ਅਕਾਲੀ ਦਲ ਨਗਰ ਨਿਗਮ ਚੋਣਾਂ ਪਾਰਟੀ ਚੋਣ ਨਿਸ਼ਾਨ ’ਤੇ ਲੜੇਗਾ
ਹਲਕਾ ਇੰਚਾਰਜਾਂ ਤੇ ਜ਼ਿਲ੍ਹਾ ਪ੍ਰਧਾਨਾਂ ਦੀ ਪਾਰਟੀ ਮੀਟਿੰਗ ’ਚ ਆਪ ਸਰਕਾਰ ਵੱਲੋਂ ਪਾਸ ਕੀਤੇ ਬੇਅਦਬੀ ਵਿਰੋਧੀ ਐਕਟ ਤਹਿਤ ਗ੍ਰੰਥੀ ਸਿੰਘਾਂ ਤੇ ਗੁਰਦੁਆਰਾ ਕਮੇਟੀਆਂ ਨੂੰ ਨਿਸ਼ਾਨਾ ਬਣਾਉਣ ਦੀ ਕੀਤੀ ਨਿਖੇਧੀ
ਚੰਡੀਗੜ੍ਹ, 8 ਮਈ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਐਲਾਨ ਕੀਤਾ ਕਿ ਪਾਰਟੀ ਪੰਜਾਬ ਵਿਚ ਆਉਂਦੀਆਂ 102 ਨਗਰ ਕੌਂਸਲ ਤੇ 9 ਨਗਰ ਨਿਗਮਾਂ ਦੀਆਂ ਚੋਣਾਂ ਪਾਰਟੀ ਦੇ ਚੋਣ ਨਿਸ਼ਾਨ ’ਤੇ ਲੜੇਗੀ। ਇਸ ਬਾਰੇ ਫੈਸਲਾ ਅੱਜ ਪਾਰਟੀ ਦੇ ਹਲਕਾ ਇੰਚਾਰਜਾਂ ਤੇ ਜ਼ਿਲ੍ਹਾ ਪ੍ਰਧਾਨਾਂ ਦੀ ਹੋਈ ਮੀਟਿੰਗ ਵਿਚ ਲਿਆ ਗਿਆ ਜਿਸਦੀ ਪ੍ਰਧਾਨਗੀ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕੀਤੀ। ਮੀਟਿੰਗ ਵਿਚ ਆਪ ਸਰਕਾਰ ਵੱਲੋਂ ਪਾਸ ਕੀਤੇ ਬੇਅਦਬੀ ਵਿਰੋਧੀ ਕਾਨੂੰਨ ਵਿਚ ਗ੍ਰੰਥੀ ਸਿੰਘਾਂ ਤੇ ਗੁਰਦੁਆਰਾ ਕਮੇਟੀਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਖਵਾਲੇ ਹੋਣ ਦੇ ਨਾਅਤੇ ਨਿਸ਼ਾਨਾ ਬਣਾਏ ਜਾਣ ਦੀ ਵੀ ਨਿਖੇਧੀ ਕੀਤੀ ਗਈ। ਪਾਰਟੀ ਨੇ ਕਿਹਾ ਕਿ ਉਹ ਚਾਹੁੰਦੀ ਹੈ ਕਿ ਪਵਿੱਕਰ ਗ੍ਰੰਥਾਂ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇ ਪਰ ਗ੍ਰੰਥੀਆਂ ਤੇ ਗੁਰਦੁਆਰਾ ਕਮੇਟੀਆਂ ’ਤੇ ਅਜਿਹੇ ਕੇਸ ਨਹੀਂ ਚੱਲਣੇ ਚਾਹੀਦੇ।
ਵੇਰਵੇ ਸਾਂਝੇ ਕਰਦਿਆਂ ਪਾਰਟੀ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੇਅਦਬੀ ਵਿਰੋਧੀ ਕਾਨੂੰਨ ਵਿਚ ਵਰਤੇ ’ਕਸਟੋਡੀਅਨ’ ਸ਼ਬਦ ਦੇ ਅਰਥ ਤੋੜ ਮਰੋੜ ਕੇ ਪੇਸ਼ ਕਰਨ ਦੀ ਵੀ ਨਿਖੇਧੀ ਕੀਤੀ। ਡਾ. ਚੀਮਾ ਨੇ ਦੱਸਿਆ ਕਿ ਪਾਰਟੀ ਨੇ ਸਾਰੇ ਹਲਕਾ ਇੰਚਾਰਜਾਂ ਨੂੰ ਅਧਿਕਾਰ ਦਿੱਤੇ ਕਿ ਉਹ ਐਸ ਆਈ ਆਰ ਪ੍ਰਕਿਰਿਆ ਵਾਸਤੇ ਬਲਾਕ ਪੱਧਰੀ ਏਜੰਟਾਂ (ਬੀ ਐਲ ਓ) ਦੀ ਨਿਯੁਕਤੀ ਕਰਨ। ਉਹਨਾਂ ਕਿਹਾ ਕਿ ਜੇਕਰ ਐਸ ਆਈ ਆਰ ਦੌਰਾਨ ਗਲਤ ਵੋਟਾਂ ਕੱਟੀਆਂ ਜਾਂਦੀਆਂ ਹਨ ਜਾਂ ਕੋਈ ਹੋਰ ਮੁਸ਼ਕਿਲ ਆਉਂਦੀ ਹੈ ਤਾਂ ਫਿਰ ਇਹ ਬੀ ਐਲ ਓ ਲੋਕਾਂ ਦੀ ਮਦਦ ਕਰ ਸਕਦੇ ਹਨ।
ਅਕਾਲੀ ਆਗੂ ਨੇ ਕਿਹਾ ਕਿ ਮੀਟਿੰਗ ਨੇ ਸੂਬੇ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਢਹਿ ਢੇਰੀ ਹੋਣ ਦਾ ਵੀ ਗੰਭੀਰ ਨੋਟਿਸ ਲਿਆ। ਉਹਨਾਂ ਕਿਹਾ ਕਿ ਹਾਲ ਹੀ ਵਿਚ ਜਲੰਧਰ ਵਿਚ ਬੀ ਐਸ ਐਫ ਹੈਡਕੁਆਰਟਰ ਦੇ ਨੇੜੇ ਅਤੇ ਅੰਮ੍ਰਿਤਸਰ ਵਿਚ ਫੌਜੀ ਛਾਉਣੀ ਦੇ ਨੇੜੇ ਬੰਬ ਧਮਾਕੇ ਹੋਏ ਜਿਸ ਤੋਂ ਸਾਬਤ ਹੁੰਦਾ ਹੈ ਕਿ ਸੂਬੇ ਵਿਚ ਕੋਈ ਵੀ ਸੁਰੱਖਿਅਤ ਨਹੀਂ ਹੈ।
ਉਹਨਾਂ ਕਿਹਾ ਕਿ ਬਜਾਏ ਘਟਨਾਵਾਂ ਦੀ ਨੈਤਿਕ ਜ਼ਿੰਮੇਵਾਰੀ ਚੁੱਕਣ ਦੇ ਮੁੱਖ ਮੰਤਰੀ ਭਗਵੰਤ ਮਾਨ ਬਿਨਾਂ ਕੋਈ ਸਬੂਤ ਦਿੱਤਿਆਂ ਦੂਸ਼ਣਬਾਜ਼ੀ ਵਿਚ ਉਲਝ ਗਏ ਹਨ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਧਮਾਕਿਆਂ ਵਾਸਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ ਜਦੋਂ ਕਿ ਸੂਬੇ ਦੇ ਡੀ ਜੀ ਪੀ ਇਸ ਵਾਸਤੇ ਪਾਕਿਸਤਾਨ ਆਧਾਰਿਤ ਏਜੰਸੀਆਂ ਨੂੰ ਜ਼ਿੰਮੇਵਾਰ ਦੱਸ ਰਹੇ ਹਨ।
ਡਾ. ਚੀਮਾ ਨੇ ਕਿਹਾ ਕਿ ਮੀਟਿੰਗ ਵਿਚ ਇਸ ਗੱਲ ਦਾ ਵੀ ਨੋਟਿਸ ਲਿਆ ਗਿਆ ਕਿ ਸੂਬੇ ਦੇ ਇਤਿਹਾਸ ਵਿਚ ਪਹਿਲੀ ਵਾਰ ਨੋਟਾਂ ਦੀ ਵਰਖਾ ਹੁੰਦੀ ਵੇਖੀ ਗਈ ਹੈ। ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਮੁੱਖ ਮੰਤਰੀ ਦੇ ਓ ਐਸ ਡੀ ਅਤੇ ਸੂਬਾ ਆਪ ਪ੍ਰਧਾਨ ਅਮਨ ਅਰੋੜਾ ਨਾਲ ਜੁੜੇ ਵਿਅਕਤੀ ਇਹਨਾਂ ਭ੍ਰਿਸ਼ਟ ਕਾਰਵਾਈਆਂ ਵਿਚ ਸ਼ਾਮਲ ਹਨ ਅਤੇ ਇਸ ਤੋਂ ਸਾਬਤ ਹੁੰਦਾ ਹੈ ਕਿ ਆਪ ਵਿਚ ਸਿਖ਼ਰਲੇ ਵਿਅਕਤੀ ਹੀ ਭ੍ਰਿਸ਼ਟਾਚਾਰ ਵਿਚ ਲੱਗੇ ਹਨ।
ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ, ਉਹਨਾਂ ਦਾ ਨਿੱਜੀ ਸਟਾਫ ਤੇ ਆਪ ਲੀਡਰਸ਼ਿਪ ਭ੍ਰਿਸ਼ਟਾਚਾਰ ਵਿਚ ਨੱਕੋ ਨੱਕ ਡੁੱਬੇ ਹਨ। ਉਹਨਾਂ ਕਿਹਾ ਕਿ ਭਗਵੰਤ ਮਾਨ ਵੱਲੋਂ ਕੀਤੀ ਜਾ ਰਹੀ ’ਸ਼ੁਕਰਾਨਾ ਯਾਤਰਾ’ ਹੋਰ ਕੁਝ ਨਹੀਂ ਬਲਕਿ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਹੈ। ਉਹਨਾਂ ਕਿਹਾ ਕਿ ਹਰ ਜ਼ਿਲ੍ਹੇ ਵਿਚ 1000 ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਦੱਸਦੀ ਹੈ ਕਿ ਮੁੱਖ ਮੰਤਰੀ ਨੂੰ ਆਪਣੇ ਹੀ ਲੋਕਾਂ ਤੋਂ ਕਿੰਨਾ ਡਰ ਲੱਗਦਾ ਹੈ।
- Download Babushahi App
-
-