ਲੁਧਿਆਣਾ ਪੁਲਿਸ ਦੀ ਵੱਡੀ ਸਫ਼ਲਤਾ: ਹੈਰੋਇਨ ਅਤੇ ਡਰੱਗ ਮਨੀ ਸਮੇਤ ਦੋ ਸਮੱਗਲਰ ਗ੍ਰਿਫ਼ਤਾਰ
ਸੁਖਮਿੰਦਰ ਭੰਗੂ
ਲੁਧਿਆਣਾ, 19 ਫਰਵਰੀ 2026 - ਲੁਧਿਆਣਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਇੱਕ ਵੱਡੀ ਸਫ਼ਲਤਾ ਹਾਸਲ ਕੀਤੀ ਗਈ ਹੈ। ਕਮਿਸ਼ਨਰ ਪੁਲਿਸ, ਲੁਧਿਆਣਾ ਸਵਪਨ ਸ਼ਰਮਾ (IPS) ਦੇ ਦਿਸ਼ਾ-ਨਿਰਦੇਸ਼ਾਂ ਅਤੇ ਉੱਚ ਅਧਿਕਾਰੀਆਂ ਦੀ ਨਿਗਰਾਨੀ ਹੇਠ, ਸਪੈਸ਼ਲ ਸੈੱਲ ਦੀ ਟੀਮ ਨੇ ਦੋ ਦੋਸ਼ੀਆਂ ਨੂੰ ਭਾਰੀ ਮਾਤਰਾ ਵਿੱਚ ਹੈਰੋਇਨ ਸਮੇਤ ਕਾਬੂ ਕੀਤਾ ਹੈ।
ਸਪੈਸ਼ਲ ਸੈੱਲ ਦੇ ਇੰਚਾਰਜ ਇੰਸਪੈਕਟਰ ਹਰਪ੍ਰੀਤ ਸਿੰਘ ਦੇਹਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 16 ਫਰਵਰੀ 2026 ਨੂੰ ਗਸ਼ਤ ਦੌਰਾਨ ਟੀ-ਪੁਆਇੰਟ ਪਿੰਡ ਸੀੜਾ, ਥਾਣਾ ਮੇਹਰਬਾਨ ਦੇ ਇਲਾਕੇ ਵਿੱਚੋਂ ਦੋ ਵਿਅਕਤੀਆਂ ਨੂੰ ਸ਼ੱਕ ਦੇ ਅਧਾਰ 'ਤੇ ਕਾਬੂ ਕੀਤਾ ਗਿਆ।
ਤਲਾਸ਼ੀ ਲੈਣ 'ਤੇ ਪੁਲਿਸ ਨੂੰ 320 ਗ੍ਰਾਮ ਹੈਰੋਇਨ
9,000/- ਰੁਪਏ ਡਰੱਗ ਮਨੀ ,ਇੱਕ ਇਲੈਕਟ੍ਰੌਨਿਕ ਕੰਡਾ (ਤੋਲਣ ਲਈ) ,25 ਮੋਮੀ ਜਿਪ ਲਾਕ ਲਿਫਾਫੇ (ਪੈਕਿੰਗ ਲਈ) ਸਮੱਗਰੀ ਬਰਾਮਦ ਹੋਈ।
ਇਸ ਤੇ ਥਾਣਾ ਮੇਹਰਬਾਨ ਵਿਖੇ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਨੰ. 25, ਮਿਤੀ 16.02.2026, ਧਾਰਾ 21C, 61, 85 NDPS ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ। ਰਿਮਾਂਡ ਦੌਰਾਨ ਨਸ਼ੇ ਦੇ ਸੌਦਾਗਰਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਸ ਨੈੱਟਵਰਕ ਦੇ ਬਾਕੀ ਮੁਲਜ਼ਮਾਂ ਦਾ ਵੀ ਪਰਦਾਫਾਸ਼ ਕੀਤਾ ਜਾ ਸਕੇ।