ਫੋਨ ਬਣਿਆ ਟਰੱਕਰ ਦੀ ਲਾਈਫਲਾਈਨ, ਪਰ ਐਕਸੀਡੈਂਟ ਦਾ ਵੱਡਾ ਕਾਰਨ ਵੀ-- ਗੁਰਿੰਦਰਜੀਤ ਸਿੰਘ “ਨੀਟਾ ਮਾਛੀਕੇ”
ਲੇਖਕ-ਗੁਰਿੰਦਰਜੀਤ ਸਿੰਘ “ਨੀਟਾ ਮਾਛੀਕੇ”
ਅਮਰੀਕਾ ਵਿੱਚ ਪੰਜਾਬੀ ਟਰੱਕਿੰਗ ਇੰਡਸਟਰੀ ਦਾ ਇਤਿਹਾਸ ਵੇਖਿਆ ਜਾਵੇ ਤਾਂ 1990 ਦੇ ਦਹਾਕੇ ਤੋਂ ਵੱਡੀ ਗਿਣਤੀ ਵਿੱਚ ਪੰਜਾਬੀ ਭਾਈਚਾਰੇ ਦੇ ਲੋਕ ਇਸ ਖੇਤਰ ਨਾਲ ਜੁੜਣ ਲੱਗ ਪਏ। ਉਸ ਸਮੇਂ ਦੀ ਟਰੱਕਿੰਗ ਜ਼ਿੰਦਗੀ ਅੱਜ ਨਾਲੋਂ ਕਾਫ਼ੀ ਵੱਖਰੀ ਤੇ ਮੁਸ਼ਕਲ ਸੀ। ਨਾ ਟਰੱਕਾਂ ਵਿੱਚ GPS ਹੁੰਦਾ ਸੀ, ਨਾ ਸਮਾਰਟਫੋਨ, ਨਾ ਇੰਟਰਨੈਟ ਤੇ ਨਾ ਹੀ ਟਰੱਕ ਆਟੋ ਹੁੰਦੇ ਸਨ। ਟਰੱਕਰ ਆਪਣੀ ਗੱਲਬਾਤ ਲਈ ਮੁੱਖ ਤੌਰ ‘ਤੇ CB ਰੇਡੀਓ ਦਾ ਸਹਾਰਾ ਲੈਂਦੇ ਸਨ। ਮਨੋਰੰਜਨ ਲਈ ਟੇਪ ਰਿਕਾਰਡਰ ਹੁੰਦਾ ਸੀ, ਜੋ ਲੰਮੇ ਸਫ਼ਰਾਂ ਵਿੱਚ ਸਾਥ ਦਿੰਦਾ ਸੀ।
ਉਸ ਵੇਲੇ ਜੇ ਡਰੈਕਸ਼ਨ ਦੀ ਲੋੜ ਪੈਂਦੀ ਸੀ ਤਾਂ ਪੇਅ ਫੋਨ ਜਾਂ ਮੈਪਾਂ ‘ਤੇ ਨਿਰਭਰ ਕਰਨਾ ਪੈਂਦਾ ਸੀ। ਕਈ ਵਾਰ ਟਰੱਕਰਾਂ ਨੂੰ ਅਜਿਹੀਆਂ ਥਾਵਾਂ ‘ਤੇ ਰੁਕਣਾ ਪੈਂਦਾ ਸੀ ਜਿੱਥੇ ਸਿਰਫ਼ ਇੱਕ ਫੋਨ ਬੂਥ ਹੀ ਬਾਹਰੀ ਦੁਨੀਆ ਨਾਲ ਸੰਪਰਕ ਦਾ ਸਾਧਨ ਹੁੰਦਾ ਸੀ। ਪੇਜਰ ਵਧ ਤੋਂ ਵਧ ਸਹੂਲਤ ਸੀ, ਪਰ ਤੁਰੰਤ ਗੱਲਬਾਤ ਕਰਨਾ ਆਸਾਨ ਨਹੀਂ ਸੀ। ਇਕੱਲਤਾ ਉਸ ਸਮੇਂ ਟਰੱਕਰ ਦੀ ਸਭ ਤੋਂ ਵੱਡੀ ਚੁਣੌਤੀ ਸੀ।
ਜਦੋਂ ਪਹਿਲੀ ਵਾਰ ਸੈੱਲਫੋਨ ਆਏ, ਉਹ ਬਹੁਤ ਮਹਿੰਗੇ ਤੇ ਸੀਮਤ ਵਰਤੋਂ ਵਾਲੇ ਸਨ। ਹੌਲੀ-ਹੌਲੀ ਟੈਕਨਾਲੋਜੀ ਦੇ ਵਿਕਾਸ ਨਾਲ ਮੁਕਾਬਲਾ ਵਧਿਆ ਅਤੇ ਮੋਬਾਈਲ ਫੋਨ ਆਮ ਲੋਕਾਂ ਦੀ ਪਹੁੰਚ ਵਿੱਚ ਆ ਗਏ। ਫਿਰ ਇੰਟਰਨੈਟ ਨੇ ਪੂਰੀ ਦੁਨੀਆ ਨੂੰ ਹੱਥ ਦੀ ਉਂਗਲ ‘ਤੇ ਲਿਆ ਦਿੱਤਾ। ਅੱਜ ਦੇ ਸਮੇਂ ਵਿੱਚ ਸਮਾਰਟਫੋਨ ਟਰੱਕਰ ਲਈ ਇਕ ਲਾਜ਼ਮੀ ਸਾਧਨ ਬਣ ਚੁੱਕਾ ਹੈ।
ਆਧੁਨਿਕ ਟਰੱਕਿੰਗ ਵਿੱਚ ਫੋਨ ਇੱਕ “ਲਾਈਫਲਾਈਨ” ਦੀ ਭੂਮਿਕਾ ਨਿਭਾ ਰਿਹਾ ਹੈ। ਡਰਾਈਵਰ ਆਪਣੇ ਪਰਿਵਾਰ, ਦੋਸਤਾਂ ਅਤੇ ਡਿਸਪੈਚ ਨਾਲ ਹਰ ਵੇਲੇ ਜੁੜਿਆ ਰਹਿੰਦਾ ਹੈ। GPS ਨਾਲ ਰਸਤੇ ਲੱਭਣੇ ਬਹੁਤ ਆਸਾਨ ਹੋ ਗਏ ਹਨ। ਜੇ ਕਿਤੇ ਟਰੱਕ ਖਰਾਬ ਹੋ ਜਾਵੇ ਜਾਂ ਐਮਰਜੈਂਸੀ ਆ ਜਾਵੇ ਤਾਂ ਤੁਰੰਤ ਮਦਦ ਲਈ ਸੰਪਰਕ ਕੀਤਾ ਜਾ ਸਕਦਾ ਹੈ, ਜਿਸ ਨਾਲ ਸੁਰੱਖਿਆ ਦਾ ਅਹਿਸਾਸ ਵਧਦਾ ਹੈ।
ਪਰ ਜਿੱਥੇ ਇਹ ਸਹੂਲਤ ਹੈ, ਉੱਥੇ ਖਤਰੇ ਵੀ ਘੱਟ ਨਹੀਂ। ਅੱਜਕੱਲ੍ਹ ਬਹੁਤ ਸਾਰੇ ਡਰਾਈਵਰ ਡਰਾਈਵ ਕਰਦੇ ਸਮੇਂ ਟੈਕਸਟ ਮੈਸੇਜ, ਸੋਸ਼ਲ ਮੀਡੀਆ ਜਾਂ ਵੀਡੀਓ ਦੇਖਣ ਵਿੱਚ ਲੱਗ ਜਾਂਦੇ ਹਨ। YouTube, Facebook ਵਰਗੀਆਂ ਐਪਸ ਮਨੋਰੰਜਨ ਦਾ ਵਧੀਆ ਸਾਧਨ ਹਨ, ਪਰ ਡਰਾਈਵਿੰਗ ਦੌਰਾਨ ਇਹਨਾਂ ਦੀ ਵਰਤੋਂ ਸਿੱਧਾ ਸੇਫਟੀ ਨਾਲ ਸਮਝੌਤਾ ਹੈ।
ਹਾਂ, ਜੇ ਗੱਲ ਸਿਰਫ਼ ਹੈਂਡਸ-ਫਰੀ ਜਾਂ ਹੈਡਸੈਟ ਰਾਹੀਂ ਫੋਨ ‘ਤੇ ਗੱਲਬਾਤ ਤੱਕ ਸੀਮਿਤ ਰਹੇ, ਤਾਂ ਇਹ ਇਕੱਲਤਾ ਘਟਾਉਣ ਅਤੇ ਮਨ ਨੂੰ ਤਾਜ਼ਗੀ ਦੇਣ ਲਈ ਫਾਇਦਾਮੰਦ ਹੈ। ਪਰ ਲਾਈਵ ਵੀਡੀਓ ਕਾਲ, ਟੈਕਸਟਿੰਗ ਜਾਂ ਵੀਡੀਓ ਵੇਖਣਾ ਡਰਾਈਵਿੰਗ ਸਮੇਂ ਬਹੁਤ ਖਤਰਨਾਕ ਹੋ ਸਕਦਾ ਹੈ। ਇਹ ਨਾ ਸਿਰਫ਼ ਆਪਣੇ ਲਈ, ਸਗੋਂ ਸੜਕ ‘ਤੇ ਹੋਰ ਲੋਕਾਂ ਲਈ ਵੀ ਖਤਰਾ ਬਣ ਜਾਂਦਾ ਹੈ।
ਇਸ ਲਈ ਲੋੜ ਹੈ ਸੰਤੁਲਨ ਦੀ। ਟਰੱਕਰਾਂ ਨੂੰ ਚਾਹੀਦਾ ਹੈ ਕਿ ਫੋਨ ਦੀ ਵਰਤੋਂ ਜ਼ਿੰਮੇਵਾਰੀ ਨਾਲ ਕਰਨ। ਜਦੋਂ ਵੀ ਵੀਡੀਓ ਦੇਖਣੀ ਹੋਵੇ, ਮੈਸੇਜ ਭੇਜਣਾ ਹੋਵੇ ਜਾਂ ਸੋਸ਼ਲ ਮੀਡੀਆ ਵਰਤਣਾ ਹੋਵੇ, ਤਾਂ ਟਰੱਕ ਨੂੰ ਸੁਰੱਖਿਅਤ ਥਾਂ ‘ਤੇ ਖੜਾ ਕਰਕੇ ਹੀ ਇਹ ਕੰਮ ਕੀਤੇ ਜਾਣ। ਡਰਾਈਵਿੰਗ ਦੌਰਾਨ ਧਿਆਨ ਸਿਰਫ਼ ਸੜਕ ‘ਤੇ ਹੀ ਰਹਿਣਾ ਚਾਹੀਦਾ ਹੈ।
ਅਖੀਰ ਵਿੱਚ, ਫੋਨ ਟਰੱਕਰ ਲਈ ਇਕ ਅਨਮੋਲ ਸਾਧਨ ਹੈ—ਇਹ ਸਾਨੂੰ ਆਪਣੇ ਪਿਆਰਿਆਂ ਨਾਲ ਜੋੜਦਾ ਹੈ, ਸਫ਼ਰ ਆਸਾਨ ਬਣਾਉਂਦਾ ਹੈ ਅਤੇ ਐਮਰਜੈਂਸੀ ਵਿੱਚ ਸਹਾਰਾ ਬਣਦਾ ਹੈ। ਪਰ ਇਸ ਦੀ ਗਲਤ ਵਰਤੋਂ ਜ਼ਿੰਦਗੀ ਲਈ ਖਤਰਾ ਵੀ ਬਣ ਸਕਦੀ ਹੈ। ਇਸ ਲਈ ਸਾਨੂੰ ਚਾਹੀਦਾ ਹੈ ਕਿ ਇਸ ਸਹੂਲਤ ਨੂੰ ਸਮਝਦਾਰੀ ਨਾਲ ਵਰਤਦੇ ਹੋਏ ਸੇਫਟੀ ਨੂੰ ਹਮੇਸ਼ਾ ਪਹਿਲ ਦਈਏ। ਫੋਨ ਟਰੱਕਰਾਂ ਲਈ ਇੱਕ ਵੱਡੀ ਸਹੂਲਤ ਹੈ, ਪਰ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਹੋਣੀ ਚਾਹੀਦੀ ਹੈ।

-
ਗੁਰਿੰਦਰਜੀਤ ਸਿੰਘ “ਨੀਟਾ ਮਾਛੀਕੇ”, writer
sdf
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.