CM Mann ਅੱਜ (6 May) ਤੋਂ ਸ਼ੁਰੂ ਕਰਨਗੇ ਚਾਰ ਰੋਜ਼ਾ 'ਸ਼ੁਕਰਾਨਾ ਯਾਤਰਾ'
ਸੂਬੇ ਭਰ ਦੀ ਸੰਗਤ ਨਾਲ ਕਰਨਗੇ ਮੁਲਾਕਾਤ
Ravi Jakhu / ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ/ਸ੍ਰੀ ਅਨੰਦਪੁਰ ਸਾਹਿਬ, 06 ਮਈ, 2026
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਤੋਂ ਸੂਬੇ ਵਿੱਚ ਆਪਣੀ 'ਸ਼ੁਕਰਾਨਾ ਯਾਤਰਾ' (Shukrana Yatra) ਦਾ ਆਗਾਜ਼ ਕਰਨ ਜਾ ਰਹੇ ਹਨ. ਇਹ ਯਾਤਰਾ ਖਾਸ ਤੌਰ 'ਤੇ 'ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਸੋਧ 2026' (Jagat Jot Sri Guru Granth Sahib Satkar Act Amendment 2026) ਦੇ ਲਾਗੂ ਹੋਣ ਦੀ ਖੁਸ਼ੀ ਵਿੱਚ ਕੱਢੀ ਜਾ ਰਹੀ ਹੈ. ਚਾਰ ਦਿਨਾਂ ਤੱਕ ਚੱਲਣ ਵਾਲੇ ਇਸ ਦੌਰੇ ਦੌਰਾਨ ਮੁੱਖ ਮੰਤਰੀ ਪੰਜਾਬ ਭਰ ਦੀ ਸੰਗਤ ਨਾਲ ਮਿਲਣਗੇ ਅਤੇ ਵੱਖ-ਵੱਖ ਧਾਰਮਿਕ ਅਸਥਾਨਾਂ 'ਤੇ ਨਤਮਸਤਕ ਹੋਣਗੇ. ਇਸ ਯਾਤਰਾ ਦੀ ਸ਼ੁਰੂਆਤ ਅੱਜ 6 ਮਈ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕ ਕੇ ਕੀਤੀ ਜਾਵੇਗੀ, ਜਿਸ ਤੋਂ ਬਾਅਦ ਇਹ ਯਾਤਰਾ ਰੋਪੜ, ਬਲਾਚੌਰ, ਬੰਗਾ ਅਤੇ ਫਗਵਾੜਾ ਵਰਗੇ ਸ਼ਹਿਰਾਂ ਵਿੱਚੋਂ ਗੁਜ਼ਰੇਗੀ.
ਯਾਤਰਾ ਦੇ ਦੂਜੇ ਦਿਨ ਮੁੱਖ ਮੰਤਰੀ ਜਲੰਧਰ ਤੋਂ ਹੁੰਦੇ ਹੋਏ ਬਾਬਾ ਬਕਾਲਾ, ਅੰਮ੍ਰਿਤਸਰ, ਤਰਨਤਾਰਨ, ਜ਼ੀਰਾ, ਫਰੀਦਕੋਟ ਅਤੇ ਕੋਟਕਪੂਰਾ ਦਾ ਦੌਰਾ ਕਰਨਗੇ. ਤੀਜੇ ਦਿਨ ਯਾਤਰਾ ਬਠਿੰਡਾ ਪਹੁੰਚੇਗੀ ਜਿੱਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਸ਼ੁਕਰਾਨਾ ਕਰਨ ਤੋਂ ਬਾਅਦ ਇਹ ਸਰਦੂਲਗੜ੍ਹ, ਮਾਨਸਾ, ਬਰਨਾਲਾ ਅਤੇ ਸੁਨਾਮ ਵੱਲ ਵਧੇਗੀ. ਯਾਤਰਾ ਦੇ ਅੰਤਿਮ ਪੜਾਅ ਵਿੱਚ ਮੁੱਖ ਮੰਤਰੀ ਸੰਗਰੂਰ, ਸਮਾਣਾ ਅਤੇ ਪਟਿਆਲਾ ਤੋਂ ਹੁੰਦੇ ਹੋਏ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਪਹੁੰਚਣਗੇ, ਜਿੱਥੇ 9 ਮਈ ਨੂੰ ਇਸ ਯਾਤਰਾ ਦੀ ਸੰਪੂਰਨਤਾ ਹੋਵੇਗੀ. 6 ਮਈ ਤੋਂ ਸ਼ੁਰੂ ਹੋ ਕੇ 9 ਮਈ ਤੱਕ ਚੱਲਣ ਵਾਲੀ ਇਸ ਪੂਰੀ ਯਾਤਰਾ ਦੌਰਾਨ ਮੁੱਖ ਮੰਤਰੀ ਰਾਜ ਦੇ ਵੱਖ-ਵੱਖ ਹਿੱਸਿਆਂ ਵਿੱਚ ਲੋਕਾਂ ਨਾਲ ਰਾਬਤਾ ਕਾਇਮ ਕਰਨਗੇ.
- Download Babushahi App
-
-