ਨਵੇਂ ਰਾਸ਼ਨ ਕਾਰਡ ਬਣਾਉਣ ਜਾਂ ਮੌਜੂਦਾ ਰਾਸ਼ਨ ਕਾਰਡਾਂ ਵਿੱਚ ਮੈਂਬਰ ਸ਼ਾਮਲ ਕਰਨ ਦਾ ਕੰਮ ਸ਼ੁਰੂ : DC ਬਠਿੰਡਾ
ਅਸ਼ੋਕ ਵਰਮਾ
ਬਠਿੰਡਾ, 22 ਜੁਲਾਈ 2026 : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵਲੋਂ ਕੀਤੀ ਗਈ ਘੋਸ਼ਣਾ ਅਤੇ ਰਾਜ ਸਰਕਾਰ ਵਲੋਂ ਲਏ ਫੈਸਲੇ ਅਨੁਸਾਰ ਨੈਸ਼ਨਲ ਫੂਡ ਸਿਕਿਊਰਿਟੀ ਐਕਟ, 2013/ ਸਮਾਰਟ ਰਾਸ਼ਨ ਕਾਰਡ ਸਕੀਮ ਹੇਠ ਨਵੇਂ ਰਾਸ਼ਨ ਕਾਰਡ ਬਨਾਉਣ ਅਤੇ ਮੌਜੂਦਾ ਰਾਸ਼ਨ ਕਾਰਡਾਂ ਵਿੱਚ ਮੈਂਬਰ ਸ਼ਾਮਲ ਕਰਨ ਲਈ ਆਨਲਾਇਨ ਅਰਜ਼ੀਆਂ ਪ੍ਰਾਪਤ ਕੀਤੀਆਂ ਜਾਣੀਆਂ ਹਨ। ਇਸ ਪਹਿਲਕਦਮੀ ਦਾ ਮੁੱਖ ਮੰਤਵ ਇਹ ਯਕੀਨੀ ਬਣਾਉਣਾ ਹੈ ਕਿ ਯੋਗ ਪਰਿਵਾਰਾਂ/ਲਾਭਪਾਤਰੀਆਂ ਨੂੰ ਇੱਕ ਪਾਰਦਰਸ਼ੀ, ਨਿਰਪੱਖ ਅਤੇ ਤਕਨਾਲੋਜੀ-ਅਧਾਰਿਤ ਪ੍ਰਕਿਰਿਆ ਰਾਹੀਂ ਸ਼ਾਮਲ ਕੀਤਾ ਜਾਵੇ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਨਵੇਂ ਰਾਸ਼ਨ ਕਾਰਡ ਬਣਾਉਣ ਜਾਂ ਮੌਜੂਦਾ ਰਾਸ਼ਨ ਕਾਰਡਾਂ ਵਿੱਚ ਮੈਂਬਰ ਸ਼ਾਮਲ ਕਰਨ ਲਈ ਫਾਰਮ - ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ਵਿੱਚ ਵਿਭਾਗੀ ਵੈਬਸਾਇਟ - http://foodsuppb.gov.in ਤੋਂ ਡਾਉਨਲੋਡ ਕੀਤੇ ਜਾ ਸਕਦੇ ਹਨ। ਬਿਨੈਕਾਰ ਫਾਰਮ ਭਰਨ ਤੋਂ ਪਹਿਲਾਂ ਫਾਰਮ ਦੇ ਨਾਲ ਦਿੱਤੀਆਂ ਹਦਾਇਤਾਂ ਨੂੰ ਧਿਆਨ ਨਾਲ ਪੜ੍ਹਨ ਅਤੇ ਲੋੜੀਂਦੇ ਦਸਤਾਵੇਜ਼ਾਂ ਸਮੇਤ ਹੀ ਮੁਕੰਮਲ ਅਰਜ਼ੀ ਜਮ੍ਹਾਂ ਕਰਵਾਉਣ। ਬਿਨੈਕਾਰ ਆਪਣੀਆਂ ਅਰਜ਼ੀਆਂ ਨਜ਼ਦੀਕੀ ਸੇਵਾ ਕੇਂਦਰ/ਕਾਮਨ ਸਰਵਿਸ ਸੈਂਟਰ (ਸੀ.ਐੱਸ.ਸੀ) ਜਾ ਕੇ ਅਨਲਾਇਨ ਜਮ੍ਹਾਂ ਕਰਵਾ ਸਕਦਾ ਹੈ। ਸੇਵਾ ਕੇਂਦਰ/ਸੀ.ਐੱਸ.ਸੀ. ਰਾਹੀਂ ਅਰਜ਼ੀ ਸਫਲਤਾਪੂਰਵਕ ਜਮ੍ਹਾਂ ਹੋਣ 'ਤੇ ਬਿਨੈਕਾਰ ਨੂੰ 100/-ਰੁਪਏ ਪ੍ਰਤੀ ਫਾਰਮ ਪ੍ਰੋਸੈਸਿੰਗ ਫੀਸ ਵੀ ਜਮ੍ਹਾਂ ਕਰਵਾਉਣੀ ਪਵੇਗੀ। ਬਿਨੈਕਾਰ ਆਪਣੀ ਅਰਜ਼ੀ ਖੁਦ ਵੀ ਸਿੱਧੇ ਤੌਰ ਤੇ https://ercms.punjab.gov.in ਪੋਰਟਲ ਰਾਹੀਂ ਆਨਲਾਈਨ ਜਮ੍ਹਾਂ ਕਰਵਾ ਸਕਦੇ ਹਨ ਅਤੇ ਫਾਰਮ ਆਨਲਾਈਨ ਜਮ੍ਹਾਂ ਕਰਵਾਉਣ ਲਈ ਬਿਨੈਕਾਰ ਨੂੰ ਕੋਈ ਵੀ ਫੀਸ ਨਹੀਂ ਦੇਣੀ ਪਵੇਗੀ। ਇਸ ਤੋਂ ਇਲਾਵਾ ਬਿਨੈਕਾਰ ਆਪਣਾ ਫਾਰਮ - ਸਮੇਤ ਦਸਤਾਵੇਜ਼ ਅਤੇ 100/- ਰੁਪਏ ਪ੍ਰਤੀ ਫਾਰਮ ਫੀਸ - ਸਬੰਧਤ ਜ਼ਿਲ੍ਹਾ ਕੰਟਰੋਲਰ, ਖੁਰਾਕ ਸਿਵਲ ਸਪਲਾਇਜ਼ ਅਤੇ ਖਪਤਕਾਰ ਮਾਮਲੇ ਦੇ ਜ਼ਿਲ੍ਹਾ ਦਫਤਰ ਵਿਖੇ ਵੀ ਜਮ੍ਹਾਂ ਕਰਵਾ ਸਕਦਾ ਹੈ।
ਫਾਰਮ ਸਫਲਤਾਪੂਰਵਕ ਆਨਲਾਇਨ ਜਮ੍ਹਾਂ ਹੋਣ ਤੇ ਬਿਨੈਕਾਰ ਨੂੰ ਉਸਦੇ ਮੋਬਾਇਲ ਨੰਬਰ ਤੇ ਫਾਰਮ ਪ੍ਰਾਪਤੀ ਦਾ ਮੈਸਜ ਸਮੇਤ ਰਸੀਦ ਨੰਬਰ ਪ੍ਰਾਪਤ ਹੋਵੇਗਾ। ਅਰਜੀਆਂ 11 ਅਗਸਤ ਤੱਕ ਹੀ ਪ੍ਰਾਪਤ ਕੀਤੀਆਂ ਜਾਣਗੀਆਂ ਅਤੇ ਬਿਨੈਕਾਰ ਕਿਸੇ ਵੀ ਕੰਮਕਾਜੀ ਦਿਨ ਦੌਰਾਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਆਨਲਾਇਨ ਵਿਧੀ ਰਾਹੀਂ ਸੇਵਾ ਕੇਂਦਰ/ਸੀ.ਐੱਸ.ਸੀ. 'ਤੇ ਜਾਂ ਆਫਲਾਇਨ ਵਿਧੀ ਰਾਹੀਂ ਜ਼ਿਲ੍ਹਾ ਕੰਟਰੋਲਰ, ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਦੇ ਜ਼ਿਲ੍ਹਾ ਦਫਤਰ ਵਿਖੇ ਫਾਰਮ ਜਮ੍ਹਾਂ ਕਰਵਾ ਸਕਦਾ ਹੈ।
ਵਧੇਰੇ ਜਾਣਕਾਰੀ ਲਈ ਬਿਨੈਕਾਰ ਜ਼ਿਲ੍ਹਾ ਖੁਰਾਕ, ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਦਫ਼ਤਰ, ਕਮਰਾ ਨੰਬਰ 108, ਗ੍ਰਾਉਂਡ ਫਲੋਰ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਠਿੰਡਾ ਵਿਖੇ ਜਾਂ ਨਜ਼ਦੀਕੀ ਸੇਵਾ ਕੇਂਦਰ/ਸੀ.ਐੱਸ.ਸੀ. ਨਾਲ ਸੰਪਰਕ ਕਰ ਸਕਦੇ ਹਨ।
- Download Babushahi App
-
-