ਗਲੋਬਲ ਸ਼ੇਪਰਸ ਚੰਡੀਗੜ੍ਹ ਹੱਬ ਅਤੇ AIC ISB ਮੋਹਾਲੀ ਨੇ ਕਰਵਾਇਆ ਸਮਾਗਮ
ਬਾਬੂਸ਼ਾਹੀ ਬਿਊਰੋ
ਮੋਹਾਲੀ, 18 ਜੁਲਾਈ 2026: ਮੋਹਾਲੀ ਸਥਿਤ ਇੰਡੀਅਨ ਸਕੂਲ ਆਫ਼ ਬਿਜ਼ਨਸ (ISB) ਵਿੱਚ ਗਲੋਬਲ ਸ਼ੇਪਰਸ ਚੰਡੀਗੜ੍ਹ ਹੱਬ (ਵਰਲਡ ਇਕਨਾਮਿਕ ਫੋਰਮ ਦੀ ਪਹਿਲ) ਅਤੇ AIC ISB ਮੋਹਾਲੀ ਦੇ ਸਾਂਝੇ ਉਪਰਾਲੇ ਨਾਲ “Meet the Leader: Punjab 2035 – Equipping Gen Z for the Next Economic Revolution” ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਪੰਜਾਬ ਅਤੇ ਚੰਡੀਗੜ੍ਹ ਦੇ ਪ੍ਰਮੁੱਖ ਉਦਯੋਗਪਤੀਆਂ, ਸਟਾਰਟਅੱਪ ਫਾਊਂਡਰਾਂ, ਟੈਕਨੋਲੋਜੀ ਲੀਡਰਾਂ ਅਤੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਹਿੱਸਾ ਲਿਆ।
ਈਵੈਂਟ ਦੌਰਾਨ ਸਫਲ ਐਂਟਰਪ੍ਰਨੌਰਜ਼ ਨੇ ਆਪਣੇ ਕਾਰੋਬਾਰੀ ਸਫ਼ਰ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ। ਉਨ੍ਹਾਂ ਨੇ ਦੱਸਿਆ ਕਿ ਇੱਕ ਸਫਲ ਬਿਜ਼ਨਸ ਖੜ੍ਹਾ ਕਰਨ ਲਈ ਕਿੰਨੀ ਮਿਹਨਤ, ਧੀਰਜ ਅਤੇ ਲਗਾਤਾਰ ਸਿੱਖਣ ਦੀ ਲੋੜ ਹੁੰਦੀ ਹੈ। ਸਪੀਕਰਾਂ ਨੇ ਆਪਣੇ ਸੰਘਰਸ਼, ਅਸਫਲਤਾਵਾਂ ਅਤੇ ਉਨ੍ਹਾਂ ਤੋਂ ਮਿਲੇ ਸਬਕ ਵੀ ਸਾਂਝੇ ਕੀਤੇ ਅਤੇ ਦੱਸਿਆ ਕਿ ਕਿਵੇਂ ਕਈ ਵਾਰ ਨਾਕਾਮੀਆਂ ਦਾ ਸਾਹਮਣਾ ਕਰਨ ਤੋਂ ਬਾਅਦ ਉਨ੍ਹਾਂ ਨੂੰ ਸਫਲਤਾ ਮਿਲੀ। ਨਾਲ ਹੀ ਉਨ੍ਹਾਂ ਨੇ ਇਹ ਵੀ ਸਮਝਾਇਆ ਕਿ ਬਦਲਦੇ ਸਮੇਂ, ਖ਼ਾਸ ਕਰਕੇ ਆਰਟੀਫ਼ੀਸ਼ਲ ਇੰਟੈਲੀਜੈਂਸ (AI) ਦੇ ਦੌਰ ਵਿੱਚ, ਨਵੇਂ ਉਦਯੋਗਾਂ ਅਤੇ ਨੌਜਵਾਨਾਂ ਲਈ ਕਿਹੜੇ ਮੌਕੇ ਉਭਰ ਰਹੇ ਹਨ।
ਇਸ ਸਮਾਗਮ ਵਿੱਚ ਉਹ ਨੌਜਵਾਨ ਵੀ ਵੱਡੀ ਗਿਣਤੀ ਵਿੱਚ ਪਹੁੰਚੇ ਜੋ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹਨ ਜਾਂ ਪਹਿਲਾਂ ਤੋਂ ਕਾਰੋਬਾਰ ਕਰ ਰਹੇ ਹਨ। ਉਨ੍ਹਾਂ ਨੂੰ ਦੇਸ਼ ਦੇ ਸਫਲ ਉਦਯੋਗਪਤੀਆਂ ਨਾਲ ਸਿੱਧੀ ਗੱਲਬਾਤ ਕਰਨ, ਆਪਣੇ ਸਵਾਲ ਪੁੱਛਣ, ਸਲਾਹ ਲੈਣ ਅਤੇ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲਿਆ। ਹਾਜ਼ਰ ਲੋਕਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਪੰਜਾਬ ਵਿੱਚ ਇਸ ਤਰ੍ਹਾਂ ਦੇ ਪ੍ਰੇਰਣਾਦਾਇਕ ਅਤੇ ਗਿਆਨਵਰਧਕ ਸਮਾਗਮਾਂ ਦੀ ਬਹੁਤ ਲੋੜ ਹੈ, ਤਾਂ ਜੋ ਨੌਜਵਾਨਾਂ ਨੂੰ ਆਪਣੇ ਹੀ ਸੂਬੇ ਵਿੱਚ ਨਵੇਂ ਮੌਕੇ ਮਿਲਣ ਅਤੇ ਉਹ ਆਪਣੇ ਕਾਰੋਬਾਰ ਨੂੰ ਨਵੀਆਂ ਉਚਾਈਆਂ ਤੱਕ ਲੈ ਜਾ ਸਕਣ।
ਸਮਾਗਮ ਦੀ ਹਾਜ਼ਰੀ, ਵਿਚਾਰ-ਵਟਾਂਦਰੇ ਅਤੇ ਨੌਜਵਾਨਾਂ ਦੇ ਉਤਸ਼ਾਹ ਨੂੰ ਦੇਖਦੇ ਹੋਏ ਇਸ ਨੂੰ ਬਹੁਤ ਹੀ ਸਫਲ ਮੰਨਿਆ ਗਿਆ। ਗਲੋਬਲ ਸ਼ੇਪਰਸ ਚੰਡੀਗੜ੍ਹ ਹੱਬ ਦੇ ਪ੍ਰਤੀਨਿਧੀਆਂ ਨੇ ਕਿਹਾ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਹੋਰ ਵੱਡੇ ਪੱਧਰ ਦੇ ਸਮਾਗਮ ਕਰਵਾਏ ਜਾਣਗੇ, ਤਾਂ ਜੋ ਪੰਜਾਬ ਦੇ ਨੌਜਵਾਨਾਂ ਨੂੰ ਸਫਲ ਉਦਯੋਗਪਤੀਆਂ ਤੋਂ ਸਿੱਖਣ, ਨੈੱਟਵਰਕਿੰਗ ਕਰਨ ਅਤੇ ਆਪਣੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਲਈ ਇੱਕ ਮਜ਼ਬੂਤ ਮੰਚ ਮਿਲ ਸਕੇ।
- Download Babushahi App
-
-