ਬੁੱਢਾ ਦਲ ਪਬਲਿਕ ਸਕੂਲ ਵਿਖੇ ਪਦਵੀ ਸਮਾਰੋਹ ਮਨਾਇਆ ਗਿਆ
ਪਟਿਆਲਾ:- 18 ਜੁਲਾਈ 2026 ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ 14ਵੇਂ ਮੁਖੀ ਅਤੇ ਬੁੱਢਾ ਦਲ ਪਬਲਿਕ ਸਕੂਲ ਦੇ ਸਰਪ੍ਰਸਤ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੇ ਨਿਰਦੇਸ਼ਾ ਹੇਠ ਬੁੱਢਾ ਦਲ ਪਬਲਿਕ ਸਕੂਲ ਪਟਿਆਲਾ ਵਿਖੇ ਪਦਵੀ ਸਮਾਰੋਹ ਮਨਾਇਆ ਗਿਆ। ਬੁੱਢਾ ਦਲ ਸਕੂਲ ਦੇ ਸਿੱਖਿਆ ਨਿਰਦੇਸ਼ਕ ਅਤੇ ਸਲਾਹਕਾਰ ਸ. ਕਰਨਰਾਜਬੀਰ ਸਿੰਘ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਉਨ੍ਹਾਂ ਦੇ ਨਾਲ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਹਰਪ੍ਰੀਤ ਕੌਰ, ਬੁੱਢਾ ਦਲ ਪਬਲਿਕ ਸਕੂਲ ਅਤੇ ਜੂਨੀਅਰ ਵਿੰਗ ਦੇ ਇੰਚਾਰਜ ਸ੍ਰੀਮਤੀ ਭਾਰਤੀ ਕਵਾਤਰਾ ਵੀ ਮੌਜੂਦ ਸਨ। ਮਹਿਮਾਨਾਂ ਦੇ ਰਸਮੀ ਸਵਾਗਤ ਤੋਂ ਬਾਅਦ ਦਿਨ ਦੀ ਸ਼ੁਰੂਆਤ ਰਸ-ਭਿੰਨੇ ਸ਼ਬਦ ਕੀਰਤਨ ਨਾਲ ਹੋਈ। ਇਸ ਤੋਂ ਬਾਅਦ ਅਗਿਆਨਤਾ `ਤੇ ਗਿਆਨ ਦੀ ਜਿੱਤ ਦੇ ਪ੍ਰਤੀਕ ਵਜੋਂ ਸ਼ਮ੍ਹਾ ਰੌਸ਼ਨ ਕੀਤੀ ਗਈ। ਪਦਵੀ ਸਮਾਰੋਹ ਦੌਰਾਨ ਵਿਦਿਆਰਥੀ ਪ੍ਰੀਸ਼ਦ ਦੇ ਮੈਂਬਰਾਂ ਨੂੰ ਰਸਮੀ ਤੌਰ `ਤੇ ਸ਼ਾਮਲ ਕੀਤਾ ਗਿਆ। ਵਿਦਿਆਰਥੀ ਆਗੂਆਂ ਨੂੰ ਇਮਾਨਦਾਰੀ ਅਤੇ ਜ਼ਿੰਮੇਵਾਰੀ ਦੇ ਮੁੱਲਾਂ ਨੂੰ ਕਾਇਮ ਰੱਖਣ ਲਈ ਪ੍ਰੇਰਿਤ ਕਰਨ ਵਾਲੇ ਬੈਜ ਅਤੇ ਸੈਸ਼ ਪ੍ਰਦਾਨ ਕੀਤੇ ਗਏ। ਸਬਗੁਣ ਕੌਰ ਅਤੇ ਕਰਨਬੀਰ ਸਿੰਘ ਨੂੰ ਸੀਨੀਅਰ ਵਿੰਗ ਦੇ ਸਕੂਲ ਕੈਪਟਨ ਵਜੋਂ ਐਲਾਨਿਆ ਗਿਆ ਅਤੇ ਹਿਮਾਂਸ਼ੀ ਅਤੇ ਗੁਨਰਾਜ ਸਿੰਘ ਨੂੰ ਜੂਨੀਅਰ ਵਿੰਗ ਦੇ ਸਕੂਲ ਕੈਪਟਨ ਵਜੋਂ ਐਲਾਨਿਆ ਗਿਆ। ਇਸ ਮੌਕੇ ਪ੍ਰਦਰਸ਼ਨੀ` ਦਾ ਵੀ ਆਯੋਜਨ ਕੀਤਾ ਗਿਆ। ਵਿਦਿਆਰਥੀਆਂ ਨੇ ਵਰਕਿੰਗ ਮਾਡਲਾਂ, ਗਣਿਤਿਕ ਆਕ੍ਰਿਤੀਆਂ ਅਤੇ ਨਵੀਨ ਪ੍ਰੋਜੈਕਟਾਂ ਰਾਹੀਂ ਵੱਖ-ਵੱਖ ਵਿਸ਼ਿਆਂ ਤੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ਨਾਲ ਵਿਹਾਰਕ ਸਿੱਖਿਆ ਨੂੰ ਉਤਸ਼ਾਹ ਮਿਲਿਆ। ਇਸ ਮੌਕੇ `ਤੇ ਵਿਦਿਆਰਥੀਆਂ ਨੇ ਸਮੂਹ ਗਾਇਨ ਅਤੇ ਭੰਗੜੇ ਦੀ ਸੁੰਦਰ ਪੇਸ਼ਕਾਰੀ ਕੀਤੀ। ਸ. ਕਰਨਰਾਜਬੀਰ ਸਿੰਘ ਜੀ ਨੇ ਨਿਯੁਕਤ ਸਾਰੇ ਵਿਦਿਆਰਥੀ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।
- Download Babushahi App
-
-