BREAKING: ਵਿਜੀਲੈਂਸ ਚੀਫ਼ ਦੇ ਰੀਡਰ ਸਣੇ 3 ਮੁਲਜ਼ਮ 12 ਜੂਨ ਤੱਕ CBI ਰਿਮਾਂਡ ’ਤੇ, ਹੁਣ ਹੋਵੇਗੀ ਆਹਮੋ-ਸਾਹਮਣੇ ਪੁੱਛਗਿੱਛ
Ravi Jakhu
ਚੰਡੀਗੜ੍ਹ, 8 ਜੂਨ 2026: ਵਿਜੀਲੈਂਸ ਵਿਭਾਗ ਵਿੱਚ ਸਾਹਮਣੇ ਆਏ ਰਿਸ਼ਵਤਖੋਰੀ ਦੇ ਚਰਚਿਤ ਮਾਮਲੇ ਵਿੱਚ ਜਾਂਚ ਦਾ ਘੇਰਾ ਲਗਾਤਾਰ ਵਧਦਾ ਜਾ ਰਿਹਾ ਹੈ। ਚੰਡੀਗੜ੍ਹ ਦੀ ਵਧੀਕ ਸੈਸ਼ਨ ਜੱਜ ਦੀ ਅਦਾਲਤ ਨੇ ਅੱਜ ਵਿਜੀਲੈਂਸ ਮੁਖੀ ਦੇ ਰੀਡਰ ਓ.ਪੀ. ਰਾਣਾ ਦੇ ਪੁਲਿਸ ਰਿਮਾਂਡ ਵਿੱਚ ਹੋਰ 5 ਦਿਨਾਂ ਦਾ ਵਾਧਾ ਕਰ ਦਿੱਤਾ ਹੈ, ਜਿਸ ਨਾਲ ਉਹ ਹੁਣ 12 ਜੂਨ ਤੱਕ ਸੀ.ਬੀ.ਆਈ. (CBI) ਦੀ ਹਿਰਾਸਤ ਵਿੱਚ ਰਹਿਣਗੇ।
ਇਸ ਮਾਮਲੇ ਵਿੱਚ ਵੱਡੀ ਕਾਰਵਾਈ ਕਰਦਿਆਂ ਸੀ.ਬੀ.ਆਈ. ਨੇ ਬੁੜੈਲ ਜੇਲ੍ਹ ਵਿੱਚ ਬੰਦ ਦੋ ਹੋਰ ਮੁਲਜ਼ਮਾਂ, ਰਾਘਵ ਗੋਇਲ ਅਤੇ ਅੰਕਿਤ ਵਧਵਾ ਨੂੰ ਵੀ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਹੈ। ਅਦਾਲਤ ਨੇ ਇਨ੍ਹਾਂ ਦੋਵਾਂ ਨੂੰ ਵੀ 12 ਜੂਨ ਤੱਕ 5 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ।
ਰੀਡਰ ਰਾਣਾ ਦੇ ਆਤਮ-ਸਮਰਪਣ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਸੀ.ਬੀ.ਆਈ. ਤਿੰਨਾਂ ਮੁੱਖ ਮੁਲਜ਼ਮਾਂ ਓ.ਪੀ. ਰਾਣਾ, ਰਾਘਵ ਗੋਇਲ ਅਤੇ ਅੰਕਿਤ ਵਧਵਾ ਨੂੰ ਇੱਕੋ ਸਮੇਂ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਕਰੇਗੀ। ਜਾਂਚ ਏਜੰਸੀ ਨੂੰ ਉਮੀਦ ਹੈ ਕਿ ਇਨ੍ਹਾਂ ਤਿੰਨਾਂ ਤੋਂ ਮਿਲਣ ਵਾਲੇ ਬਿਆਨਾਂ ਵਿੱਚ ਵਿਰੋਧਾਭਾਸ ਜਾਂ ਸੱਚਾਈ ਸਾਹਮਣੇ ਆਉਣ ਨਾਲ ਰਿਸ਼ਵਤਖੋਰੀ ਦੇ ਇਸ ਨੈੱਟਵਰਕ ਦੀਆਂ ਕਈ ਪਰਤਾਂ ਖੁੱਲ੍ਹ ਸਕਦੀਆਂ ਹਨ।
ਵਿਜੀਲੈਂਸ ਵਿਭਾਗ ਦੇ ਕਈ ਵੱਡੇ ਰਾਜ਼ ਹੋ ਸਕਦੇ ਹਨ ਫ਼ਾਸ਼
ਸੂਤਰਾਂ ਮੁਤਾਬਕ ਇਹ 'ਤਿੱਕੜੀ' ਵਿਜੀਲੈਂਸ ਵਿਭਾਗ ਵਿੱਚ ਚੱਲ ਰਹੇ ਕਥਿਤ ਭ੍ਰਿਸ਼ਟਾਚਾਰ ਦੇ ਕਈ ਗੰਭੀਰ ਅਤੇ ਵੱਡੇ ਰਾਜ਼ਾਂ ਤੋਂ ਪਰਦਾ ਚੁੱਕ ਸਕਦੀ ਹੈ। ਸੀ.ਬੀ.ਆਈ. ਇਸ ਗੱਲ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਕਿ ਇਸ ਘਪਲੇ ਵਿੱਚ ਹੋਰ ਕੌਣ-ਕੌਣ ਅਧਿਕਾਰੀ ਸ਼ਾਮਲ ਹਨ ਅਤੇ ਰਿਸ਼ਵਤ ਦੀ ਰਕਮ ਦਾ ਲੈਣ-ਦੇਣ ਕਿਵੇਂ ਹੁੰਦਾ ਸੀ। ਆਉਣ ਵਾਲੇ 5 ਦਿਨ ਇਸ ਮਾਮਲੇ ਦੀ ਅਗਲੀ ਦਿਸ਼ਾ ਤੈਅ ਕਰਨ ਲਈ ਬਹੁਤ ਮਹੱਤਵਪੂਰਨ ਮੰਨੇ ਜਾ ਰਹੇ ਹਨ।
- Download Babushahi App
-
-