ਜਨਤਕ ਜਥੇਬੰਦੀਆਂ ਵੱਲੋਂ ਸਫਾਈ ਕਰਮਚਾਰੀਆਂ ਦੇ ਪੰਜਾਬ ਬੰਦ ਦੀ ਹਮਾਇਤ ਦਾ ਐਲਾਨ
ਅਸ਼ੋਕ ਵਰਮਾ
ਮਾਨਸਾ, 29 ਜੁਲਾਈ 2026 :ਅੱਜ ਬਾਬਾ ਬੂਝਾ ਸਿੰਘ ਭਵਨ ਮਾਨਸਾ ਵਿਖੇ ਵੱਖ ਵੱਖ ਜਨਤਕ ਜਥੇਬੰਦੀਆਂ ਦੀ ਮੀਟਿੰਗ ਹੋਈ ਜਿਸ ਵਿਚ ਆਲ ਇੰਡੀਆ ਸੈਂਟਰਲ ਕੌਂਸਲ ਆਫ ਟਰੇਡ ਯੂਨੀਅਨ ਦੇ ਪ੍ਰਧਾਨ ਕਾਮਰੇਡ ਰਾਜਵਿੰਦਰ ਰਾਣਾ, ਸਫਾ਼ਾਈ ਸੇਵਕ ਯੂਨੀਅਨ ਦੇ ਸੁਖਦੇਵ , ਪ੍ਰਵੀਨ ਰੱਤੀ , ਮੁਕੇਸ਼ ਕੁਮਾਰ,ਮਜ਼ਦੂਰ ਮੁਕਤੀ ਮੋਰਚਾ ਦੇ ਜਿ਼ਲ੍ਹਾ ਪ੍ਰਧਾਨ ਬਲਵਿੰਦਰ ਘਰਾਗਣਾ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਆਗੂ ਗੁਰਜੰਟ ਸਿੰਘ ਮਾਨਸਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਦਲਜੀਤ ਸਿੰਘ, ਲਾਲ ਝੰਡਾ ਭੱਠਾ ਮਜ਼ਦੂਰ ਯੂਨੀਅਨ ਦੇ ਆਗੂ ਗੁਰਸੇਵਕ ਮਾਨ, ਭਾਰਤੀ ਕਿਸਾਨ ਯੂਨੀਅਨ ਅਜਾ਼ਾਦ ਦੇ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਭੈਣੀਬਾਘਾ ਡੀ ਟੀ ਐਫ ਦੇ ਆਗੂ ਕਰਮਜੀਤ ਸਿੰਘ ਤਾਮਕੋਟ , ,ਬਿਜਲੀ ਬੋਰਡ ਪੈਨਸ਼ਨਰ ਐਸੋਸੀਏਸ਼ਨ ਦੇ ਆਗੂ ਜਗਰਾਜ ਰੱਲਾ, ਲਿਬਰੇਸ਼ਨ ਪਾਰਟੀ ਦੇ ਜਿਲ੍ਹਾ ਸਕੱਤਰ ਸੁਰਿੰਦਰ ਸ਼ਰਮਾਂ, ਇੰਨਕਲਾਬੀ ਨੌਜਵਾਨ ਸਭਾ ਦੇ ਪ੍ਰਧਾਨ ਬਲਜਿੰਦਰ ਬੱਬੀ ਸ਼ਾਮਿਲ ਹੋਏ। ਸ ਇਸ ਮੀਟਿੰਗ ਵਿੱਚ ਸਫਾਈ ਕਾਮਿਆਂ ਦੇ 30 ਜੁਲਾਈ ਨੂੰ ਪੰਜਾਬ ਬੰਦ ਦੇ ਸੱਦੇ ਦੀ ਹਮਾਇਤ ਦਾ ਐਲਾਨ ਕਰਦਿਆਂ ਆਗੂਆਂ ਨੇ ਕਿਹਾ ਕਿ ਸਫਾਈ ਕਾਮੇ ਹੱਦੋਂ ਵੱਧ ਭੈੜੀਆਂ ਜੀਵਨ ਹਾਲਤਾਂ ਦਾ ਸ਼ਿਕਾਰ ਹਨ। ਗੰਦਗੀ ਸਾਫ ਕਰਨ ਦਾ ਕੰਮ ਉਹਨਾਂ ਨੂੰ ਬੇਹੱਦ ਘੱਟ ਤਨਖਾਹਾਂ ਉੱਤੇ ਬਿਨਾਂ ਕਿਸੇ ਸੁਰੱਖਿਆ ਪ੍ਰਬੰਧਾਂ ਤੇ ਮਸ਼ੀਨਾਂ ਤੋਂ ਕਰਨਾ ਪੈਂਦਾ ਹੈ।ਜਿਸ ਕਾਰਨ ਕੱਲ ਵੀ ਪਟਿਆਲਾ ਦੇ ਵਿਕਾਸ ਨਗਰ ਵਿਚ ਦੋ ਸਫਾ਼ਾਈ ਕਾਮਿਆਂ ਦੀ ਗੈਸ ਚੜ੍ਹਨ ਕਾਰਨ ਮੌਤ ਹੋ ਚੁੱਕੀ ਹੈ ਅਤੇ ਪਿਛਲੇ ਦਹਾਕੇ ਦੌਰਾਨ 27 ਦੇ ਕਰੀਬ ਸੀਵਰ ਮੈਨ ਸਫਾ਼ਾਈ ਕਾਮੇ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ। ਸਾਲਾ ਵੱਧੀ ਕੰਮ ਕਰਨ ਦੇ ਬਾਵਜੂਦ ਅਤੇ ਸਫਾ਼ਾਈ ਕਾਮਿਆਂ ਵੱਲੋਂ ਵਾਰ-ਵਾਰ ਮੰਗ ਕਰਨ ਦੇ ਬਾਵਜੂਦ ਪੱਕਾ ਨਹੀਂ ਕੀਤਾ ਜਾਂਦਾ ਅਤੇ ਮੁਆਵਜਾ, ਇਲਾਜ ਤੇ ਹੋਰ ਸਹੂਲਤਾਂ ਨਹੀਂ ਦਿੱਤੀਆਂ ਜਾਂਦੀਆਂ। ਉਨ੍ਹਾਂ ਕਿਹਾ ਕਿ ਉਹਨਾਂ ਨੂੰ ਸਫਾਈ ਲਈ ਗਟਰਾਂ ਤੱਕ ਵਿੱਚ ਉੱਤਰਨਾ ਪੈਂਦਾ ਹੈ। ਅਜਿਹੀ ਹਾਲਤ ਵਿੱਚ ਸੜਕਾਂ ਉੱਤੇ ਆ ਕੇ ਆਵਾਜ ਉਠਾਉਣ ਲਈ ਸਫ਼ਾਈ ਕਾਮਿਆਂ ਨੇ ਹੜਤਾਲ ਕਰਕੇ ਸ਼ਾਂਤਮਈ ਸੰਘਰਸ਼ ਦਾ ਰਾਹ ਅਪਣਾਇਆ ਪਰ ਹੱਕੀ ਮੰਗਾਂ ਦੀ ਸੁਣਵਾਈ ਕਰਨ ਦੀ ਥਾਂ ਪਿਛਲੀਆਂ ਸਰਕਾਰਾਂ ਵਾਂਗ ਭਗਵੰਤ ਮਾਨ ਦੀ ਸਰਕਾਰ ਨੇ 22 ਜੁਲਾਈ ਨੂੰ ਬਰਨਾਲਾ ਵਿਖੇ ਸ਼ਾਂਤੀਪੂਰਣ ਸੰਘਰਸ਼ ਕਰ ਰਹੇ ਸਫਾਈ ਕਾਮਿਆਂ ਉੱਤੇ ਪੁਲਿਸ ਨੇ ਲਾਠੀਚਾਰਜ ਕੀਤਾ । ਆਗੂਆਂ ਨੇ ਮੰਗ ਕੀਤੀ ਕਿ ਲਾਠੀਚਾਰਜ ਕਰਨ ਵਾਲੇ ਡੀ ਐਸ ਪੀ ਨੂੰ ਬਰਖਾਸਤ ਕਰਕੇ ਪਰਚਾ ਦਰਜ਼ ਕੀਤਾ ਜਾਵੇ ਸਫਾਈ ਕਾਮੇ ਪੱਕੇ ਕੀਤੇ ਜਾਣ ,ਉਨ੍ਹਾਂ ਨੂੰ, ਗੁਜਾਰੇਯੋਗ ਤਨਖਾਹਾਂ, ਸੁਰੱਖਿਆ ਤੇ ਇਲਾਜ ਦੇ ਢੁੱਕਵੇਂ ਪ੍ਰਬੰਧ, ਢੁੱਕਵਾਂ ਮੁਆਵਜਾ ਆਦਿ ਮੰਗਾਂ ਤੁਰੰਤ ਮੰਨੀਆਂ ਜਾਣ ।
- Download Babushahi App
-
-