ਰੇਲਗੱਡੀ ਦੀ ਲਪੇਟ ਵਿੱਚ ਆਉਣ ਨਾਲ ਅਣਪਛਾਤੇ ਵਿਅਕਤੀ ਦੀ ਮੌਤ
ਰਵਿੰਦਰ ਢਿੱਲੋਂ
ਖੰਨਾ , 18 ਜੁਲਾਈ 2026 :
ਅੰਬਾਲਾ-ਲੁਧਿਆਣਾ ਰੇਲ ਮਾਰਗ 'ਤੇ ਚਾਵਾ ਅਤੇ ਦੋਰਾਹਾ ਰੇਲਵੇ ਸਟੇਸ਼ਨਾਂ ਦੇ ਵਿਚਕਾਰ ਡੈਡੀਕੇਟਿਡ ਫ੍ਰੇਟ ਕੋਰੀਡੋਰ (ਡੀਐੱਫਸੀ) 'ਤੇ ਇੱਕ ਵਿਅਕਤੀ ਦੀ ਰੇਲਗੱਡੀ ਦੀ ਲਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਜੀਆਰਪੀ ਖੰਨਾ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਜੀਆਰਪੀ ਖੰਨਾ ਦੇ ਇੰਚਾਰਜ ਪੁਰਸ਼ੋਤਮ ਕੁਮਾਰ ਨੇ ਦੱਸਿਆ ਕਿ ਮੌਕੇ 'ਤੇ ਕਰੀਬ 40 ਸਾਲਾ ਵਿਅਕਤੀ ਦੀ ਲਾਸ਼ ਮਿਲੀ। ਮ੍ਰਿਤਕ ਨੇ ਚਿੱਟੇ ਰੰਗ ਦਾ ਕੁੜਤਾ-ਪਜਾਮਾ ਪਾਇਆ ਹੋਇਆ ਸੀ। ਪੁਲਿਸ ਨੇ ਆਸ-ਪਾਸ ਪੁੱਛਗਿੱਛ ਕਰਕੇ ਉਸਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਸ ਕੋਲੋਂ ਕੋਈ ਵੀ ਪਛਾਣ ਸਬੰਧੀ ਦਸਤਾਵੇਜ਼ ਬਰਾਮਦ ਨਹੀਂ ਹੋਇਆ, ਜਿਸ ਕਾਰਨ ਉਸ ਦੀ ਸ਼ਨਾਖ਼ਤ ਨਹੀਂ ਹੋ ਸਕੀ। ਪੁਲਿਸ ਨੇ ਲੋੜੀਂਦੀ ਕਾਨੂੰਨੀ ਕਾਰਵਾਈ ਕਰਨ ਤੋਂ ਬਾਅਦ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਖੰਨਾ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ। ਲਾਸ਼ ਨੂੰ ਅਗਲੇ 72 ਘੰਟਿਆਂ ਤੱਕ ਮੋਰਚਰੀ ਵਿੱਚ ਰੱਖਿਆ ਜਾਵੇਗਾ, ਤਾਂ ਜੋ ਜੇਕਰ ਕੋਈ ਪਰਿਵਾਰਕ ਮੈਂਬਰ ਜਾਂ ਜਾਣਕਾਰ ਉਸ ਦੀ ਪਛਾਣ ਕਰ ਲਵੇ ਤਾਂ ਲਾਸ਼ ਉਨ੍ਹਾਂ ਦੇ ਹਵਾਲੇ ਕੀਤੀ ਜਾ ਸਕੇ।
ਜੀਆਰਪੀ ਖੰਨਾ ਦੇ ਇੰਚਾਰਜ ਪ੍ਰਸ਼ੋਤਮ ਕੁਮਾਰ ਨੇ ਦੱਸਿਆ ਕਿ ਜੇਕਰ ਨਿਰਧਾਰਤ ਸਮੇਂ ਦੌਰਾਨ ਮ੍ਰਿਤਕ ਦੀ ਪਛਾਣ ਨਹੀਂ ਹੁੰਦੀ, ਤਾਂ ਰੇਲਵੇ ਪੁਲਿਸ ਨਿਯਮਾਂ ਅਨੁਸਾਰ ਇੱਕ ਸਮਾਜ ਸੇਵੀ ਸੰਸਥਾ (ਐਨਜੀਓ) ਦੀ ਮਦਦ ਨਾਲ ਉਸ ਦਾ ਅੰਤਿਮ ਸੰਸਕਾਰ ਕਰਵਾਏਗੀ। ਫਿਲਹਾਲ ਪੁਲਿਸ ਮ੍ਰਿਤਕ ਦੀ ਪਛਾਣ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ।
- Download Babushahi App
-
-