ਯੂਕੇ ਪੁੱਜਣ ’ਤੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਸੰਗਤ ਵੱਲੋਂ ਭਰਵਾਂ ਸੁਆਗਤ
ਲੰਡਨ, 18 ਜੁਲਾਈ 2026 - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨਿਹਕਾਮੀ ਸੇਵਾ ਟ੍ਰਸਟ ਯੂਕੇ ਦੇ ਸੱਦੇ ਉੱਤੇ ਤਿੰਨ ਦਿਨਾਂ ਦੇ ਦੌਰੇ ਉੱਤੇ ਯੂਕੇ (ਯੁਨਾਈਟਡ ਕਿੰਗਡਮ) ਪੁੱਜੇ ਹਨ। ਯੂਕੇ ਦੇ ਲੰਡਨ ਸਥਿਤ ਹਵਾਈ ਅੱਡੇ ਉੱਤੇ ਪੁੱਜਣ ’ਤੇ ਸਥਾਨਕ ਸਿੱਖ ਸੰਗਤ ਅਤੇ ਨੌਜਵਾਨਾਂ ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਸਿਰੋਪਾਓ ਤੇ ਫੁੱਲਾਂ ਦੇ ਗੁਲਦਸਤੇ ਦੇ ਕੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਦੀ ਗੂੰਜ ਵਿੱਚ ਭਰਵਾਂ ਸੁਆਗਤ ਕੀਤਾ।
ਆਪਣੇ ਤਿੰਨ ਦਿਨਾਂ ਦੇ ਦੌਰੇ ਸਮੇਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਗੁਰਦੁਆਰਾ ਗੁਰੂ ਗ਼ਰੀਬ ਨਿਵਾਜ, ਹਯੇਜ਼, ਲੰਡਨ ਵਿਖੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਗੁਰਮਤਿ ਸਮਾਗਮ ਵਿੱਚ ਸ਼ਮੂਲੀਅਤ ਕਰਕੇ ਸੰਗਤ ਨੂੰ ਸੰਬੋਧਨ ਅਤੇ ਵਿਚਾਰ ਚਰਚਾ ਕਰਨਗੇ। ਇਹ ਸਮਾਗਮ ਸਾਂਝੇ ਤੌਰ ਉੱਤੇ ਨਿਹਕਾਮੀ ਸੇਵਾ ਟ੍ਰਸਟ ਯੂਕੇ, ਜੱਥਾ ਪੰਜ ਪਿਆਰੇ ਸਾਹਿਬਾਨ ਯੂਕੇ, ਗੁਰੂ ਹਰਿਗੋਬਿੰਦ ਸਾਹਿਬ ਟ੍ਰਸਟ ਯੂਕੇ ਅਤੇ ਸਮੂਹ ਸਾਧ-ਸੰਗਤ ਵੱਲੋਂ ਕਰਵਾਇਆ ਦਾ ਰਿਹਾ ਹੈ। ਇਸ ਫੇਰੀ ਦੌਰਾਨ ਜਥੇਦਾਰ ਗੜਗੱਜ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਸੰਗਤ ਵੱਲੋਂ ਕਰਵਾਏ ਜਾ ਰਹੇ ਸਮਾਗਮ ਵਿੱਚ ਵੀ ਸ਼ਮੂਲੀਅਤ ਕਰਨਗੇ ਅਤੇ ਸਥਾਨਕ ਸੰਗਤ ਨਾਲ ਵਿਚਾਰਾਂ ਕਰਨਗੇ। ਜਥੇਦਾਰ ਗੜਗੱਜ ਦੇ ਨਾਲ ਉਨ੍ਹਾਂ ਦੇ ਮੀਡੀਆ ਸਲਾਹਕਾਰ ਸ. ਜਸਕਰਨ ਸਿੰਘ ਵੀ ਯੂਕੇ ਪੁੱਜੇ ਹਨ।
- Download Babushahi App
-
-