ਸ੍ਰੀ ਮਸਤੂਆਣਾ ਸਾਹਿਬ ਵਿਖੇ ਮੈਡੀਕਲ ਕਾਲਜ: ਟੈਂਡਰ ਪ੍ਰਕਿਰਿਆ ਪ੍ਰਗਤੀ ਅਧੀਨ; ਕੰਮ ਜਲਦ ਹੋਵੇਗਾ ਸ਼ੁਰੂ
ਡਾਇਰੈਕਟਰ, ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਸੰਘਰਸ਼ ਕਮੇਟੀ ਮਸਤੂਆਣਾ ਸਾਹਿਬ ਨਾਲ ਮੀਟਿੰਗ
ਦਲਜੀਤ ਕੌਰ
ਸੰਗਰੂਰ, 12 ਫਰਵਰੀ, 2026: ਡਾਇਰੈਕਟਰ, ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਡਾ. ਅਵਨੀਸ਼ ਕੁਮਾਰ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸੁਖਚੈਨ ਸਿੰਘ, ਨੋਡਲ ਅਫਸਰ ਸੰਤ ਅਤਰ ਸਿੰਘ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ ਸੰਗਰੂਰ ਡਾ. ਵਿਸ਼ਾਲ ਚੋਪੜਾ, ਉਪ ਮੰਡਲ ਇੰਜੀਨੀਅਰ ਲੋਕ ਨਿਰਮਾਣ ਵਿਭਾਗ ਭ ਤੇ ਮ ਸ਼ਾਖਾ ਸੰਗਰੂਰ ਅਤੇ ਸੰਤ ਅਤਰ ਸਿੰਘ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ, ਸੰਗਰੂਰ ਨਾਲ ਸਬੰਧਤ ਵੱਖ-ਵੱਖ ਡਾਕਟਰਾਂ ਦੀ ਹਾਜ਼ਰੀ ਵਿੱਚ ਗੁਰੂਦੁਆਰਾ ਸ੍ਰੀ ਮਸਤੂਆਣਾ ਸਾਹਿਬ ਵਿਖੇ ਸੰਘਰਸ਼ ਕਮੇਟੀ ਮਸਤੂਆਣਾ ਸਾਹਿਬ ਨਾਲ ਮੈਡੀਕਲ ਕਾਲਜ ਬਣਾਉਣ ਸਬੰਧੀ ਮੀਟਿੰਗ ਕੀਤੀ ਗਈ।
ਇਸ ਮੀਟਿੰਗ ਵਿੱਚ ਡਾਇਰੈਕਟਰ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਵੱਲੋਂ ਦੱਸਿਆ ਗਿਆ ਕਿ ਪਿੰਡ ਬਹਾਦਰਪੁਰ ਵਿਖੇ ਗੁਰਦੁਆਰਾ ਸ੍ਰੀ ਮਸਤੂਆਣਾ ਸਾਹਿਬ ਦੇ ਸਾਹਮਣੇ ਸੰਗਰੂਰ-ਬਠਿੰਡਾ ਹਾਈਵੇਅ ਨਾਲ ਸਥਿਤ ਕਰੀਬ 28 ਏਕੜ ਜ਼ਮੀਨ ਉੱਪਰ ਮੈਡੀਕਲ ਕਾਲਜ ਅਤੇ ਪਿੰਡ ਚੰਗਾਲ ਵਿਖੇ ਕਰੀਬ 09 ਏਕੜ ਜ਼ਮੀਨ 'ਤੇ ਹੋਮੀਓਪੈਥਿਕ ਹਸਪਤਾਲ, ਰੂਲਰ ਹੈਲਥ ਟਰੇਨਿੰਗ ਸੈਂਟਰ (30 ਬੈਡਡ ਹਸਪਤਾਲ) ਅਤੇ ਡਾਕਟਰਾਂ ਦੀ ਰਿਹਾਇਸ਼ ਲਈ ਹੋਸਟਲ ਬਣਾਉਣ ਦੀ ਤਜਵੀਜ਼ ਨੂੰ ਪੰਜਾਬ ਸਰਕਾਰ ਵੱਲੋਂ ਨਿਸ਼ਚਿਤ ਕੀਤਾ ਗਿਆ ਹੈ।
ਪਿੰਡ ਚੰਗਾਲ ਦੀ 09 ਏਕੜ ਜ਼ਮੀਨ ਉੱਪਰ ਲੋਕ ਨਿਰਮਾਣ ਵਿਭਾਗ ਵੱਲੋਂ ਚਾਰ ਦੀਵਾਰੀ ਦੀ ਉਸਾਰੀ ਦਾ ਕੰਮ ਪ੍ਰਗਤੀ ਅਧੀਨ ਹੈ ਅਤੇ ਮੈਡੀਕਲ ਕਾਲਜ ਨਾਲ ਸਬੰਧਤ ਕੰਮਾਂ ਦੀ ਟੈਂਡਰ ਪ੍ਰਕਿਰਿਆ ਵੀ ਪ੍ਰਗਤੀ ਅਧੀਨ ਹੈ ਅਤੇ ਇਹ ਕੰਮ ਮੌਕੇ ਉੱਪਰ ਤਕਰੀਬਨ ਅਗਸਤ 2026 ਤਕ ਸ਼ੁਰੂ ਹੋ ਜਾਵੇਗਾ।