ਮਜ਼ਦੂਰ ਮਸਲੇ ਹੱਲ ਕਰਨ 'ਚ ਨਕਾਮੀ ਖਿਲਾਫ ਜਲੰਧਰ ਧਰਨੇ ਦੀ ਤਿਆਰੀ ਲਈ ਮੁਹਿੰਮ ਵਿੱਢਣ ਦਾ ਐਲਾਨ
ਭਗਵੰਤ ਮਾਨ ਸਰਕਾਰ ਮਜ਼ਦੂਰ ਮਸਲੇ ਹੱਲ ਕਰਨ 'ਚ ਨਾਕਾਮ - ਸੇਵੇਵਾਲਾ
ਅਸ਼ੋਕ ਵਰਮਾ
ਲੰਬੀ ,22 ਜੁਲਾਈ 2026 : ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਪਿੰਡ ਸਿੰਘੇਵਾਲਾ ਵਿਖੇ ਸਰਗਰਮ ਆਗੂਆਂ ਦੀ ਮੀਟਿੰਗ ਕਰਕੇ ਭਖਦੀਆਂ ਮਜ਼ਦੂਰ ਮੰਗਾਂ ਨੂੰ ਲੈ ਕੇ 5 ਜੁਲਾਈ ਨੂੰ ਸਾਂਝੇ ਮਜ਼ਦੂਰ ਮੋਰਚੇ ਵੱਲੋਂ ਜਲੰਧਰ ਵਿਖੇ ਦਿੱਤੇ ਜਾ ਰਹੇ ਧਰਨੇ ਅਤੇ ਮੁੱਖ ਮੰਤਰੀ ਦੀ ਜਲੰਧਰ ਸਥਿਤ ਵੱਲ ਮਾਰਚ ਕਰਨ ਦੇ ਸੱਦੇ ਨੂੰ ਸਫਲ ਬਣਾਉਣ ਲਈ ਇਲਾਕੇ ਦੇ ਪਿੰਡਾਂ 'ਚ ਮੁਹਿੰਮ ਵਿੱਢਣ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਇਕੱਠੇ ਹੋਏ ਮਜ਼ਦੂਰ ਆਗੂਆਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਦੋਸ਼ ਲਾਇਆ ਕਿ ਭਗਵੰਤ ਮਾਨ ਸਰਕਾਰ ਕੇਂਦਰ ਦੀ ਮੋਦੀ ਹਕੂਮਤ ਵਾਂਗ ਮਜ਼ਦੂਰ ਤੇ ਲੋਕ ਵਿਰੋਧੀ ਨੀਤੀਆਂ ਲਾਗੂ ਕਰ ਰਹੀ ਹੈ। ਉਹਨਾਂ ਆਖਿਆ ਕਿ ਆਪ ਸਰਕਾਰ ਮਨਰੇਗਾ ਦਾ ਕੰਮ ਦੇਣ, ਲਾਲ ਲਕੀਰ ਅੰਦਰਲੇ ਘਰਾਂ ਦੇ ਮਾਲਕੀ ਹੱਕ ਦੇਣ, ਨਸ਼ਾ ਖਤਮ ਕਰਨ, ਪੈਨਸ਼ਨਾਂ ਦੀ ਰਾਸ਼ੀ ਵਧਾਉਣ, ਖੁਦਕੁਸ਼ੀ ਪੀੜਤਾਂ ਦੀ ਬਾਂਹ ਫੜਨ ਅਤੇ ਜ਼ਮੀਨੀ ਹੱਦਬੰਦੀ ਕਾਨੂੰਨ ਲਾਗੂ ਕਰਨ ਆਦਿ ਮਸਲੇ ਹੱਲ ਕਰਨ 'ਚ ਬੁਰੀ ਤਰ੍ਹਾਂ ਨਕਾਮ ਸਾਬਤ ਹੋਈ ਹੈ।
ਉਹਨਾਂ ਆਖਿਆ ਕਿ ਔਰਤਾਂ ਨੂੰ ਹਜ਼ਾਰ ਰੁਪਏ ਦੇਣ ਦੇ ਮਾਮਲੇ 'ਚ ਵੀ ਆਪ ਸਰਕਾਰ ਵੱਲੋਂ ਕੁੱਝ ਕੁ ਮਹੀਨਿਆਂ ਦੇ ਪੈਸੇ ਦੇ ਕੇ ਔਰਤਾਂ ਨਾਲ ਧੋਖਾ ਕੀਤਾ ਗਿਆ ਅਤੇ ਲੱਗਭਗ ਚਾਰ ਸਾਲ ਦੇ ਪੈਸੇ ਦੇਣ ਤੋਂ ਕੰਨੀ ਕਤਰਾ ਗਈ ਹੈ। ਉਹਨਾਂ ਦੋਸ਼ ਲਾਇਆ ਕਿ ਆਪ ਦੇ ਰਾਜ਼ ਚ ਨਸ਼ੇ ਦੀ ਅਲਾਮਤ ਹੋਰ ਵੀ ਗੰਭੀਰ ਰੂਪ ਧਾਰਨ ਕਰ ਗਈ ਹੈ ਅਤੇ ਨਸ਼ਿਆਂ ਕਾਰਨ ਆਏ ਦਿਨ ਨੌਜਵਾਨਾਂ ਦੀਆਂ ਮੌਤਾਂ ਆਮ ਵਰਤਾਰਾ ਬਣ ਚੁੱਕਿਆ ਹੈ, ਪਰ ਆਪ ਸਰਕਾਰ ਨਸ਼ੇ ਦੇ ਥੋਕ ਵਪਾਰੀਆਂ ਤੇ ਥੋਕ ਸਮਗਲਰਾਂ ਨੂੰ ਨੱਥ ਪਾਉਣ ਦੀ ਥਾਂ ਨਸ਼ੇ ਤੋਂ ਪੀੜਤਾਂ ਨੂੰ ਗਿਰਫ਼ਤਾਰ ਕਰਕੇ ਅੰਕੜਿਆਂ ਦੀ ਜਾਦੂਗਰੀ ਰਾਹੀਂ ਲੋਕਾਂ ਦੇ ਅੱਖੀਂ ਘੱਟਾ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਉਹਨਾਂ ਮਜ਼ਦੂਰ ਆਗੂਆਂ ਨੂੰ ਸੱਦਾ ਦਿੱਤਾ ਕਿ ਉਹ ਖੇਤ ਮਜ਼ਦੂਰਾਂ ਨੂੰ ਆਪ ਸਰਕਾਰ ਦੀ ਨਖਿੱਧ ਤੇ ਧੋਖੇ ਭਰੀ ਕਾਰਗੁਜ਼ਾਰੀ ਤੋਂ ਜਾਣੂ ਤੇ ਚੇਤਨ ਕਰਨ ਲਈ ਪਿੰਡ ਪਿੰਡ ਚੇਤਨਾ ਤੇ ਲਾਮਬੰਦੀ ਮੁਹਿੰਮ ਵਿੱਢਣ। ਇਸ ਮੌਕੇ ਹਾਜ਼ਰ ਮਜ਼ਦੂਰ ਆਗੂ ਕਾਲਾ ਸਿੰਘ ਖੂਨਣ ਖੁਰਦ ਤੇ ਰਾਮਪਾਲ ਗੱਗੜ ਸਮੇਤ ਹਾਜਰ ਆਗੂਆਂ ਨੇ ਪੰਜ ਅਗਸਤ ਦੇ ਸਾਂਝੇ ਧਰਨੇ ਦੀ ਸਫਲਤਾ ਲਈ ਪਿੰਡਾਂ 'ਚ ਮੀਟਿੰਗਾਂ ਤੇ ਰੈਲੀਆਂ ਰਾਹੀ ਮਜ਼ਦੂਰਾਂ ਨੂੰ ਲਾਮਬੰਦ ਕਰਨ ਦਾ ਫੈਸਲਾ ਕੀਤਾ ਗਿਆ। ਮੀਟਿੰਗ ਦੌਰਾਨ ਮਤਾ ਪਾਸ ਕਰਕੇ ਦਿੱਲੀ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਵਿਦਿਆਰਥੀਆਂ 'ਤੇ ਪੁਲਿਸ ਵੱਲੋਂ ਢਾਹੇ ਜ਼ਬਰ ਦੀ ਨਿਖੇਧੀ ਦਾ ਮਤਾ ਪਾਸ ਕੀਤਾ ਗਿਆ। ਦੂਸਰੇ ਮਤੇ ਰਾਹੀਂ ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤੇ ਨੂੰ ਕਿਸਾਨਾਂ ਦੇ ਨਾਲ ਖੇਤ ਮਜ਼ਦੂਰਾਂ ਤੇ ਸਮੂਹ ਖਪਤਕਾਰਾਂ ਲਈ ਮਾਰੂ ਕਰਾਰ ਦਿੰਦਿਆਂ ਇਹ ਵਾਰਤਾ ਰੱਦ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਬਲਾਕ ਪ੍ਰਧਾਨ ਕਾਲਾ ਸਿੰਘ ਸਿੰਘੇਵਾਲਾ, ਮਹਿਲਾ ਮਜ਼ਦੂਰ ਆਗੂ ਕਿਰਸ਼ਨਾ ਦੇਵੀ ਤੇ ਮੱਖਣ ਸਿੰਘ ਆਦਿ ਆਗੂ ਹਾਜ਼ਰ ਸਨ।
- Download Babushahi App
-
-