ਕਾਮਰੇਡ ਮੰਗਤ ਰਾਮ ਪਾਸਲਾ ਨੇ ਜੰਗਬੰਦੀ ਟੁੱਟਣ ਦਾ ਭਾਂਡਾ- ਅਮਰੀਕਾ-ਇਜ਼ਰਾਇਲ ਦੇ ਹਾਕਮਾਂ ਸਿਰ ਭੰਨਿਆ
ਖੱਬੇ ਪੱਖ ਤੇ ਬਹੁਜਨ ਲੈਫਟ ਫਰੰਟ ਨਾਲ ਮਿਲ ਕੇ 15 ਸੀਟਾਂ 'ਤੇ ਚੋਣ ਲੜਾਂਗੇ -ਜਾਮਾਰਾਏ
ਅਸ਼ੋਕ ਵਰਮਾ
ਜਲੰਧਰ, 17 ਅਗਸਤ 2026 :'ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ' (ਆਰ.ਐਮ.ਪੀ.ਆਈ.) ਦੀ ਪੰਜਾਬ ਰਾਜ ਕਮੇਟੀ ਦੇ ਸਕੱਤਰੇਤ ਦੀ ਮੀਟਿੰਗ 'ਚ ਬੋਲਦੇ ਹੋਏ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਲੰਘੇ ਦਿਨੀਂ ਅਮਰੀਕਾ-ਈਰਾਨ ਦਰਮਿਆਨ ਹੋਈ ਜੰਗਬੰਦੀ ਟੁੱਟ ਜਾਣ 'ਤੇ ਡੂੰਘਾ ਦੁੱਖ ਜਾਹਿਰ ਕਰਦਿਆਂ ਕਿਹਾ ਹੈ ਕਿ ਨਵੇਂ ਸਿਰਿਓਂ ਜੰਗ ਛਿੜ ਜਾਣ ਦੇ ਮੁੱਖ ਦੋਸ਼ੀ ਅਮਰੀਕਾ ਤੇ ਇਜ਼ਰਾਇਲ ਦੇ ਹਾਕਮ ਹਨ। ਪਾਸਲਾ ਨੇ ਕਿਹਾ ਹੈ ਕਿ ਇਹ ਗੱਲ ਵਾਰ-ਵਾਰ ਸੱਚ ਸਿੱਧ ਹੋ ਰਹੀ ਹੈ ਕਿ "ਜਦੋਂ ਤੱਕ ਸਾਮਰਾਜ ਦੀ ਹੋਂਦ ਕਾਇਮ ਹੈ ਉਦੋਂ ਤਾਈਂ ਸੰਸਾਰ ਦੇ ਲੋਕੀਂ ਅਮਨ-ਚੈਨ ਨਾਲ ਹਰਗਿਜ ਨਹੀਂ ਰਹਿ ਸਕਦੇ।" ਉਨ੍ਹਾਂ ਕਿਹਾ ਕਿ "ਸਾਮਰਾਜੀ ਅਮਰੀਕਾ ਨਾਲ ਯੁਧਨੀਤਕ ਸਾਂਝਾਂ ਕਾਇਮ ਕਰਨ ਦੇ ਨਤੀਜੇ ਵਜੋਂ ਮੋਦੀ ਸਰਕਾਰ ਵਲੋਂ ਕੂਟਨੀਤੀ ਦੇ ਖੇਤਰ 'ਚ ਲਏ ਗਏ ਰੱਦੀ ਨਿਰਣਿਆਂ ਸਦਕਾ ਦੇਸ਼ ਦੇ ਵੱਕਾਰ ਨੂੰ ਭਾਰੀ ਸੱਟ ਵੱਜੀ ਹੈ।"
ਪਾਸਲਾ ਨੇ ਦੇਸ਼ ਵਾਸੀਆਂ, ਖਾਸ ਕਰਕੇ ਪੰਜਾਬੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਅਮਰੀਕਾ ਤੇ ਦੂਜੇ ਅਮੀਰ ਦੇਸ਼ਾਂ ਨਾਲ ਕੀਤੇ ਜਾ ਰਹੇ, ਦੇਸ਼ ਦੀ ਖੇਤੀ, ਦਰਮਿਆਨੇ ਤੇ ਛੋਟੇ ਉਦਯੋਗ-ਕਾਰੋਬਾਰ ਅਤੇ ਪ੍ਰਚੂਨ ਵਪਾਰ ਨੂੰ ਤਬਾਹ ਕਰਨ ਵਾਲੇ 'ਵਿਦੇਸ਼ ਵਪਾਰ ਸਮਝੌਤਿਆਂ' ਖਿਲਾਫ ਨਿਰਣਾਇਕ ਲੋਕ ਯੁੱਧ ਵਿੱਢਣ। ਮੀਟਿੰਗ ਦੇ ਫੈਸਲੇ ਜਾਰੀ ਕਰਦਿਆਂ ਰਾਜ ਕਮੇਟੀ ਦੇ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ ਨੇ ਦੱਸਿਆ ਹੈ ਕਿ ਪਾਰਟੀ ਵੱਲੋਂ ਖੱਬੀਆਂ ਧਿਰਾਂ ਅਤੇ 'ਬਹੁਜਨ ਲੈਫਟ ਫਰੰਟ' ਦੇ ਸਹਿਯੋਗ ਨਾਲ ਪੰਜਾਬ ਵਿਧਾਨ ਸਭਾ ਦੀਆਂ 15 ਸੀਟਾਂ 'ਤੇ ਉਮੀਦਵਾਰ ਖੜ੍ਹੇ ਕੀਤੇ ਜਾਣਗੇ। ਮੀਟਿੰਗ ਨੇ ਮੋਦੀ ਸਰਕਾਰ ਦੀਆਂ ਨੀਤੀਆਂ ਸਦਕਾ ਹੋਈ ਦੇਸ਼ ਦੇ ਅਰਥਚਾਰੇ ਦੀ ਭਾਰੀ ਤਬਾਹੀ ਅਤੇ ਸਿੱਟੇ ਵਜੋਂ ਲੋਕਾਂ ਨੂੰ ਝੱਲਣੀਆਂ ਪੈ ਰਹੀਆਂ ਬੇਸ਼ੁਮਾਰ ਮੁਸੀਬਤਾਂ ਪ੍ਰਤੀ ਡੂੰਘੀ ਚਿੰਤਾ ਜ਼ਾਹਰ ਕੀਤੀ ਹੈ।
ਮੀਟਿੰਗ ਨੇ ਆਰ.ਐਸ.ਐਸ. ਦੇ ਦਿਸ਼ਾ ਨਿਰਦੇਸ਼ਾਂ ਤਹਿਤ, ਮੋਦੀ ਸਰਕਾਰ ਦੇ ਥਾਪੜੇ ਨਾਲ ਮੁਸਲਮਾਨ ਤੇ ਈਸਾਈ ਵਸੋਂ, ਦਲਿਤਾਂ-ਔਰਤਾਂ, ਆਦਿਵਾਸੀਆਂ, ਪ੍ਰਗਤੀਸ਼ੀਲ ਸੰਗਠਨਾਂ ਤੇ ਬੁਧੀਜੀਵੀਆਂ 'ਤੇ ਢਾਹੇ ਜਾ ਰਹੇ ਅਕਹਿ ਤੇ ਅਸਹਿ ਜ਼ੁਲਮਾਂ ਦਾ ਗੰਭੀਰ ਨੋਟਿਸ ਲਿਆ ਹੈ। ਮੀਟਿੰਗ ਨੇ ਉਪਰੋਕਤ ਦੁਵੱਲੇ ਹਮਲੇ ਖਿਲਾਫ ਪੰਜਾਬ ਦੇ ਪਿੰਡਾਂ-ਸ਼ਹਿਰਾਂ 'ਚ ਫਾਸ਼ੀ ਹਮਲਿਆਂ ਵਿਰੋਧੀ ਫਰੰਟ ਨਾਲ ਮਿਲ ਕੇ ਅਤੇ ਆਜ਼ਾਦਾਨਾ ਤੌਰ 'ਤੇ ਜਨ ਚੇਤਨਾ ਮੁਹਿੰਮ ਚਲਾਉਣ ਦੀ ਵਿਉਂਤਬੰਦੀ ਉਲੀਕੀ ਹੈ। ਮੁਹਿੰਮ ਦੌਰਾਨ ਐਸ.ਆਈ.ਆਰ. ਤੇ ਦਲ ਬਦਲੀ ਸਮੇਤ ਲੋਕ ਰਾਜ, ਧਰਮ ਨਿਰਪੱਖਤਾ ਤੇ ਫੈਡਰਲਿਜ਼ਮ ਨੂੰ ਗੰਭੀਰ ਢਾਹ ਲਾ ਰਹੇ ਸੰਘ-ਭਾਜਪਾ ਤੇ ਮੋਦੀ ਸਰਕਾਰ ਦੇ ਹਰ ਹੱਲੇ ਖਿਲਾਫ਼ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਜਾਵੇਗੀ।
ਸਕੱਤਰੇਤ ਨੇ ਪੰਜਾਬ 'ਚ ਸਿਆਸੀ ਲਾਭ ਲੈਣ ਲਈ ਭੜਕਾਹਟਾਂ ਪੈਦਾ ਕੀਤੇ ਜਾਣ ਦੀਆਂ ਕੇਂਦਰੀ ਹੁਕਮਰਾਨਾਂ, ਕੱਟੜਪੰਥੀ ਤੱਤਾਂ ਤੇ ਮੌਕਾਪ੍ਰਸਤ ਸਿਆਸੀ ਧਿਰਾਂ ਦੀਆਂ ਸਾਜਿਸ਼ਾਂ ਦੀ ਜੋਰਦਾਰ ਨਿੰਦਾ ਕਰਦਿਆਂ ਪੰਜਾਬੀਆਂ ਦੇ ਸੰਜਮ ਅਤੇ ਸੰਤੁਲਤ ਸੋਚ ਦੀ ਡੱਟਵੀਂ ਸ਼ਲਾਘਾ ਕੀਤੀ ਹੈ।
ਸੂਬੇ ਦੀ 'ਆਪ' ਸਰਕਾਰ ਵਲੋਂ ਮਿਉਂਸਪਲ ਅਦਾਰਿਆਂ 'ਤੇ ਕਾਬਜ ਹੋਣ ਲਈ ਕੀਤੀ ਜਾ ਰਹੀ ਧੱਕੇਸ਼ਾਹੀ, ਖਾਸ ਕਰਕੇ ਕਾਦੀਆਂ ਤੇ ਮੋਰਿੰਡਾ ਵਿਖੇ ਕੀਤੀ ਗਈ ਮੋਦੀ-ਸ਼ਾਹ ਮਾਰਕਾ ਬੁਰਛਾਗਰਦੀ ਦੀ ਜੋਰਦਾਰ ਨਿਖੇਧੀ ਕੀਤੀ ਹੈ। ਇਸ ਮੌਕੇ ਦੋ ਕਿਸਾਨ ਸੰਗਠਨਾਂ ਦੇ ਰਲੇਵੇਂ 'ਤੇ ਖੁਸ਼ੀ ਪ੍ਰਗਟ ਕਰਦਿਆਂ ਲੋਕ ਪੱਖੀ ਸਿਆਸੀ ਧਿਰਾਂ ਨੂੰ ਵੀ ਸਾਂਝ ਕਾਇਮ ਕਰਨ ਲਈ ਹੰਭਲਾ ਮਾਰਨ ਦੀ ਪੁਰਜ਼ੋਰ ਅਪੀਲ ਕੀਤੀ ਹੈ।
ਮੀਟਿੰਗ ਦੀ ਪ੍ਰਧਾਨਗੀ ਸਾਥੀ ਰਤਨ ਸਿੰਘ ਰੰਧਾਵਾ ਨੇ ਕੀਤੀ। ਆਰੰਭ ਵਿਚ ਵਿਛੜੇ ਸਾਥੀ ਪ੍ਰੇਮ ਸਿੰਘ ਗਹਿਲਾਵਤ ਨੂੰ ਦੋ ਮਿੰਟ ਮੌਨ ਖੜੋ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ।
- Download Babushahi App
-
-