ਪਿੰਡ ਮੱਲਕੇ ਦੇ ਸਰਪੰਚ ਜਸਵਿੰਦਰ ਰਾਜਾ ਮੱਲਕੇ ਦੀ ਧੀ ਜਸਦੀਪ ਕੌਰ ਬਰਾੜ ਨੇ ਕੈਨੇਡਾ ਪੁਲਸ ਵਿੱਚ 'ਪੀਸ ਆਫੀਸਰ' ਬਣਕੇ ਦੁਨੀਆਂ ਭਰ ਵਿੱਚ ਪੰਜਾਬੀਆਂ ਦਾ ਮਾਣ ਵਧਾਇਆ
ਬਾਬੂਸ਼ਾਹੀ ਬਿਊਰੋ
ਪੰਜਗਰਾਈਂ ਕਲਾਂ,5 ਅਪ੍ਰੈਲ (ਸੁਖਜਿੰਦਰ ਸਿੰਘ ਪੰਜਗਰਾਈਂ) :ਇਥੋਂ ਨੇੜਲੇ ਪਿੰਡ ਮੱਲਕੇ ਦੇ ਸਰਪੰਚ ਜਸਵਿੰਦਰ ਸਿੰਘ ਰਾਜਾ ਮੱਲਕੇ ਦੀ ਹੋਣਹਾਰ ਧੀ ਜਸਦੀਪ ਕੌਰ ਬਰਾੜ ਨੇ ਕੈਨੇਡਾ ਪੁਲਿਸ ਵਿੱਚ 'ਪੀਸ ਆਫੀਸਰ' ਵਜੋਂ ਨਿਯੁਕਤ ਹੋ ਕੇ ਆਪਣੇ ਪਿੰਡ ਇਲਾਕੇ ਅਤੇ ਪੂਰੇ ਪੰਜਾਬ ਦਾ ਸਿਰ ਫ਼ਖ਼ਰ ਨਾਲ ਉੱਚਾ ਕਰ ਦਿੱਤਾ ਹੈ ਤੇ ਪੰਜਾਬੀਆਂ ਦਾ ਮਾਣ ਦੁਨੀਆਂ ਭਰ ਵਿੱਚ ਵਧਾਇਆ ਹੈ। ਜਸਦੀਪ ਕੌਰ ਦੇ ਪਿਤਾ ਪਿੰਡ ਮੱਲਕੇ ਦੇ ਮੌਜੂਦਾ ਸਰਪੰਚ ਹਨ। ਜਿਉਂ ਹੀ ਜਸਦੀਪ ਕੌਰ ਬਰਾੜ ਦੀ ਇਸ ਵੱਡੀ ਕਾਮਯਾਬੀ ਦੀ ਖ਼ਬਰ ਪਿੰਡ ਮੱਲਕੇ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਪਹੁੰਚੀ ਤਾਂ ਇਲਾਕੇ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਜਸਦੀਪ ਕੌਰ ਬਰਾੜ ਦੇ ਪਿਤਾ ਸਰਪੰਚ ਜਸਵਿੰਦਰ ਸਿੰਘ ਰਾਜਾ ਮੱਲਕੇ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।
ਰਿਸ਼ਤੇਦਾਰ, ਪਿੰਡ ਵਾਸੀ, ਸਿਆਸੀ ਆਗੂ ਅਤੇ ਇਲਾਕੇ ਦੇ ਪਤਵੰਤੇ ਸੱਜਣ ਪਰਿਵਾਰ ਨੂੰ ਮੁਬਾਰਕਬਾਦ ਦੇਣ ਲਈ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚ ਰਹੇ ਹਨ। ਲੋਕ ਮੂੰਹ ਮਿੱਠਾ ਕਰਵਾ ਕੇ ਅਤੇ ਢੋਲ ਦੇ ਡਗੇ 'ਤੇ ਭੰਗੜੇ ਪਾ ਕੇ ਇਸ ਖੁਸ਼ੀ ਨੂੰ ਸਾਂਝਾ ਕਰ ਰਹੇ ਹਨ। ਹਰ ਕਿਸੇ ਦੀ ਜ਼ੁਬਾਨ 'ਤੇ ਜਸਦੀਪ ਕੌਰ ਦੀ ਮਿਹਨਤ ਅਤੇ ਲਗਨ ਦੀਆਂ ਗੱਲਾਂ ਹਨ। ਪਿੰਡ ਦੇ ਬਜ਼ੁਰਗ ਆਪਣੀ ਧੀ ਦੀ ਇਸ ਪ੍ਰਾਪਤੀ 'ਤੇ ਅਸੀਸਾਂ ਦੇ ਰਹੇ ਹਨ।ਕੈਨੇਡਾ ਵਰਗੇ ਵਿਕਸਿਤ ਦੇਸ਼ ਵਿਚ ਜਾ ਕੇ ਉੱਥੋਂ ਦੇ ਸਿਸਟਮ ਨੂੰ ਸਮਝਣਾ ਅਤੇ ਫਿਰ ਪੁਲਸ ਵਿਭਾਗ ਵਰਗੀ ਅਹਿਮ ਫੋਰਸ ਵਿਚ ਭਰਤੀ ਹੋਣਾ ਕੋਈ ਸੌਖਾ ਕੰਮ ਨਹੀਂ ਹੈ। ਇਸ ਮੁਕਾਮ ਤੱਕ ਪਹੁੰਚਣ ਲਈ ਸਰੀਰਕ, ਮਾਨਸਿਕ ਅਤੇ ਅਕਾਦਮਿਕ ਤੌਰ 'ਤੇ ਬਹੁਤ ਸਖ਼ਤ ਪ੍ਰੀਖਿਆਵਾਂ ਵਿਚੋਂ ਗੁਜ਼ਰਨਾ ਪੈਂਦਾ ਹੈ। ਜਸਦੀਪ ਕੌਰ ਬਰਾੜ ਨੇ ਆਪਣੀ ਅਣਥੱਕ ਮਿਹਨਤ, ਦ੍ਰਿੜ੍ਹ ਇਰਾਦੇ ਅਤੇ ਮਾਪਿਆਂ ਵੱਲੋਂ ਦਿੱਤੇ ਗਏ ਚੰਗੇ ਸੰਸਕਾਰਾਂ ਸਦਕਾ ਇਹ ਵੱਡੀ ਮੰਜ਼ਿਲ ਸਰ ਕੀਤੀ ਹੈ। ਉਸਨੇ ਸਾਬਤ ਕਰ ਦਿੱਤਾ ਹੈ ਕਿ ਜੇਕਰ ਇਨਸਾਨ ਦੇ ਹੌਂਸਲੇ ਬੁਲੰਦ ਹੋਣ ਅਤੇ ਨਿਸ਼ਾਨਾ ਮਿੱਥਿਆ ਹੋਵੇ ਤਾਂ ਦੁਨੀਆ ਦੀ ਕੋਈ ਵੀ ਤਾਕਤ ਉਸਨੂੰ ਆਪਣਾ ਟੀਚਾ ਹਾਸਲ ਕਰਨ ਤੋਂ ਰੋਕ ਨਹੀਂ ਸਕਦੀ। ਸਰਪੰਚ ਰਾਜਾ ਮੱਲਕੇ ਨੇ ਖੁਸ਼ੀ ਜਾਹਰ ਕਰਦਿਆਂ ਕਿਹਾ ਕਿ ਅੱਜ ਉਨ੍ਹਾਂ ਦੀ ਧੀ ਨੇ ਉਨ੍ਹਾਂ ਦਾ ਅਤੇ ਪੂਰੇ ਪਿੰਡ ਦਾ ਸੁਫਨਾ ਪੂਰਾ ਕਰ ਦਿੱਤਾ ਹੈ। ਵਿਦੇਸ਼ੀ ਧਰਤੀ 'ਤੇ ਕਾਨੂੰਨ ਵਿਵਸਥਾ ਕਾਇਮ ਰੱਖਣ ਵਾਲੀ ਫੋਰਸ ਦਾ ਹਿੱਸਾ ਬਣਨਾ ਉਹਨਾਂ ਦੇ ਪਰਿਵਾਰ ਲਈ ਬਹੁਤ ਮਾਣ ਵਾਲੀ ਗੱਲ ਹੈ। ਪੂਰਾ ਇਲਾਕਾ ਆਸ ਕਰਦਾ ਹੈ ਕਿ ਜਸਦੀਪ ਕੌਰ ਬਰਾੜ ਆਪਣੀ ਡਿਊਟੀ ਪੂਰੀ ਇਮਾਨਦਾਰੀ, ਤਨਦੇਹੀ ਅਤੇ ਨਿਰਪੱਖਤਾ ਨਾਲ ਨਿਭਾਵੇਗੀ ਅਤੇ ਭਵਿੱਖ ਵਿਚ ਵੀ ਹੋਰ ਵੱਡੀਆਂ ਬੁਲੰਦੀਆਂ ਨੂੰ ਛੂਹੇਗੀ। ਜਸਦੀਪ ਕੌਰ ਬਰਾੜ ਤੇ ਵਿਦੇਸ਼ ਦੀ ਧਰਤੀ ਪੁਲਿਸ ਅਫਸਰ ਬਣਨ ਤੇ ਦੁਨੀਆਂ ਭਰ ਵਿੱਚ ਵਸਦੇ ਪੰਜਾਬੀਆਂ ਨੂੰ ਮਾਣ ਹੈ ਤੇ ਸ਼ੋਸ਼ਲ ਮੀਡੀਆ ਤੇ ਵੀ ਜਸਦੀਪ ਕੌਰ ਬਰਾੜ ਦੀ ਪ੍ਰਾਪਤੀ ਤੇ ਪੰਜਾਬੀ ਇਕ ਦੂਜੇ ਨੂੰ ਮੁਬਾਰਕਬਾਦ ਦੇ ਕੇ ਖੁਸ਼ੀ ਦਾ ਇਜ਼ਹਾਰ ਕਰ ਰਹੇ ਹਨ।
- Download Babushahi App
-
-