪਕ ਨਿਯੁਕਤ ਕੀਤੇ ਗਏ ਹਨ। ਨੌਜਵਾਨਾਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਲੋੜੀਂਦੀ ਪੜ੍ਹਾਈ ਲਈ ਕਿਤਾਬਾਂ ਵੀ ਲਾਇਬ੍ਰੇਰੀ ਵਿੱਚ ਉਪਲਬਧ ਕਰਵਾਈਆਂ ਜਾਂਦੀਆਂ ਹਨ। ਲਾਇਬ੍ਰੇਰੀ ਵਿੱਚ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੇ ਸਾਰੇ ਵਿਸ਼ਿਆਂ ਨਾਲ ਸਬੰਧਤ ਕਈ ਕਿਤਾਬਾਂ ਉਪਲਬਧ ਹਨ ਤਾਂ ਜੋ ਕਿਸੇ ਵੀ ਉਮੀਦਵਾਰ ਨੂੰ ਪੜ੍ਹਾਈ ਲਈ ਸਮੱਗਰੀ ਦੀ ਘਾਟ ਦਾ ਸਾਹਮਣਾ ਨਾ ਕਰਨਾ ਪਵੇ।
ਪਬਲਿਕ ਲਾਇਬ੍ਰੇਰੀ ਦੀ ਇੰਚਾਰਜ ਸਵਰਨਜੀਤ ਕੌਰ ਨੇ ਦੱਸਿਆ ਕਿ ਉਮੀਦਵਾਰਾਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਜਨਰਲ ਨੌਲਿਜ, ਗਣਿਤ, ਰੀਜ਼ਨਿੰਗ, ਪੰਜਾਬੀ ਅਤੇ ਅੰਗਰੇਜ਼ੀ ਦੀ ਸਿਖਲਾਈ ਦਿੱਤੀ ਜਾਂਦੀ ਹੈ। ਪੂਰਾ ਮਡਿਊਲ 90 ਦਿਨਾਂ ਦੀ ਮਿਆਦ ਵਿੱਚ ਤਿਆਰ ਕੀਤਾ ਗਿਆ ਹੈ। ਇਸ ਸਮੇਂ ਮਿਸ਼ਨ ਪ੍ਰਗਤੀ ਤਹਿਤ ਤੀਜੇ ਬੈਚ ਦੇ ਲਗਭਗ 70 ਵਿਦਿਆਰਥੀ ਕੋਚਿੰਗ ਲੈ ਰਹੇ ਹਨ। ਬਠਿੰਡਾ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਇਲਾਵਾ ਗੰਗਾਨਗਰ ਤੋਂ ਵੀ ਵਿਦਿਆਰਥੀ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਹਨ। ਗੰਗਾਨਗਰ ਦੀ ਆਰਜ਼ੂ ਨੇ ਦੱਸਿਆ ਕਿ ਪਹਿਲਾਂ ਉਹ ਆਨਲਾਈਨ ਉਪਲੱਬਧ ਸਮੱਗਰੀ ਰਾਹੀਂ ਤਿਆਰੀ ਕਰਦੀ ਸੀ, ਪਰ ਕਲਾਸਾਂ ਲੈਣ ਤੋਂ ਬਾਅਦ ਉਸ ਨੂੰ ਸਿਲੇਬਸ ਬਾਰੇ ਸਪੱਸ਼ਟ ਦਿਸ਼ਾ ਮਿਲੀ ਹੈ। ਉਸ ਦੇ ਨਾਲ ਆਏ
ਲਾਇਬ੍ਰੇਰੀ ਵਿਦਿਆਰਥੀਆਂ ਨੂੰ ਸ਼ਾਂਤ ਅਤੇ ਪੜ੍ਹਾਈ ਲਈ ਅਨੁਕੂਲ ਮਾਹੌਲ ਵੀ ਦਿੰਦੀ ਹੈ, ਜਿਸ ਨਾਲ ਨੌਜਵਾਨਾਂ ਵਿੱਚ ਅਕਾਦਮਿਕ ਸੱਭਿਆਚਾਰ ਨੂੰ ਉਤਸ਼ਾਹ ਮਿਲਦਾ ਹੈ। ਲਾਇਬ੍ਰੇਰੀ ਦੀਆਂ ਕਿਤਾਬਾਂ ਅਤੇ ਇੱਥੋਂ ਦਾ ਮਾਹੌਲ ਅਬੋਹਰ, ਜਲਾਲਾਬਾਦ, ਫਰੀਦਕੋਟ, ਮਾਨਸਾ, ਸ੍ਰੀ ਮੁਕਤਸਰ ਸਾਹਿਬ ਅਤੇ ਬਠਿੰਡਾ ਤੋਂ ਵਿਦਿਆਰਥੀਆਂ ਲਈ ਖਿੱਚ ਦਾ ਕੇਂਦਰ ਹੈ, ਜੋ ਇੱਥੇ ਨਿਯਮਿਤ ਤੌਰ 'ਤੇ ਪੜ੍ਹਨ ਲਈ ਆਉਂਦੇ ਹਨ।
ਜਿੱਥੇ ਪਬਲਿਕ ਲਾਇਬ੍ਰੇਰੀ ਵਿੱਚ ਮੁਫ਼ਤ ਲਿਖਤੀ ਕੋਚਿੰਗ ਕਲਾਸਾਂ ਚਲਾਈਆਂ ਜਾਂਦੀਆਂ ਹਨ, ਉੱਥੇ ਹੀ ਸ਼ਹੀਦ ਭਗਤ ਸਿੰਘ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਨੌਜਵਾਨਾਂ ਨੂੰ ਮੁਫ਼ਤ ਸਰੀਰਕ ਸਿਖਲਾਈ ਵੀ ਦਿੱਤੀ ਜਾਂਦੀ ਹੈ। ਸਮਰਪਤ ਸਰਕਾਰੀ ਕੋਚ ਭਾਰਤੀ ਫੌਜ, ਪੁਲਿਸ ਅਤੇ ਹੋਰ ਅਜਿਹੀਆਂ ਨੌਕਰੀਆਂ ਲਈ ਉਮੀਦਵਾਰਾਂ ਨੂੰ ਸਿਖਲਾਈ ਦਿੰਦੇ ਹਨ, ਜਿਨ੍ਹਾਂ ਵਿੱਚ ਸਰੀਰਕ ਯੋਗਤਾ ਟੈਸਟ ਲਾਜ਼ਮੀ ਹੁੰਦੇ ਹਨ। ਇਹ ਸਿਖਲਾਈ ਨੌਜਵਾਨਾਂ ਨੂੰ ਸੰਬੰਧਿਤ ਕੈਡਰ ਦੀ ਭਰਤੀ ਲਈ ਲੋੜੀਂਦੇ ਨਿਯਮਾਂ ਅਤੇ ਮਾਪਦੰਡਾਂ ਅਨੁਸਾਰ ਤਿਆਰ ਕਰਨ ਵਿੱਚ ਵਿਸ਼ੇਸ਼ ਤੌਰ 'ਤੇ ਮਦਦਗਾਰ ਸਾਬਤ ਹੁੰਦੀ ਹੈ। ਸਟੇਡੀਅਮ ਵਿੱਚ ਸੀ-ਪਾਈਟ, ਖੇਡ ਵਿਭਾਗ ਅਤੇ ਪੁਲਸ ਦੇ ਕੋਚ ਅਗਨੀਵੀਰ, ਭਾਰਤੀ ਫੌਜ, ਪੰਜਾਬ ਪੁਲਿਸ ਆਦਿ ਦੀ ਭਰਤੀ ਲਈ ਹੋਣ ਵਾਲੇ ਸਰੀਰਕ ਟੈਸਟਾਂ ਦੀ ਸਿਖਲਾਈ ਦਿੰਦੇ ਹਨ।
ਦਾਖਲੇ ਅਤੇ ਹੋਰ ਜਾਣਕਾਰੀ ਲਈ ਵਿਦਿਆਰਥੀ 0164-2970309 'ਤੇ ਸੰਪਰਕ ਕਰ ਸਕਦੇ ਹਨ।
- Download Babushahi App
-
-