ਅਦਾਲਤ 'ਚ ਚੱਲਦੇ ਕੋਰਟ ਕੇਸ ਨੂੰ ਵਾਪਸ ਲੈਣ ਲਈ ਗੈਂਗਸਟਰ ਵੱਲੋਂ ਧਮਕੀਆਂ ਦਿਵਾਉਣ ਦਾ ਦੋਸ਼
ਜਾਇਦਾਦ ਨੂੰ ਲੈ ਕੇ ਕੋਰਟ ਕੇਸ ਚੱਲ ਰਿਹਾ ਹੈ
ਲਿਖਤੀ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਪੁਲਿਸ ਨਹੀਂ ਕਰ ਰਹੀ ਕੋਈ ਕਾਰਵਾਈ -ਪੀੜਤ
ਬਾਬਾ ਬਕਾਲਾ ਸਾਹਿਬ 19 ਫਰਵਰੀ (ਬਲਰਾਜ ਸਿੰਘ ਰਾਜਾ)
ਮਾਨਯੋਗ ਬਾਬਾ ਬਕਾਲਾ ਸਾਹਿਬ ਅਦਾਲਤ ਵਿੱਚ ਚੱਲਦੇ ਕੋਰਟ ਕੇਸ ਨੂੰ ਵਾਪਸ ਲੈਣ ਲਈ ਗੈਂਗਸਟਰ ਵੱਲੋਂ ਫੋਨ 'ਤੇ ਧਮਕੀਆਂ ਦਿਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੱਤਰਕਾਰਾਂ ਨੂੰ ਹਲਫੀਆ ਬਿਆਨ ਰਾਹੀਂ ਰਣਜੀਤ ਸਿੰਘ ਪੁੱਤਰ ਜਸਬੀਰ ਸਿੰਘ ਵਾਸੀ ਰਾਮਦੀਵਾਲੀ ਮੁਸਲਮਾਨਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਸ ਦਾ ਆਪਣੇ ਚਾਚੇ ਦੇ ਪਰਿਵਾਰ ਨਾਲ ਜਾਇਦਾਦ ਦੇ ਮਸਲੇ 'ਤੇ ਬਾਬਾ ਬਕਾਲਾ ਸਾਹਿਬ ਵਿਖੇ ਮਾਨਯੋਗ ਅਦਾਲਤ ਵਿੱਚ ਕੋਰਟ ਕੇਸ ਚੱਲ ਰਿਹਾ ਹੈ।
ਚੱਲਦੇ ਕੋਰਟ ਕੇਸ ਨੂੰ ਵਾਪਸ ਲੈਣ ਲਈ ਅਣਪਛਾਤੇ ਵਿਅਕਤੀ ਵੱਲੋਂ ਵਿਦੇਸ਼ੀ ਫੋਨ ਨੰਬਰ +(341)899 8137 ਤੋਂ ਵਟਸਐਪ ਕਾਲ ਰਾਹੀਂ ਗਾਲੀ ਗਲੋਚ ਕੀਤਾ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਕਿਹਾ ਕਿ ਅਗਰ ਤੂੰ ਆਪਣੇ ਚਾਚੇ ਦੇ ਪਰਿਵਾਰ 'ਤੇ ਕੀਤਾ ਹੋਇਆ ਕੇਸ ਵਾਪਸ ਨਾ ਲਿਆ ਤਾਂ ਇਸ ਦੇ ਸਿੱਟੇ ਗੰਭੀਰ ਨਿਕਲਣਗੇ, ਪਹਿਲਾਂ ਤਾਂ ਤੇਰੀ ਕੁੱਟਮਾਰ ਕੀਤੀ ਸੀ ਹੁਣ ਸਿੱਧੀਆਂ ਸਿਰ ਵਿੱਚ ਗੋਲੀਆਂ ਮਾਰੀਆਂ ਜਾਣਗੀਆਂ। ਪੀੜਤ ਰਣਜੀਤ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਤਕਰੀਬਨ ਇੱਕ ਮਹੀਨਾ ਪਹਿਲਾਂ ਥਾਣਾ ਮੱਤੇਵਾਲ ਵਿਖੇ ਲਿਖਤੀ ਦਰਖਾਸਤ ਦਿੱਤੀ ਹੋਈ ਸੀ, ਦਿੱਤੀ ਹੋਈ ਦਰਖਾਸਤ ਉੱਪਰ ਥਾਣਾ ਮੱਤੇਵਾਲ ਦੇ ਮੁਖੀ ਵੱਲੋਂ ਕੋਈ ਵੀ ਅਮਲ ਨਹੀਂ ਕੀਤਾ ਗਿਆ। ਸਗੋਂ ਸਿਆਸੀ ਦਬਾਅ ਹੇਠ ਪਰਿਵਾਰ ਨਾਲ ਬਿਠਾ ਕੇ ਰਾਜੀਨਾਵਾਂ ਕਰਾਉਣ ਲਈ ਦਬਾਅ ਬਣਾ ਰਿਹਾ ਹੈ।
ਜਿਸ ਸਬੰਧੀ ਉਹ ਹਲਕਾ ਮਜੀਠਾ ਅੰਮ੍ਰਿਤਸਰ ਦਿਹਾਤੀ ਦੇ ਮਾਨਯੋਗ ਐਸਐਸਪੀ ਸਾਹਿਬ ਨੂੰ ਵੀ ਲਿਖਤੀ ਦਰਖਾਸਤ ਦੇ ਚੁੱਕੇ ਹਨ ਪਰ ਥਾਣਾ ਮੱਤੇਵਾਲ ਦੀ ਪੁਲਿਸ ਸੀਨੀਅਰ ਅਫਸਰਾਂ ਵੱਲੋਂ ਕਾਰਵਾਈ ਕਰਨ ਦੇ ਪੂਰਨ ਭਰੋਸੇ ਉਪਰੰਤ ਵੀ ਸੀਨੀਅਰ ਅਫਸਰਾਂ ਦੇ ਹੁਕਮਾਂ ਨੂੰ ਟਿੱਚ ਜਾਣਦੇ ਹਨ, ਪੁਲਿਸ ਵੱਲੋਂ ਕਥਿਤ ਦੋਸ਼ੀਆਂ ਵਿਰੁੱਧ ਹਾਲੇ ਤੱਕ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ। ਰਣਜੀਤ ਸਿੰਘ ਨੇ ਦੱਸਿਆ ਕਿ ਕੱਲ ਨੂੰ ਜੇ ਉਸਦਾ ਕਿਸੇ ਕਿਸਮ ਦਾ ਕੋਈ ਵੀ ਨੁਕਸਾਨ ਹੁੰਦਾ ਹੈ ਤਾਂ ਇਸਦਾ ਜਿੰਮੇਵਾਰ ਉਸਦੇ ਚਾਚੇ ਦਾ ਪਰਿਵਾਰ ਅਤੇ ਪ੍ਰਸ਼ਾਸਨ ਹੋਵੇਗਾ।
ਪੀੜਤ ਰਣਜੀਤ ਸਿੰਘ ਨੇ ਦੁਖੀ ਮਨ ਨਾਲ ਕਿਹਾ ਕਿ ਇੱਕ ਪਾਸੇ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਗੈਂਗਸਟਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਸਖਤ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਤੇ ਦੂਜੇ ਪਾਸੇ ਆਪ ਲੀਡਰਾਂ ਦੇ ਸਿਆਸੀ ਦਬਾਅ ਹੇਠ ਪੁਲਿਸ ਕਾਰਵਾਈ ਕਰਨ ਤੋਂ ਆਨਾਕਾਨੀ ਕਰ ਰਹੀ ਹੈ।
ਜਦੋਂ ਕਿ ਉਹ ਵੀ ਆਮ ਆਦਮੀ ਪਾਰਟੀ ਦਾ ਸਰਗਰਮ ਵਰਕਰ ਰਹਿ ਚੁੱਕਾ ਹੈ ਤੇ ਅੱਜ ਉਹ ਸਰਕਲ ਮੱਤੇਵਾਲ ਤੋਂ ਮੌਜੂਦਾ ਪੱਤਰਕਾਰ ਵੀ ਹੈ। ਅੱਜ ਉਸ ਨੂੰ ਵੀ ਇਨਸਾਫ ਲੈਣ ਲਈ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ, ਉਥੇ ਆਮ ਲੋਕਾਂ ਦੇ ਕੀ ਹਾਲਾਤ ਹੋ ਸਕਦੇ ਹਨ, ਪ੍ਰਸ਼ਾਸਨ ਅਤੇ ਸਰਕਾਰ ਦੇ ਲੀਡਰ ਦੋਹਰਾ ਮਾਪਦੰਡ ਅਪਣਾ ਰਹੇ ਹਨ, ਸੋ ਪ੍ਰਸ਼ਾਸਨ ਅਤੇ ਸਰਕਾਰ 'ਤੇ ਸਵਾਲੀਆ ਚਿੰਨ੍ਹ ਪੈਦਾ ਹੁੰਦਾ ਹੈ। ਪੀੜਤ ਪੱਤਰਕਾਰ ਰਣਜੀਤ ਸਿੰਘ ਨੇ ਪੰਜਾਬ ਸਰਕਾਰ, ਮਨੁੱਖੀ ਅਧਿਕਾਰ ਸੰਗਠਨ ਅਤੇ ਡੀਜੀਪੀ ਪੰਜਾਬ ਤੋਂ ਮੰਗ ਕਰਦੇ ਹੋਏ ਕਿਹਾ ਕਿ ਮੈਨੂੰ ਇਨਸਾਫ ਦਵਾਇਆ ਜਾਵੇ ਅਤੇ ਦੋਸ਼ੀਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।