ਜ਼ਿਲ੍ਹਾ ਪੱਧਰੀ ਫੁੱਟਬਾਲ ਟੂਰਨਾਮੈਂਟ ਵਿੱਚ ਮਹਾਪ੍ਰਗਯ ਸਕੂਲ ਦੀ ਬੱਲੇ-ਬੱਲੇ
*”ਲੁਧਿਆਣਾ ਜੋਨ ਵਿੱਚੋਂ ਅੰਡਰ -14 ਅਤੇ ਅੰਡਰ -17 ਦੇ ਜੇਤੂ ਕਰਾਰ, ਅੰਡਰ- 19 ਵਿੱਚ ਰਹੇ ਦੂਜੇ ਸਥਾਨ ਤੇ
ਜਗਰਾਉਂ (ਦੀਪਕ ਜੈਨ)
ਮਹਾਪ੍ਰਗਯ ਸਕੂਲ ਦੇ ਖਿਡਾਰੀਆਂ ਨੇ ਸੀ.ਆਈ.ਐਸ.ਸੀ. ਦੇ ਜ਼ਿਲ੍ਹਾ ਪੱਧਰੀ ਜੋਨਲ ਫੁੱਟਬਾਲ ਟੂਰਨਾਮੈਂਟਾਂ ਵਿੱਚ ਨਵਾਂ ਇਤਿਹਾਸ ਰਚਦਿਆਂ ਲੁਧਿਆਣਾ ਜ਼ਿਲ੍ਹੇ ਵਿੱਚੋਂ ਮੁੰਡਿਆਂ ਦੀਆਂ ਟੀਮਾਂ ਦੇ ਵਰਗ ਅੰਡਰ-14 ਅਤੇ ਅੰਡਰ-17 ਵਿੱਚ ਪਹਿਲਾ ਸਥਾਨ ਅਤੇ ਅੰਡਰ-19 ਵਿੱਚ ਦੂਜਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ। ਇਸ ਟੂਰਨਾਮੈਂਟ ਵਿੱਚ ਮਹਾਪ੍ਰਗਯ ਸਕੂਲ ਜਗਰਾਓਂ ਦੇ ਨਾਲ-ਨਾਲ ਲੁਧਿਆਣਾ ਜ਼ਿਲ੍ਹੇ ਦੇ ਛੇ ਹੋਰ ਸਕੂਲਾਂ ਸੈਕਰਡ ਹਾਰਟ ਕਾਨਵੈਂਟ ਸਕੂਲ ਲੁਧਿਆਣਾ, ਸੱਤ ਪਾਲ ਮਿੱਤਲ ਸਕੂਲ ਲੁਧਿਆਣਾ, ਸੈਕਰਡ ਹਾਰਟ ਕਾਨਵੈਂਟ ਸਕੂਲ ਰਾਏਕੋਟ, ਬੀਬੀਐਸਬੀ ਸਕੂਲ ਸਿੱਧਵਾਂ ਬੇਟ, ਸੈਕਰਡ ਹਾਰਟ ਕਾਨਵੈਂਟ ਸਕੂਲ ਸਾਹਨੇਵਾਲ ਅਤੇ ਗੁਰੂ ਨਾਨਕ ਪਬਲਿਕ ਸਕੂਲ ਲੁਧਿਆਣਾ ਦੇ ਖਿਡਾਰੀਆਂ ਨੇ ਭਾਗ ਲਿਆ।
ਸਕੂਲ ਦੇ ਫੁੱਟਬਾਲ ਕੋਚ ਸ: ਇਕਬਾਲ ਸਿੰਘ ਨੇ ਦੱਸਿਆ ਕਿ ਅੰਡਰ -14 ਦੇ ਫਾਈਨਲ ਦੇ ਫਸਵੇਂ ਮੁਕਾਬਲੇ ਵਿੱਚ ਮਹਾਪ੍ਰਗਯ ਸਕੂਲ ਦੀ ਟੀਮ ਨੇ ਸਤਪਾਲ ਮਿੱਤਲ ਸਕੂਲ ਲੁਧਿਆਣਾ ਦੀ ਟੀਮ ਨੂੰ 2-0 ਨਾਲ ਹਰਾ ਕੇ ਟਰਾਫੀ ਤੇ ਆਪਣਾ ਕਬਜ਼ਾ ਕੀਤਾ। ਇਸੇ ਤਰ੍ਹਾਂ ਹੀ ਅੰਡਰ -17 ਮੁੰਡਿਆਂ ਦੇ ਵਰਗ ਵਿੱਚ ਵੀ ਮਹਾਪ੍ਰਗਯ ਸਕੂਲ ਦੇ ਹੋਣਹਾਰ ਖਿਡਾਰੀਆਂ ਨੇ ਫਾਈਨਲ ਮੁਕਾਬਲੇ ਵਿੱਚ ਸਤਪਾਲ ਮਿੱਤਲ ਸਕੂਲ ਲੁਧਿਆਣਾ ਦੇ ਟੀਮ ਨੂੰ 4-0 ਨਾਲ ਹਰਾ ਕੇ ਟਰਾਫੀ ਆਪਣੇ ਨਾਂ ਕੀਤੀ। ਅੰਡਰ-19 ਵਰਗ ਦੇ ਮੁਕਾਬਲੇ ਵਿੱਚ ਵੀ ਸਕੂਲ ਦੇ ਖਿਡਾਰੀਆਂ ਨੇ ਆਪਣੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਦੂਜਾ ਸਥਾਨ ਹਾਸਲ ਕੀਤਾ, ਇਸ ਵਿੱਚ 5-4 ਨਾਲ ਸਤਪਾਲ ਮਿੱਤਲ ਸਕੂਲ ਲੁਧਿਆਣਾ ਅੱਗੇ ਰਿਹਾ। ਇਸ ਪ੍ਰਕਾਰ ਸਕੂਲ ਦੇ ਹੋਣਹਾਰ ਖਿਡਾਰੀਆਂ ਨੇ ਮਹਾਪ੍ਰਗਯ ਸਕੂਲ ਦੀ ਚੜ੍ਹਤ ਨੂੰ ਕਾਇਮ ਰੱਖਦਿਆਂ ਦੋ ਟਰਾਫੀਆਂ ਆਪਣੇ ਨਾਂ ਕੀਤੀਆਂ।
ਇਸ ਮੌਕੇ ਸਕੂਲ ਡਾਇਰੈਕਟਰ ਸ਼੍ਰੀ ਵਿਸ਼ਾਲ ਜੈਨ ਨੇ ਜੇਤੂ ਖਿਡਾਰੀਆਂ ਨੂੰ ਉਹਨਾਂ ਦੀ ਇਸ ਮਾਣਮੱਤੀ ਪ੍ਰਾਪਤ ਤੇ ਵਧਾਈ ਦਿੱਤੀ ਅਤੇ ਅੱਗੇ ਤੋਂ ਵੀ ਇਸੇ ਤਰ੍ਹਾਂ ਸਕੂਲ ਦਾ ਨਾਂ ਰੌਸ਼ਨ ਕਰਨ ਅਤੇ ਹੋਰਨਾ ਵਿਦਿਆਰਥੀਆਂ ਨੂੰ ਵੀ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਉਹਨਾਂ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ ਅਤੇ ਫੁੱਟਬਾਲ ਕੋਚ ਸਰਦਾਰ ਇਕਬਾਲ ਸਿੰਘ ਦੀ ਵੀ ਤਾਰੀਫ ਕੀਤੀ ਅਤੇ ਕਿਹਾ ਕਿ ਇਹ ਸਭ ਕੁਝ ਉਹਨਾਂ ਦੀ ਅਤੇ ਵਿਦਿਆਰਥੀਆਂ ਦੀ ਸਖਤ ਮਿਹਨਤ ਕਰਕੇ ਹੀ ਸੰਭਵ ਹੋ ਸਕਿਆ ਹੈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਪ੍ਰਭਜੀਤ ਕੌਰ ਵਰਮਾ, ਖੇਡ ਵਿਭਾਗ ਮੁਖੀ ਮਨਜੀਤ ਇੰਦਰ, ਬਲਜੀਤ ਸਿੰਘ, ਪ੍ਰੀਤਇੰਦਰ, ਸਨਪ੍ਰੀਤ ਸਿੰਘ, ਨਵਪ੍ਰੀਤ ਸਿੰਘ ਆਦਿ ਹਾਜ਼ਰ ਸਨ।
- Download Babushahi App
-
-