ਮਿਸਲ ਸਤਲੁਜ ਵੱਲੋਂ 17 ਫਰਵਰੀ ਤੋਂ ਮੋਹਾਲੀ ਵਿੱਚ "ਪੂਰਾ ਪੰਜਾਬ ਲਹਿਰ" ਮੁਹਿੰਮ ਦੀ ਸ਼ੁਰੂਆਤ
ਪ੍ਰਧਾਨ ਅਜੇਪਾਲ ਸਿੰਘ ਬਰਾੜ ਵੱਲੋਂ ਪੰਜਾਬ ਦਰਦੀਆਂ, ਬੁੱਧੀਜੀਵੀਆਂ ਅਤੇ ਕਾਰਕੁਨਾਂ ਨੂੰ ਮੁਹਿੰਮ ਵਿੱਚ ਇਕੱਠੇ ਹੋਣ ਦਾ ਸੱਦਾ
ਮੋਹਾਲੀ 14 ਫਰਵਰੀ, 2026- ਮਿਸਲ ਸਤਲੁਜ, ਜੋ ਕਿ ਇੱਕ ਸਮਾਜਿਕ ਅਤੇ ਰਾਜਨੀਤਿਕ ਜਥੇਬੰਦੀ ਹੈ ਅਤੇ ਪੰਜਾਬ-ਕੇਂਦਰਿਤ ਰਾਜਨੀਤੀ ਖੜ੍ਹੀ ਕਰਨ ਲਈ ਵਚਨਬੱਧ ਹੈ, ਵੱਲੋਂ "ਪੂਰਾ ਪੰਜਾਬ ਲਹਿਰ" ਮੁਹਿੰਮ ਦੀ ਸ਼ੁਰੂਆਤ 17 ਫਰਵਰੀ ਨੂੰ ਸਵੇਰੇ 11:00 ਵਜੇ ਗੁਰਦੁਆਰਾ ਅੰਬ ਸਾਹਿਬ, ਮੋਹਾਲੀ ਤੋਂ ਕੀਤੀ ਜਾਵੇਗੀ।
ਮਿਸਲ ਸਤਲੁਜ ਦੇ ਪ੍ਰਧਾਨ ਸਰਦਾਰ ਅਜੇਪਾਲ ਸਿੰਘ ਬਰਾੜ ਨੇ ਦੱਸਿਆ ਕਿ ਇਸ "ਪੂਰਾ ਪੰਜਾਬ ਲਹਿਰ" ਮੁਹਿੰਮ ਦੇ ਮੌਕੇ 'ਤੇ ਦੋ ਹਫ਼ਤਿਆਂ ਲਈ ਇੱਕ ਵਿਚਾਰ-ਕੈਂਪ ਲਗਾਇਆ ਜਾਵੇਗਾ। ਉਨ੍ਹਾਂ ਨੇ ਇਸ ਸੰਦੇਸ਼ ਵਿੱਚ ਵੱਖ-ਵੱਖ ਖੇਤਰਾਂ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ, ਪੰਜਾਬ ਦਰਦੀ, ਬੁੱਧੀਜੀਵੀ ਅਤੇ ਸਰਗਰਮ ਕਾਰਕੁਨ ਚਾਹੇ ਉਹ ਕਿਸੇ ਵੀ ਰਾਜਨੀਤਿਕ ਪਾਰਟੀ ਜਾਂ ਕਿਸੇ ਵੀ ਜਥੇਬੰਦੀ ਨਾਲ ਸੰਬੰਧਿਤ ਹੋਣ, ਨੂੰ ਇਸ ਮੁਹਿੰਮ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸਭਨਾਂ ਦੇ ਵਿਚਾਰ ਸੁਣੇ ਜਾਣਗੇ, ਲੋਕਾਂ ਦੀ ਕਚਹਿਰੀ ਤੱਕ ਪਹੁੰਚਾਏ ਜਾਣਗੇ ਅਤੇ ਅਹਿਮ ਮੁੱਦਿਆਂ ਨੂੰ ਚਰਚਾ ਦੇ ਕੇਂਦਰ ਵਿੱਚ ਲਿਆਂਦਾ ਜਾਵੇਗਾ।
ਅਜੇਪਾਲ ਸਿੰਘ ਬਰਾੜ ਨੇ ਕਿਹਾ ਕਿ ਪਿਛਲੇ ਚਾਰ-ਪੰਜ ਸਾਲਾਂ ਦੌਰਾਨ ਮਿਸਲ ਸਤਲੁਜ ਵੱਲੋਂ ਪੰਜ ਅਹਿਮ ਮੁੱਦਿਆਂ 'ਤੇ ਸੰਘਰਸ਼ ਕੀਤਾ ਗਿਆ ਹੈ। ਉਨ੍ਹਾਂ ਵਿੱਚ ਪੰਜਾਬ ਯੂਨੀਵਰਸਿਟੀ ਸੈਨੇਟ ਦਾ ਮੁੱਦਾ ਵੀ ਸ਼ਾਮਲ ਹੈ, ਜੋ ਮੁੱਢਲੇ ਤੌਰ 'ਤੇ ਚੰਡੀਗੜ੍ਹ ਦੇ ਪੰਜਾਬ ਦੇ ਹੱਕ ਵਿੱਚ ਨਾ ਹੋਣ ਨਾਲ ਜੁੜਿਆ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਅਤੇ ਇਸ ਨੂੰ ਪੰਜਾਬ ਨੂੰ ਸੌਂਪਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਡੈਮਾਂ ਅਤੇ ਦਰਿਆਵਾਂ 'ਤੇ ਪੰਜਾਬ ਦਾ ਪੂਰਾ ਕਾਬੂ ਨਾ ਹੋਣ ਕਾਰਨ ਕਦੇ ਪੰਜਾਬ ਦਾ ਪਾਣੀ ਬਾਹਰ ਭੇਜਿਆ ਜਾਂਦਾ ਹੈ ਤੇ ਕਦੇ ਪੰਜਾਬ ਨੂੰ ਹੜ੍ਹਾਂ ਦੀ ਮਾਰ ਸਹਿਣੀ ਪੈਂਦੀ ਹੈ।
ਇਸ ਲਈ ਪੰਜਾਬ ਨੂੰ ਮਜ਼ਬੂਤ ਸੰਘੀ (ਫੈਡਰਲ) ਢਾਂਚਾ ਮਿਲਣਾ ਚਾਹੀਦਾ ਹੈ, ਤਾਂ ਜੋ ਸੂਬਾ ਆਪਣੇ ਫ਼ੈਸਲੇ ਆਪ ਕਰ ਸਕੇ ਅਤੇ ਆਪਣੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰ ਸਕੇ।
ਉਨ੍ਹਾਂ ਪ੍ਰਵਾਸੀ ਮਸਲੇ, ਹਵਾ-ਪਾਣੀ ਦੀ ਸਫ਼ਾਈ ਅਤੇ ਨਸ਼ਿਆਂ ਵਰਗੇ ਸੰਵੇਦਨਸ਼ੀਲ ਮਾਮਲਿਆਂ 'ਤੇ ਵੀ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ 2027 ਦੀਆਂ ਚੋਣਾਂ ਤੋਂ ਪਹਿਲਾਂ ਇਹ ਮੁੱਦੇ ਲੋਕਾਂ ਦੀ ਕਚਹਿਰੀ ਦੇ ਸਾਹਮਣੇ ਸਪਸ਼ਟ ਰੂਪ ਵਿੱਚ ਰੱਖੇ ਜਾਣਗੇ, ਤਾਂ ਜੋ ਸਿਆਸਤਦਾਨਾਂ ਨੂੰ ਇਨ੍ਹਾਂ 'ਤੇ ਆਪਣਾ ਸਟੈਂਡ ਸਾਫ਼ ਕਰਨਾ ਪਵੇ।
ਅਜੇਪਾਲ ਸਿੰਘ ਬਰਾੜ ਨੇ ਕਿਹਾ ਕਿ "ਪੂਰਾ ਪੰਜਾਬ ਲਹਿਰ" ਦਾ ਮੰਤਵ ਇੱਕ ਅਜਿਹਾ ਪੰਜਾਬ ਹੈ ਜਿਸ ਦੀ ਰਾਜਧਾਨੀ ਅਤੇ ਭੂਗੋਲਿਕ ਹੱਦਾਂ ਪੂਰੀਆਂ ਹੋਣ, ਜਿਸ ਦੀ ਭਾਸ਼ਾ, ਸਭਿਆਚਾਰ ਅਤੇ ਰਵਾਇਤਾਂ ਸੁਰੱਖਿਅਤ ਹੋਣ, ਜਿੱਥੇ ਸਰਬ-ਸਾਂਝੀਵਾਲਤਾ ਦੀ ਭਾਵਨਾ ਹੋਵੇ, ਜਿੱਥੇ ਨੌਜਵਾਨਾਂ ਨੂੰ ਰੁਜ਼ਗਾਰ ਅਤੇ ਇਨਸਾਫ਼ ਮਿਲੇ, ਜਿੱਥੇ ਹਵਾ, ਪਾਣੀ ਅਤੇ ਖਾਣ-ਪੀਣ ਸ਼ੁੱਧ ਹੋਵੇ, ਜਿੱਥੇ ਨਸ਼ਿਆਂ ਲਈ ਕੋਈ ਥਾਂ ਨਾ ਹੋਵੇ, ਅਤੇ ਜਿੱਥੇ ਹਰ ਧਰਮ ਪੂਰੀ ਤਰ੍ਹਾਂ ਸੁਰੱਖਿਅਤ ਹੋਵੇ।
ਉਨ੍ਹਾਂ ਕਿਹਾ ਕਿ ਆਰਥਿਕ ਤੌਰ 'ਤੇ ਖੁਸ਼ਹਾਲ, ਸੱਭਿਆਚਾਰਕ ਤੌਰ 'ਤੇ ਪ੍ਰਫੁੱਲਿਤ ਅਤੇ ਆਪਣੇ ਫ਼ੈਸਲੇ ਆਪ ਲੈ ਸਕਣ ਵਾਲਾ ਪੰਜਾਬ ਹੀ ਅਸਲ ਵਿੱਚ "ਪੂਰਾ ਪੰਜਾਬ" ਹੋਵੇਗਾ।