ਪਾਵਰਕੌਮ ਦੇ ਸਮਾਰਟ ਮੀਟਰ ਨੇ ਖਪਤਕਾਰ ਦੇ ਫਿਊਜ਼ ਉਡਾਏ
ਭੇਜਿਆ 52600 ਦਾ ਬਿਜਲੀ ਬਿੱਲ, ਪਾਵਰਕੌਮ ਦੇ ਖਪਤਕਾਰ ਵੱਲੋਂ ਵੱਧ ਬਿੱਲ ਭੇਜਣ ਦਾ ਦੋਸ਼
ਮਲਕੀਤ ਸਿੰਘ ਮਲਕਪੁਰ
ਲਾਲੜੂ 11 ਫ਼ਰਵਰੀ 2026: ਨਗਰ ਕੌਂਸਲ ਲਾਲੜੂ ਦੇ ਇੱਕ ਵਸਨੀਕ ਨੇ ਪਾਵਰਕੌਮ ਉੱਤੇ ਵੱਧ ਬਿੱਲ ਭੇਜਣ ਦਾ ਦੋਸ਼ ਲਗਾਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲਾਲੜੂ ਦੀ ਵੱਡੀ ਧਰਮਸ਼ਾਲਾ ਨੇੜੇ ਰਹਿੰਦੇ ਕੁਲਬੀਰ ਸਿੰਘ ਪੁੱਤਰ ਜਤਨ ਸਿੰਘ ਨੇ ਦੱਸਿਆ ਕਿ ਉਸ ਕੋਲ ਪਾਵਰਕੌਮ ਦਾ ਘਰੇਲੂ ਕੁਨੈਕਸ਼ਨ ਹੈ ਤੇ ਉਹ ਉਸ ਕੁਨੈਕਸ਼ਨ ਉੱਤੇ ਦੋ ਪੱਖੇ ਤੇ ਚਾਰ ਬੱਲਬ ਚਲਾਉਂਦੇ ਹਨ ਤੇ ਪਿਛਲੇ ਕਰੀਬ ਡੇਢ ਸਾਲ ਤੋਂ ਉਨ੍ਹਾਂ ਦਾ ਬਿੱਲ ਨਹੀਂ ਆ ਰਿਹਾ ਸੀ। ਕੁਲਬੀਰ ਸਿੰਘ ਨੇ ਦੱਸਿਆ ਕਿ ਉਹ ਸਮਝ ਰਹੇ ਸਨ ਕਿ ਪੰਜਾਬ ਸਰਕਾਰ ਵੱਲੋਂ ਤਿੰਨ ਸੌ ਯੂਨਿਟਾਂ ਮੁਫ਼ਤ ਹੋਣ ਦੇ ਚੱਲਦਿਆਂ ਉਨ੍ਹਾਂ ਦਾ ਬਿੱਲ ਨਹੀਂ ਆ ਰਿਹਾ ਪਰ ਅਚਾਨਕ ਉਨ੍ਹਾਂ ਕੋਲ ਬਵੰਜਾ ਹਜ਼ਾਰ ਛੇ ਸੌ ਰੁਪਏ (52600 ਰੁਪਏ) ਦਾ ਬਿੱਲ ਆ ਗਿਆ।
ਉਨ੍ਹਾਂ ਇਹ ਵੀ ਕਿਹਾ ਕਿ ਇਸ ਸਬੰਧੀ ਉਹ ਬਿਜਲੀ ਬੋਰਡ ਦੇ ਸਥਾਨਕ ਅਧਿਕਾਰੀਆਂ ਨੂੰ ਵੀ ਮਿਲੇ, ਪਰ ਉੱਥੋਂ ਉਨ੍ਹਾਂ ਨੂੰ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਮਿਲਿਆ। ਕੁਲਬੀਰ ਸਿੰਘ ਨੇ ਇਸ ਮਾਮਲੇ ਵਿਚ ਉੱਚ ਅਧਿਕਾਰੀਆਂ ਤੋਂ ਦਖ਼ਲਅੰਦਾਜ਼ੀ ਦੀ ਮੰਗ ਕਰਦਿਆਂ ਅਸਲੀਅਤ ਸਾਹਮਣੇ ਲਿਆਉਣ ਦੀ ਮੰਗ ਕੀਤੀ ਹੈ। ਇਸ ਸਬੰਧੀ ਸੰਪਰਕ ਕਰਨ ਉੱਤੇ ਐਸਡੀਓ ਦਵਿੰਦਰ ਕੁਮਾਰ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਪੜਤਾਲ ਮੁਤਾਬਕ ਇਹ ਬਿੱਲ ਸਮਾਰਟ ਮੀਟਰ ਵੱਲੋਂ ਚੁੱਕੀ ਰੀਡਿੰਗ ਕਾਰਨ ਆਇਆ ਹੈ ਤੇ ਇਸ ਸਬੰਧੀ 22 ਫਰਵਰੀ ਨੂੰ ਸਾਈਟ ਖੁੱਲ੍ਹਣ ਉੱਤੇ ਬਿੱਲ ਵਿਚ ਸੋਧ ਕਰ ਦਿੱਤੀ ਜਾਵੇਗੀ।