ਮੋਹਾਲੀ 'ਚ ED ਦੀ ਰੇਡ 'ਤੇ CM ਮਾਨ ਦਾ ਪਹਿਲਾ ਬਿਆਨ; ਕਿਹਾ- "ਸਾਡਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ, ED ਜਿੱਥੇ ਚਾਹੇ ਜਾਂਚ ਕਰੇ"
ਰੇਡ ਦੌਰਾਨ ਨੋਟਾਂ ਨਾਲ ਭਰੇ ਬੈਗ ਮਿਲਣ ਦੀ ਚਰਚਾ; CM ਨੇ ਦੱਸਿਆ ਪੁਰਾਣੀ ਕੰਪਨੀ ਨਾਲ ਸਬੰਧਿਤ ਮਾਮਲਾ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ/ਮੋਹਾਲੀ, 7 ਮਈ 2026- ਮੋਹਾਲੀ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਕੀਤੀ ਗਈ ਵੱਡੀ ਛਾਪੇਮਾਰੀ ਤੋਂ ਬਾਅਦ ਸੂਬੇ ਵਿੱਚ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਇਸ ਮਾਮਲੇ 'ਤੇ ਆਪਣਾ ਪੱਖ ਰੱਖਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਸੀ.ਐੱਮ ਮਾਨ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ ਇਸ ਰੇਡ ਦਾ ਉਨ੍ਹਾਂ ਦੀ ਸਰਕਾਰ ਜਾਂ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ।
ਮੁੱਖ ਮੰਤਰੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, "ED ਦੀ ਰੇਡ ਦਾ ਸਾਡੇ ਨਾਲ ਕੋਈ ਸਬੰਧ ਨਹੀਂ ਹੈ। ਇਹ ਕਿਸੇ ਪੁਰਾਣੀ ਕੰਪਨੀ ਦੇ ਸਿਲਸਿਲੇ ਵਿੱਚ ਹੋ ਰਹੀ ਜਾਂਚ ਦਾ ਹਿੱਸਾ ਜਾਪਦਾ ਹੈ। ਜਿਨ੍ਹਾਂ ਲੋਕਾਂ 'ਤੇ ED ਛਾਪੇਮਾਰੀ ਕਰ ਰਹੀ ਹੈ, ਸਾਡਾ ਉਨ੍ਹਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।" ਉਨ੍ਹਾਂ ਅੱਗੇ ਕਿਹਾ ਕਿ ਏਜੰਸੀਆਂ ਸੁਤੰਤਰ ਹਨ ਅਤੇ ਉਹ ਜਿੱਥੇ ਚਾਹੁਣ ਉੱਥੇ ਜਾਂਚ ਜਾਂ ਚੈਕਿੰਗ ਕਰ ਸਕਦੀਆਂ ਹਨ।
ਦੱਸਿਆ ਜਾ ਰਿਹਾ ਹੈ ਕਿ ਮੋਹਾਲੀ ਵਿੱਚ ਹੋਈ ਇਸ ਛਾਪੇਮਾਰੀ ਦੌਰਾਨ ED ਦੀਆਂ ਟੀਮਾਂ ਨੂੰ ਨੋਟਾਂ ਨਾਲ ਭਰਿਆ ਇੱਕ ਵੱਡਾ ਬੈਗ (ਜ਼ਖ਼ੀਰਾ) ਬਰਾਮਦ ਹੋਇਆ ਹੈ। ਸੂਤਰਾਂ ਮੁਤਾਬਿਕ, ਰੇਡ ਦੌਰਾਨ ਕੁੱਝ ਲੋਕਾਂ ਵੱਲੋਂ ਮੌਕੇ ਤੋਂ ਬੈਗਾਂ ਨੂੰ ਹਟਾਉਣ ਜਾਂ ਖਿਸਕਾਉਣ ਦੀ ਕੋਸ਼ਿਸ਼ ਵੀ ਕੀਤੀ ਗਈ, ਜਿਸ ਨੂੰ ED ਦੀਆਂ ਟੀਮਾਂ ਨੇ ਨਾਕਾਮ ਕਰ ਦਿੱਤਾ। ਫ਼ਿਲਹਾਲ ED ਵੱਲੋਂ ਨੋਟਾਂ ਦੀ ਗਿਣਤੀ ਅਤੇ ਦਸਤਾਵੇਜ਼ਾਂ ਦੀ ਜਾਂਚ ਜਾਰੀ ਹੈ।
ਮੁੱਖ ਮੰਤਰੀ ਨੇ ਦੁਹਰਾਇਆ ਕਿ ਇਹ ਕਿਸੇ ਪੁਰਾਣੇ ਮਾਮਲੇ ਦੀ ਜਾਂਚ ਦਾ ਹਿੱਸਾ ਹੈ ਅਤੇ ਵਿਰੋਧੀਆਂ ਵੱਲੋਂ ਇਸ ਨੂੰ ਸਰਕਾਰ ਨਾਲ ਜੋੜਨਾ ਗ਼ਲਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਾਰਦਰਸ਼ੀ ਤਰੀਕੇ ਨਾਲ ਕੰਮ ਕਰ ਰਹੀ ਹੈ ਅਤੇ ਅਜਿਹੀਆਂ ਕਾਰਵਾਈਆਂ 'ਤੇ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ ਕਿਉਂਕਿ ਇਹ ਕਾਨੂੰਨੀ ਪ੍ਰਕਿਰਿਆ ਦਾ ਹਿੱਸਾ ਹਨ।
- Download Babushahi App
-
-