Political Special - ਕੋਟਫੱਤੇ ਵਾਲਾ ਗੋਪਾਲ ਸਿੰਘ : ਮੈਂ ਰਾਹਾਂ ’ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ
ਅਸ਼ੋਕ ਵਰਮਾ
ਬਠਿੰਡਾ , 17 ਜੁਲਾਈ 2026 : ਪੰਜਾਬੀ ਮਾਂ ਬੋਲੀ ਦੇ ਸੱਚੇ ਪੁੱਤਰ ਨਾਮਵਰ ਸ਼ਾਇਰ ਸੁਰਜੀਤ ਪਾਤਰ ਦੀਆਂ ਇਹ ਸਤਰਾਂ ਮੈਂ ਰਾਹਾਂ ’ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ , ਯੁਗਾਂ ਤੋਂ ਕਾਫ਼ਲੇ ਆਉਂਦੇ , ਇਸੇ ਸੱਚ ਦੇ ਗਵਾਹ ਬਣਦੇ ਸੇਵਾਮੁਕਤ ਪੀਸੀਐਸ ਅਫਸਰ ਗੋਪਾਲ ਸਿੰਘ ਕੋਟਫੱਤਾ ’ਤੇ ਪੂਰੀ ਤਰਾਂ ਫਿੱਟ ਬੈਠਦੀਆਂ ਹਨ। ਬਠਿੰਡਾ ਦੇ ਪਿੰਡ ਕੋਟਫੱਤਾ ਦਾ ਬੇਲਦਾਰ ਹੁਣ ਪੀ.ਸੀ.ਐਸ ਅਫਸਰ ਦੀ ਮਾਣਮੱਤੀ ਨੌਕਰੀ ਤੋਂ ਸੇਵਾਮੁਕਤੀ ਪਿੱਛੋਂ ਹੁਣ ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਦਾ ਹਲਕਾ ਇੰਚਾਰਜ ਬਣ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਗੋਪਾਲ ਸਿੰਘ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਮੈਦਾਨ ’ਚ ਡਟਿਆ ਨਜ਼ਰ ਆਵੇਗਾ। ਗੋਪਾਲ ਸਿੰਘ ਦੀ ਨਿਯੁਕਤੀ ਹੁੰਦਿਆਂ ਹਲਕੇ ਦੇ ਲੋਕਾਂ ਨੇ ਰੱਜਕੇ ਖੁਸ਼ੀਆਂ ਮਨਾਈਆਂ ਜੋ ਪਿਛਲੇ ਕਰੀਬ 10 ਸਾਲਾਂ ਤੋਂ ਆਪਣੇ ਆਪ ਨੂੰ ਸਿਆਸੀ ਤੌਰ ’ਤੇ ਅਣਗੌਲਿਆ ਮਹਿਸੂਸ ਕਰਦੇ ਆ ਰਹੇ ਸਨ।
ਸਿਆਸੀ ਅਤੇ ਸਮਾਜਿਕ ਹਲਕਿਆਂ ’ਚ ਸਾਫ ਸੁਥਰਾ ਅਤੇ ਇਮਾਨਦਾਰ ਵਿਅਕਤੀ ਵਜੋਂ ਅਕਸ ਰੱਖਣ ਵਾਲਾ ਗੋਪਾਲ ਸਿੰਘ ਵਿਧਾਨ ਸਭਾ ਹਲਕਾ ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਦਾ ਰਿਸ਼ਤੇਦਾਰ ਹੈ ਪਰ ਪਾਰਟੀ ਨੇ ਚੋਣ ਕਰਨ ਮੌਕੇ ਉਸ ਦੀ ਇਮਾਨਦਾਰੀ ਅਤੇ ਵਕਾਰ ਨੂੰ ਪੈਮਾਨਾ ਮੰਨਿਆ ਹੈ। ਦਿਹਾਤੀ ਹਲਕੇ ਤੋਂ 2017 ’ਚ ਚੋਣ ਜਿੱਤੀ ਰੁਪਿੰਦਰ ਕੌਰ ਰੂਬੀ ਨਾਲ ਤਜ਼ਰਬਾ ਚੰਗਾ ਨਾਂ ਰਹਿਣ ਅਤੇ 2022 ਦੇ ਵਿਧਾਇਕ ਅਮਿਤ ਰਤਨ ਦੇ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਉਲਝਣ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਇਸ ਹਲਕੇ ਤੋਂ ਅਜਿਹੇ ਚਿਹਰੇ ਦੀ ਭਾਲ ’ਚ ਸਨ ਜੋ ਕਿਰਤੀ ਜਮਾਤ ਚੋਂ ਹੋਣ ਦੇ ਨਾਲ ਨਾਲ ਸਮਾਜਿਕ ਤੌਰ ’ਤੇ ਚੰਗਾ ਰਸੂਖ਼ ਰੱਖਦਾ ਹੋਵੇ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਚੋਣਾਂ ਦੌਰਾਨ ਜਿੱਤ ਹਾਰ ਹੋਣੀ ਤਾਂ ਵੱਖਰੀ ਗੱਲ ਹੈ ਪਰ ਆਮ ਆਦਮੀ ਪਾਰਟੀ ਨੇ ਗੋਪਾਲ ਸਿੰਘ ਦੀ ਹਲਕਾ ਇੰਚਾਰਜ ਵਜੋਂ ਨਿਯੁਕਤੀ ਕਰਕੇ ਬਾਕੀ ਸਿਆਸੀ ਧਿਰਾਂ ਨੂੰ ਪਛਾੜ ਦਿੱਤਾ ਹੈ।
ਬੇਸ਼ੱਕ ਪੰਜਾਬ ਦੀ ਰਾਜਨੀਤੀ ਇਸ ਵੇਲੇ ਔਝੜ ਰਾਹਾਂ ਦਾ ਪਾਂਧੀ ਬਣੀ ਹੋਈ ਹੈ ਪਰ ਗੋਪਾਲ ਸਿੰਘ ਨੂੰ ਦਿਲੋਂ ਪਿਆਰ ਕਰਨ ਵਾਲੇ ਇਸ ਉਮੀਦ ’ਚ ਹਨ ਕਿ ਉਹ ਇਸ ਸਿਆਸੀ ਭਵਸਾਗਰ ਨੂੰ ਪਾਰ ਕਰਨ ਉਪਰੰਤ ਸੁਰਖਰੂ ਹੋ ਕੇ ਨਿਕਲਣਗੇ। ਪਿਛਲੇ ਦੋ ਦਿਨਾਂ ਦੌਰਾਨ ਹਲਕੇ ਦੇ ਪਿੰਡਾਂ ਦੀਆਂ ਫੇਰੀਆਂ ਮੌਕੇ ਹਲਕਾ ਵਾਸੀਆਂ ਨੇ ਗੋਪਾਲ ਸਿੰਘ ਨੂੰ ਪਲਕਾਂ ’ਤੇ ਬਿਠਾਇਆ ਅਤੇ ਆਪਣੀਆਂ ਦਿਲੀ ਭਾਵਨਾਵਾਂ ਸਾਂਝੀਆਂ ਕੀਤੀਆਂ ਹਨ। ਇਸ ਨਾਲ ਨਵੇਂ ਹਲਕਾ ਇੰਚਾਰਜ ਦੀਆਂ ਜਿੰਮੇਵਾਰੀਆਂ ਹੋਰ ਵੀ ਵਧਦੀਆਂ ਦਿਖਾਈ ਦੇ ਰਹੀਆਂ ਹਨ। ਹਲਕਾ ਵਾਸੀ ਆਖਦੇ ਹਨ ਕਿ ਗੋਪਾਲ ਸਿੰਘ ਨੂੰ ਪਿਛਲੇ ਸਿਆਸੀ ਆਗੂਆਂ ਵੱਲੋਂ ਲੋਕਾਂ ਨੂੰ ਕਰਵਾਇਆ ਗਿਆ ਬੇਗਾਨਗੀ ਦਾ ਅਹਿਸਾਸ ਖਤਮ ਕਰਨ ਲਈ ਢੁੱਕਵੀਂ ਪਹਿਲਕਦਮੀ ਕਰਨੀ ਹੋਵੇਗੀ। ਪਿੰਡ ਜੋਧਪੁਰ ਰੋਮਾਣਾ ਦੇ ਸਰਪੰਚ ਸੁਖਜਿੰਦਰ ਸਿੰਘ ਰੋਮਾਣਾ ਦਾ ਕਹਿਣਾ ਸੀ ਕਿ ਉਹ ਪੂਰਨ ਆਸਵੰਦ ਹਨ ਕਿ ਗੋਪਾਲ ਸਿੰਘ ਕੋਟਫੱਤਾ ਦੀ ਅਗਵਾਈ ਹੇਠ ਬਠਿੰਡਾ ਦਿਹਾਤੀ ਹਲਕਾ ਜਿੱਤ ਦੀਆਂ ਨਵੀਂ ਬੁਲੰਦੀਆਂ ਛੋਹੇਗਾ।
ਦਰਅਸਲ ਕੋਈ ਸਮਾਂ ਸੀ ਜਦੋਂ ਗੋਪਾਲ ਸਿੰਘ ਅੱਜ ਵਾਲਾ ਨਹੀਂ ਬਲਕਿ ਇੱਕ ਸਧਾਰਨ ਪ੍ਰੀਵਾਰ ਦਾ ਪੁੱਤ ਹੋਣ ਕਾਰਨ ਉਸ ਦੇ ਸਿਰ ’ਤੇ ਫਿਕਰਾਂ ਦੀ ਪੰਡ ਟਿਕੀ ਹੋਈ ਸੀ। ਗੋਪਾਲ ਸਿੰਘ ਨੇ ਗ਼ੁਰਬਤ ਚੋਂ ਉੱਠਕੇ ਲੰਮਾ ਸਫ਼ਰ ਤੈਅ ਕੀਤਾ ਜਿਸ ਦੌਰਾਨ ਉਸ ਨੂੰ ਜ਼ਿੰਦਗੀ ਨੇ ਹਰ ਮੋੜ ’ਤੇ ਪਰਖਿਆ । ਇਸ ਦੇ ਬਾਵਜੂਦ ਉਸ ਨੇ ਕਦੀ ਹੌਸਲਾ ਨਹੀਂ ਹਾਰਿਆ ਅਤੇ ਮੁਸੀਬਤਾਂ ਨੂੰ ਆਪਣਾ ਜੇਰਾ ਦਿਖਾਇਆ। ਉਹ ਵੀ ਦਿਨ ਸਨ ਜਦੋਂ ਗੋਪਾਲ ਸਿੰਘ ਨੂੰ ਘਰ ਦੀਆਂ ਆਰਥਿਕ ਤੰਗੀਆਂ ਤੁਰਸ਼ੀਆਂ ਕਾਰਨ ਫ਼ੀਸ ਨਾ ਹੋਣ ਕਰਕੇ ਛੇਵੀਂ ਕਲਾਸ ਚੋਂ ਹਟਣਾ ਪਿਆ ਸੀ। ਸਕੂਲੀ ਫੀਸਾਂ ਤਾਰਨ ਲਈ ਉਸ ਨੇ ਮਾਪਿਆਂ ਨਾਲ ਖੇਤਾਂ ਵਿਚ ਦਿਹਾੜੀਆਂ ਵੀ ਕੀਤੀਆਂ ਹਨ ਪਰ ਮਿਹਨਤ ਤੇ ਸਿਰੜ ਨੇ ਉਸ ਦਾ ਕਦੇ ਹੌਸਲਾ ਟੁੱਟਣ ਨਾ ਦਿੱਤਾ। ਗੁਰਬਤ ਨੇ ਜਦੋਂ ਵੀ ਉਸ ਦਾ ਰਾਹ ਰੋਕਿਆ ਤਾਂ ਉਸ ਨੇ ਨਵੇਂ ਰਾਹ ਬਨਾਉਣ ਨੂੰ ਤਰਜੀਹ ਦਿੱਤੀ ਅਤੇ ਸਫਲ ਵੀ ਹੋਇਆ।
ਇਸ ਦੌਰਾਨ ਗੋਪਾਲ ਸਿੰਘ ਨੇ ਪਿੰਡ ਕੋਟਫੱਤਾ ਦੇ ਸਰਕਾਰੀ ਸਕੂਲ ’ਚੋਂ ਦਸਵੀਂ ਪਾਸ ਕੀਤੀ। ਉਸ ਨੇ ਹਮੇਸ਼ਾ ਕਿਰਤ ’ਤੇ ਪਹਿਰਾ ਦਿੱਤਾ ਅਤੇ ਉਹ ਲੋਕ ਨਿਰਮਾਣ ਵਿਭਾਗ ਵਿੱਚ ਡੇਲੀ ਵੇਜ਼ ਬੇਲਦਾਰ ਬਣ ਗਿਆ ਜਦੋਂਕਿ 1986 ਵਿੱਚ ਉਸ ਦੀ ਲੋਕ ਨਿਰਮਾਣ ਵਿਭਾਗ ਵਿਚ ਕਲਰਕ ਦੀ ਅਸਾਮੀ ’ਤੇ ਨਿਯੁਕਤੀ ਹੋ ਗਈ। ਜੂਨ 1993 ਵਿਚ ਉਹ ਐਸਡੀਐਮ ਦਫਤਰ ਤਲਵੰਡੀ ਸਾਬੋ ਵਿੱਚ ਬਤੌਰ ਸਟੈਨੋ ਨਿਯੁਕਤ ਹੋਇਆ। ਫਿਰ ਉਹ ਸੀਨੀਅਰ ਸਕੇਲ ਸਟੈਨੋਗਰਾਫਰ ਬਣਿਆ ਅਤੇ ਸਾਲ 2003 ਵਿਚ ਡਿਪਟੀ ਕਮਿਸ਼ਨਰ ਦੇ ਪੀ.ਏ ਬਣਿਆ। ਮਾਰਚ 2013 ਵਿਚ ਉਹ ਸੁਪਰਡੈਂਟ (ਮਾਲ) ਬਣ ਗਿਆ। ਸਾਲ 2016 ’ਚ ਉਸਨੇ ਪੀ.ਸੀ.ਐਸ (ਐਗਜ਼ੈਕਟਿਵ) ਦੇ ਐਲਾਨੇ ਨਤੀਜੇ ਵਿਚ ਰਜਿਸਟਰ ਏ-2 ਕੈਟਾਗਰੀ ਵਿਚ ਪੰਜਾਬ ਭਰ ਚੋਂ ਟਾਪ ਕੀਤਾ। ਗੋਪਾਲ ਸਿੰਘ ਨੇ ਪਹਿਲਾਂ ਐੱਮ.ਏ (ਪੰਜਾਬੀ, ਰਾਜਨੀਤੀ ਸ਼ਾਸਤਰ) ਅਤੇ ਐੱਮ.ਬੀ.ਏ ਕਰ ਲਈ ਸੀ। ਗੋਪਾਲ ਸਿੰਘ ਕਵਿਤਾ ਤੇ ਵਾਰਤਕ ਲਿਖਦਾ ਹੈ ਅਤੇ ਹਰ ਵੰਨਗੀ ਤੇ ਭਾਸ਼ਾ ਦਾ ਉਸ ਨੇ ਸਾਹਿਤ ਪੜ੍ਹਿਆ ਹੋਇਆ ਹੈ।
ਸਮਾਜਸੇਵਾ ਦਾ ਰਾਹ ਫੜਿਆ
ਪੀਸੀਐੱਸ ਅਧਿਕਾਰੀ ਵਜੋਂ ਸੇਵਾ ਮੁਕਤ ਹੋਣ ਮਗਰੋਂ ਗੋਪਾਲ ਸਿੰਘ ਨਵੇਂ ਪੋਚ ਨੂੰ ਸਾਹਿਤਕ ਰੁਚੀਆਂ ਨਾਲ ਜੋੜ ਰਹੇ ਸਨ। ਉਨ੍ਹਾਂ ਦੀ ਸੋਚ ਹੈ ਕਿ ਜੇਕਰ ਨੌਜਵਾਨ ਪੜ੍ਹਿਆ ਲਿਖਿਆ ਹੋਵੇਗਾ ਤਾਂਹੀ ਸਮਾਜ ਤਰੱਕੀ ਕਰ ਸਕਦਾ ਹੈ। ਆਪਣੇ ਨਵੇਂ ਸਿਆਸੀ ਸਫਰ ਸਬੰਧੀ ਗੋਪਾਲ ਸਿੰਘ ਦਾ ਕਹਿਣਾ ਸੀ ਕਿ ਉਹ ਆਪਣੀ ਨਵੀਂ ਜਿੰਮੇਵਾਰ ਨੂੰ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਲਈ ਵਚਨਬੱਧ ਹਨ।
- Download Babushahi App
-
-