DSP ਸਮਰਾਲਾ ਦੇ ਦਫ਼ਤਰ ਬਾਹਰ ਹੰਗਾਮਾ! ਔਰਤਾਂ ਨੇ ਮਿੱਟੀ ਦਾ ਤੇਲ ਪਾ ਕੇ ਕੀਤੀ ਆਤਮਦਾਹ ਦੀ ਕੋਸ਼ਿਸ਼
ਬਜ਼ੁਰਗ ਮਾਤਾ ਦਫ਼ਤਰ ਦੇ ਬਾਹਰ ਹੋਈ ਬੇਹੋਸ਼, ਇਨਸਾਫ਼ ਨਾ ਮਿਲਣ ਦੇ ਲਗਾਏ ਦੋਸ਼
ਪੀੜਤ ਪਰਿਵਾਰ ਵੱਲੋਂ ਸਮਰਾਲਾ ਦੇ ਨਾਇਬ ਕੋਰਟ ਅਤੇ ਸੀਨੀਅਰ ਪੁਲਿਸ ਅਧਿਕਾਰੀ ਦੀ ਮਿਲੀ ਭੁਗਤ ਦੇ ਲੱਗੇ ਦੋਸ਼
ਡੀਐਸਪੀ ਪ੍ਰਿਤਪਾਲ ਸਿੰਘ ਨੇ ਪਰਿਵਾਰ ਨਾਲ ਕੀਤੀ ਮੁਲਾਕਾਤ, ਜਲਦ ਕਾਰਵਾਈ ਦਾ ਦਿੱਤਾ ਭਰੋਸਾ
Ravinder Singh
ਸਮਰਾਲਾ, 8 ਜੂਨ 2026: ਇਨਸਾਫ਼ ਦੀ ਮੰਗ ਨੂੰ ਲੈ ਕੇ ਪਿੰਡ ਗਗੜੇ ਦੇ ਇੱਕ ਪੀੜਤ ਪਰਿਵਾਰ ਵੱਲੋਂ ਸੋਮਵਾਰ ਨੂੰ ਡੀਐਸਪੀ ਦਫ਼ਤਰ ਸਮਰਾਲਾ ਦੇ ਬਾਹਰ ਜ਼ੋਰਦਾਰ ਧਰਨਾ ਲਗਾਇਆ ਗਿਆ। ਧਰਨੇ ਦੌਰਾਨ ਉਸ ਸਮੇਂ ਸਥਿਤੀ ਤਣਾਅਪੂਰਨ ਬਣ ਗਈ ਜਦੋਂ ਪਰਿਵਾਰ ਦੀਆਂ ਔਰਤਾਂ ਅਤੇ ਹੋਰ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੋਂ ਨਾਰਾਜ਼ ਹੋ ਕੇ ਆਪਣੇ ਉੱਪਰ ਮਿੱਟੀ ਦਾ ਤੇਲ ਪਾ ਲਿਆ ਅਤੇ ਆਤਮਦਾਹ ਕਰਨ ਦੀ ਕੋਸ਼ਿਸ਼ ਕੀਤੀ। ਮੌਕੇ 'ਤੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਤੁਰੰਤ ਦਖ਼ਲ ਦਿੰਦਿਆਂ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਲਿਆ, ਜਿਸ ਨਾਲ ਇੱਕ ਵੱਡਾ ਹਾਦਸਾ ਟਲ ਗਿਆ।
ਧਰਨੇ ਦੌਰਾਨ ਪੀੜਤ ਦਲਵੀਰ ਸਿੰਘ ਦੀ ਬਜ਼ੁਰਗ ਮਾਤਾ ਦੀ ਅਚਾਨਕ ਤਬੀਅਤ ਵਿਗੜ ਗਈ ਅਤੇ ਉਹ ਡੀਐਸਪੀ ਦਫ਼ਤਰ ਦੇ ਬਾਹਰ ਹੀ ਬੇਹੋਸ਼ ਹੋ ਕੇ ਡਿੱਗ ਪਈ। ਮਹਿਲਾ ਦੇ ਬੇਹੋਸ਼ ਹੋਣ ਨਾਲ ਮੌਕੇ 'ਤੇ ਹੜਕੰਪ ਮਚ ਗਿਆ ਅਤੇ ਪਰਿਵਾਰਕ ਮੈਂਬਰ ਭਾਵੁਕ ਹੋ ਗਏ। ਕੁਝ ਸਮੇਂ ਲਈ ਧਰਨੇ ਵਾਲੀ ਥਾਂ 'ਤੇ ਹਾਲਾਤ ਕਾਫ਼ੀ ਗੰਭੀਰ ਬਣੇ ਰਹੇ। ਹਾਲਾਂਕਿ ਪੁਲਿਸ ਵੱਲੋਂ ਬੇਹੋਸ਼ ਮਾਤਾ ਨੂੰ ਪਾਣੀ ਪਿਲਾਇਆ ਗਿਆ ਤੇ ਹਾਲਾਤ ਠੀਕ ਕਰਨ ਵਿੱਚ ਹਿੰਮਤ ਦਿਖਾਈ.
ਧਰਨੇ 'ਤੇ ਬੈਠੇ ਦਲਵੀਰ ਸਿੰਘ ਦੀ ਪਤਨੀ ਮਨਪ੍ਰੀਤ ਕੌਰ, ਭਰਾ ਬਲਵਿੰਦਰ ਸਿੰਘ, ਭੈਣ ਜਸਵੀਰ ਕੌਰ ਅਤੇ ਬੇਟੀ ਜੈਸਮੀਨ ਕੌਰ ਨੇ ਦੱਸਿਆ ਕਿ ਬੀਤੀ 11 ਮਈ ਨੂੰ ਹੋਏ ਇੱਕ ਹਮਲੇ ਵਿੱਚ ਦਲਵੀਰ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਇੱਕ ਮਾਮੂਲੀ ਵਿਵਾਦ ਤੋਂ ਬਾਅਦ ਕੁਝ ਵਿਅਕਤੀਆਂ ਨੇ ਘਰ ਵਿੱਚ ਦਾਖ਼ਲ ਹੋ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਦਲਵੀਰ ਸਿੰਘ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ।
ਪਰਿਵਾਰਕ ਮੈਂਬਰਾਂ ਅਨੁਸਾਰ ਦਲਵੀਰ ਸਿੰਘ ਇਸ ਵੇਲੇ ਚੰਡੀਗੜ੍ਹ ਦੇ ਸੈਕਟਰ-32 ਹਸਪਤਾਲ ਵਿੱਚ ਇਲਾਜ ਅਧੀਨ ਹੈ ਅਤੇ ਉਸ ਦੇ ਸਿਰ ਵਿੱਚ 32 ਟਾਂਕੇ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਘਟਨਾ ਨੂੰ ਕਰੀਬ ਇੱਕ ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਿਆ।
ਪੀੜਤ ਪਰਿਵਾਰ ਵੱਲੋਂ ਸਮਰਾਲਾ ਕੋਟ ਵਿੱਚ ਲੱਗੇ ਨਾਇਬ ਕੋਰਟ ਕੁਲਦੀਪ ਸਿੰਘ ਅਤੇ ਗਗੜੇ ਪਿੰਡ ਤੋਂ ਸੰਬੰਧਿਤ ਸੀਨੀਅਰ ਪੁਲਿਸ ਅਧਿਕਾਰੀ ਹਰਪਾਲ ਸਿੰਘ ਦੀ ਮਿਲੀ ਭਗਤ ਦੇ ਦੋਸ਼ ਲਗਾਏ ਗਏ ਕਿ ਇਹਨਾਂ ਅਫਸਰਸ਼ਾਹੀਆਂ ਨੇ ਹੁਣ ਤੱਕ ਦੋਸ਼ੀਆਂ ਨੂੰ ਗ੍ਰਫਤਾਰ ਹੋ ਨਹੀਂ ਦਿੱਤਾ
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਡੀਐਸਪੀ ਸਮਰਾਲਾ ਪ੍ਰਿਤਪਾਲ ਸਿੰਘ ਖੁਦ ਧਰਨੇ ਵਾਲੀ ਥਾਂ 'ਤੇ ਪਹੁੰਚੇ ਅਤੇ ਪੀੜਤ ਪਰਿਵਾਰ ਨਾਲ ਲੰਬੀ ਗੱਲਬਾਤ ਕੀਤੀ। ਉਨ੍ਹਾਂ ਪਰਿਵਾਰ ਦੀਆਂ ਸ਼ਿਕਾਇਤਾਂ ਸੁਣਨ ਤੋਂ ਬਾਅਦ ਭਰੋਸਾ ਦਿਵਾਇਆ ਕਿ ਪੁਲਿਸ ਵੱਲੋਂ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾ ਰਹੀ ਹੈ ਅਤੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਡੀਐਸਪੀ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਪਹਿਲਾਂ ਹੀ ਕਤਲ ਦੀ ਕੋਸ਼ਿਸ਼ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਬਾਕੀ ਰਹਿੰਦੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਪਰਿਵਾਰ ਵੱਲੋਂ ਦਿੱਤੀ ਗਈ ਨਵੀਂ ਜਾਣਕਾਰੀ ਨੂੰ ਵੀ ਜਾਂਚ ਵਿੱਚ ਸ਼ਾਮਲ ਕੀਤਾ ਗਿਆ ਹੈ।
- Download Babushahi App
-
-