AAP ਪੰਜਾਬ ਨੇ ਚੋਣਾਂ ਤੋਂ ਪਹਿਲਾਂ ਵੋਟਰਾਂ ਦਾ ਧਰੁਵੀਕਰਨ ਕਰਨ ਲਈ ਭਾਜਪਾ 'ਤੇ ਡਰਾਉਣ-ਧਮਕਾਉਣ ਦੀ ਰਾਜਨੀਤੀ ਕਰਨ ਦਾ ਲਗਾਇਆ ਦੋਸ਼
ਪੰਜਾਬ ਚੋਣਾਂ ਤੋਂ ਪਹਿਲਾਂ ਵੋਟਰਾਂ ਦੇ ਧਰੁਵੀਕਰਨ ਲਈ ਭਾਜਪਾ ਧਮਾਕਿਆਂ ਦਾ ਕਰ ਰਹੀ ਹੈ ਇਸਤੇਮਾਲ: ਅਮਨ ਅਰੋੜਾ
ਸੁਰੱਖਿਆ ਵਿੱਚ ਕੁਤਾਹੀ ਲਈ ਕੇਂਦਰ ਜ਼ਿੰਮੇਵਾਰ, ਪੰਜਾਬ ਸਰਕਾਰ ਨਹੀਂ: ਅਮਨ ਅਰੋੜਾ
ਪੰਜਾਬ ਡਰ ਅਤੇ ਵੰਡ ਦੀ ਰਾਜਨੀਤੀ ਵਿੱਚ ਨਹੀਂ ਆਵੇਗਾ: ਅਮਨ ਅਰੋੜਾ
ਪੰਜਾਬ ਕੋਈ ਟਰਾਫੀ ਨਹੀਂ, ਰਾਜ ਨੂੰ ਅਸਥਿਰ ਕਰਨ ਲਈ ਭਾਜਪਾ ਦੀਆਂ ਵੰਡ ਪਾਊ ਚਾਲਾਂ ਸ਼ਰਮਨਾਕ: ਹਰਜੋਤ ਬੈਂਸ
ਚੰਡੀਗੜ੍ਹ, 6 ਮਈ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਮੰਗਲਵਾਰ ਨੂੰ ਜਲੰਧਰ ਅਤੇ ਅੰਮ੍ਰਿਤਸਰ ਵਿੱਚ ਹੋਏ ਤਾਜ਼ਾ ਧਮਾਕਿਆਂ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਣ ਦੀਆਂ ਵਿਰੋਧੀ ਪਾਰਟੀਆਂ ਦੀਆਂ ਕੋਸ਼ਿਸ਼ਾਂ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਦੀ ਸਿਆਸੀ ਲਾਹੇ ਲਈ ਦੁਰਵਰਤੋਂ ਕੀਤੀ ਜਾ ਰਹੀ ਹੈ ਅਤੇ ਦੋਸ਼ ਲਾਇਆ ਕਿ ਭਾਜਪਾ ਦਾ ਚੋਣਾਂ ਤੋਂ ਪਹਿਲਾਂ ਡਰ ਅਤੇ ਵੰਡ ਪੈਦਾ ਕਰਨ ਦਾ ਇਤਿਹਾਸ ਰਿਹਾ ਹੈ।
ਅਰੋੜਾ ਨੇ ਕਿਹਾ ਕਿ ਦੇਸ਼ ਭਰ ਵਿੱਚ ਅਜਿਹਾ ਰੁਝਾਨ ਦੇਖਿਆ ਗਿਆ ਹੈ ਜਿੱਥੇ ਚੋਣਾਂ ਤੋਂ ਪਹਿਲਾਂ ਵੋਟਰਾਂ ਦਾ ਧਰੁਵੀਕਰਨ ਕਰਨ ਲਈ ਕਾਨੂੰਨ ਵਿਵਸਥਾ, ਧਰਮ ਜਾਂ ਸੁਰੱਖਿਆ ਨਾਲ ਸਬੰਧਤ ਘਟਨਾਵਾਂ ਦਾ ਸਹਾਰਾ ਲਿਆ ਜਾਂਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਅਜਿਹੀਆਂ ਚਾਲਾਂ ਅਕਸਰ ਚੋਣ ਲਾਭ ਲਈ ਅਸ਼ਾਂਤੀ ਪੈਦਾ ਕਰਨ ਅਤੇ ਭਾਈਚਾਰਿਆਂ ਨੂੰ ਵੰਡਣ ਲਈ ਰਚੀਆਂ ਜਾਂਦੀਆਂ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਚੋਣਾਂ ਵੱਲ ਵਧ ਰਿਹਾ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਲੋਕ-ਪੱਖੀ ਕੰਮਾਂ ਤੋਂ ਭਾਜਪਾ ਘਬਰਾਈ ਹੋਈ ਹੈ। ਇਸੇ ਲਈ ਅਜਿਹੀਆਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਹਨ।
ਉਨ੍ਹਾਂ ਅੱਗੇ ਕਿਹਾ ਕਿ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਲੱਗਦੇ ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਅਧਿਕਾਰ ਖੇਤਰ ਨੂੰ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਕਰਨ ਦੇ ਮੱਦੇਨਜ਼ਰ ਅਜਿਹੀਆਂ ਘਟਨਾਵਾਂ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਬਣਦੀ ਹੈ। ਇਹ ਨੋਟ ਕਰਦਿਆਂ ਕਿ ਅੰਮ੍ਰਿਤਸਰ ਅਤੇ ਜਲੰਧਰ ਦੋਵੇਂ ਇਸ ਘੇਰੇ ਵਿੱਚ ਆਉਂਦੇ ਹਨ, ਅਰੋੜਾ ਨੇ ਕਿਹਾ ਕਿ ਜਵਾਬਦੇਹੀ ਕੇਂਦਰੀ ਏਜੰਸੀਆਂ ਅਤੇ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੀ ਹੈ।
ਅਰੋੜਾ ਨੇ ਅੱਤਵਾਦ ਦੀਆਂ ਯਾਦਾਂ ਤਾਜ਼ਾ ਕਰਕੇ ਪੰਜਾਬ ਨੂੰ ਅਸਥਿਰ ਕਰਨ ਅਤੇ ਡਰ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਵਿਰੁੱਧ ਵੀ ਚੇਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬੀ ਇਨ੍ਹਾਂ “ਨਾਪਾਕ ਇਰਾਦਿਆਂ” ਤੋਂ ਜਾਣੂ ਹਨ ਅਤੇ ਉਹ ਵੰਡ ਪਾਊ ਰਾਜਨੀਤੀ ਦਾ ਸ਼ਿਕਾਰ ਨਹੀਂ ਹੋਣਗੇ।ਉਨ੍ਹਾਂ ਕਿਹਾ ਕਿ ਪੰਜਾਬ ਫਿਰਕੂ ਸਦਭਾਵਨਾ ਦੀ ਧਰਤੀ ਹੈ ਜਿੱਥੇ ਕਾਲੇ ਦੌਰ ਦੌਰਾਨ ਵੀ ਨਫ਼ਰਤ ਦੇ ਬੀਜ ਕਦੇ ਨਹੀਂ ਪੁੰਗਰੇ। ਲੋਕਾਂ ਨੂੰ ਧਾਰਮਿਕ ਲੀਹਾਂ 'ਤੇ ਵੰਡਣ ਦੀਆਂ ਕੋਸ਼ਿਸ਼ਾਂ ਇੱਥੇ ਕਦੇ ਸਫ਼ਲ ਨਹੀਂ ਹੋਣਗੀਆਂ।
ਪੰਜਾਬ ਦੀ ਏਕਤਾ ਅਤੇ ਧਰਮ ਨਿਰਪੱਖਤਾ ਦੀ ਵਿਰਾਸਤ ਨੂੰ ਦੁਹਰਾਉਂਦੇ ਹੋਏ, ਅਰੋੜਾ ਨੇ ਭਾਜਪਾ ਅਤੇ ਕੇਂਦਰ ਸਰਕਾਰ ਨੂੰ ਅਜਿਹੀਆਂ ਚਾਲਾਂ ਤੋਂ ਗੁਰੇਜ਼ ਕਰਨ ਅਤੇ ਸੂਬੇ ਦੇ ਸਮਾਜਿਕ ਤਾਣੇ-ਬਾਣੇ ਦਾ ਸਤਿਕਾਰ ਕਰਨ ਦੀ ਅਪੀਲ ਕੀਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਦੇ ਲੋਕ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਭੰਗ ਕਰਨ ਦੀ ਕਿਸੇ ਵੀ ਕੋਸ਼ਿਸ਼ ਵਿਰੁੱਧ ਇਕਜੁੱਟ ਰਹਿਣਗੇ।
ਪੰਜਾਬ ਦੇ ਕੈਬਨਿਟ ਮੰਤਰੀਆਂ ਹਰਭਜਨ ਸਿੰਘ ਈਟੀਓ, ਡਾ. ਬਲਬੀਰ ਸਿੰਘ ਅਤੇ ਹਰਜੋਤ ਸਿੰਘ ਬੈਂਸ ਨੇ ਵੀ ਹਾਲ ਹੀ ਵਿੱਚ ਹੋਏ ਧਮਾਕਿਆਂ ਨੂੰ ਲੈ ਕੇ ਭਾਜਪਾ ਅਤੇ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਇਸ ਦੀ ਜਵਾਬਦੇਹੀ ਕੇਂਦਰੀ ਏਜੰਸੀਆਂ ਦੀ ਬਣਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਨੇ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਬੀਐਸਐਫ ਦੇ ਅਧਿਕਾਰ ਖੇਤਰ ਨੂੰ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਕਰ ਦਿੱਤਾ ਸੀ, ਜਿਸ ਨਾਲ ਅੰਮ੍ਰਿਤਸਰ ਅਤੇ ਜਲੰਧਰ ਵਰਗੇ ਖੇਤਰ ਇਸ ਦੇ ਦਾਇਰੇ ਵਿੱਚ ਆ ਗਏ ਹਨ। ਇਸ ਦੇ ਮੱਦੇਨਜ਼ਰ ਉਨ੍ਹਾਂ ਕਿਹਾ ਕਿ ਸੁਰੱਖਿਆ ਵਿੱਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਦੀ ਜ਼ਿੰਮੇਵਾਰੀ ਸਿੱਧੀ ਕੇਂਦਰ 'ਤੇ ਪੈਂਦੀ ਹੈ। ਮੰਤਰੀਆਂ ਨੇ ਅੱਗੇ ਕਿਹਾ ਕਿ ਰਾਜਨੀਤਿਕ ਲਾਹੇ ਲਈ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦੀਆਂ ਭਾਜਪਾ ਦੀਆਂ ਕੋਸ਼ਿਸ਼ਾਂ ਕਦੇ ਵੀ ਕਾਮਯਾਬ ਨਹੀਂ ਹੋਣਗੀਆਂ, ਕਿਉਂਕਿ ਸੂਬੇ ਦੇ ਲੋਕ ਅਜਿਹੀਆਂ ਵੰਡ ਪਾਊ ਚਾਲਾਂ ਵਿਰੁੱਧ ਇਕਜੁੱਟ ਅਤੇ ਚੌਕਸ ਹਨ।
ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਿਆਸੀ ਲਾਹੇ ਲਈ ਪੰਜਾਬ ਨੂੰ ਅਸਥਿਰ ਕਰਨ ਦੀਆਂ ਭਾਜਪਾ ਦੀਆਂ ਕੋਸ਼ਿਸ਼ਾਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਰਾਜ “ਕੋਈ ਟਰਾਫੀ ਨਹੀਂ ਬਲਕਿ ਇੱਕ ਭਾਵਨਾਤਮਕ ਪਛਾਣ ਹੈ।” ਅਮਨ ਅਰੋੜਾ ਵੱਲੋਂ ਉਠਾਈਆਂ ਚਿੰਤਾਵਾਂ ਦਾ ਹਵਾਲਾ ਦਿੰਦਿਆਂ ਬੈਂਸ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਡਰ, ਅਸ਼ਾਂਤੀ ਅਤੇ ਧਰੁਵੀਕਰਨ ਪੈਦਾ ਕਰਨ ਦੇ ਉਦੇਸ਼ ਨਾਲ ਕੀਤੀਆਂ ਅਜਿਹੀਆਂ ਚਾਲਾਂ ਅਤਿ ਗੈਰ-ਜ਼ਿੰਮੇਵਾਰਾਨਾ ਅਤੇ ਖ਼ਤਰਨਾਕ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਵਿਰਾਸਤ ਭਾਰਤ ਦੇ ਆਜ਼ਾਦੀ ਸੰਗਰਾਮ ਦੌਰਾਨ ਦਿੱਤੀਆਂ ਅਥਾਹ ਕੁਰਬਾਨੀਆਂ 'ਤੇ ਉਸਰੀ ਹੈ ਅਤੇ ਇਸ ਨੂੰ ਚੋਣ ਇੱਛਾਵਾਂ ਤੱਕ ਸੀਮਤ ਨਹੀਂ ਕੀਤਾ ਜਾ ਸਕਦਾ। ਭਾਜਪਾ ਵੱਲੋਂ "ਬੰਗਾਲ ਵਾਂਗ ਪੰਜਾਬ ਜਿੱਤਣ" ਦੇ ਦਾਅਵਿਆਂ 'ਤੇ ਪ੍ਰਤੀਕਿਰਿਆ ਦਿੰਦਿਆਂ ਬੈਂਸ ਨੇ ਇਨ੍ਹਾਂ ਟਿੱਪਣੀਆਂ ਨੂੰ ਸ਼ਰਮਨਾਕ ਅਤੇ ਗੈਰ-ਸੰਵੇਦਨਸ਼ੀਲ ਕਰਾਰ ਦਿੱਤਾ ਅਤੇ ਕਿਹਾ ਕਿ ਪੰਜਾਬੀ ਆਪਣੇ ਨਿੱਜੀ ਸਿਆਸੀ ਹਿੱਤਾਂ ਲਈ ਆਪਣੀ ਏਕਤਾ ਅਤੇ ਸ਼ਾਂਤੀ ਨੂੰ ਕਦੇ ਵੀ ਭੰਗ ਨਹੀਂ ਹੋਣ ਦੇਣਗੇ।
- Download Babushahi App
-
-