ਅਮਨ ਕਾਨੂੰਨ ਨੂੰ ਖਤਰਾ ਪਾਉਣ ਅਤੇ ਹਾਈਵੇ ਜਾਮ ਕਰਨ ਨੂੰ ਲੈ ਕੇ ਕਿਸਾਨਾਂ ਖਿਲਾਫ ਪੰਜ ਮੁਕੱਦਮੇ ਦਰਜ
ਅਸ਼ੋਕ ਵਰਮਾ
ਬਠਿੰਡਾ, 7 ਫਰਵਰੀ 2026: ਸ਼ੁੱਕਰਵਾਰ ਛੇ ਫਰਵਰੀ ਨੂੰ ਭਾਰਤੀ ਕਿਸਾਨ ਯੂਨੀਅਨ, ਉਗਰਾਹਾਂ ਵੱਲੋਂ ਕਿਸਾਨ ਜਥੇਬੰਦੀਆਂ ਦੇ ਕੁਝ ਲੀਡਰਾਂ ਪਰ ਦਰਜ ਮੁਕੱਦਮਿਆਂ ਨੂੰ ਕੈਂਸਲ ਕਰਵਾਉਣ ਅਤੇ ਉਹਨਾਂ ਨੂੰ ਜੇਲ੍ਹ ਵਿੱਚੋਂ ਰਿਹਾਅ ਕਰਾਉਣ ਸਬੰਧੀ ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਬਠਿੰਡਾ ਦਾ ਅਣਮਿੱਥੇ ਸਮੇਂ ਲਈ ਘਿਰਾਓ ਕਰਨ ਦੀ ਕਾਲ ਦਿੱਤੀ ਗਈ ਸੀ। ਜਿਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ, ਪ੍ਰੰਤੂ ਉਹ ਅਣਮਿੱਥੇ ਸਮੇਂ ਲਈ ਧਰਨਾ ਲਗਾਉਣ ਲਈ ਬਾਜਿੱਦ ਰਹੇ,ਜਿਸ ਕਰਕੇ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਬਹਾਲ ਰੱਖਣ ਲਈ ਬਠਿੰਡਾ ਪੁਲਿਸ ਵੱਲੋਂ ਵੱਖ-ਵੱਖ ਸਥਾਨਾਂ ਪਰ ਨਾਕਾਬੰਦੀ ਕੀਤੀ ਗਈ, ਪ੍ਰੰਤੂ ਕਿਸਾਨ ਯੂਨੀਅਨ ਦੇ ਆਗੂਆਂ ਅਤੇ ਮੈਂਬਰਾਂ ਵੱਲੋਂ ਨਾਕਾਬੰਦੀਆਂ ਨੂੰ ਤੋੜਨ, ਟ੍ਰੈਫਿਕ ਅਤੇ ਲਾਅ ਐਂਡ ਆਰਡਰ ਦੀ ਸਥਿਤੀ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ। ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਸ ਮਾਮਲੇ ਵਿੱਚ ਵੱਖ-ਵੱਖ ਥਾਣਿਆਂ ਵਿੱਚ 5 ਮੁਕਦਮੇ ਦਰਜ ਕੀਤੇ ਗਏ ਹਨ।
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਕਰੀਬ 200/220 ਬਠਿੰਡਾ ਅਤੇ ਹੋਰ ਜਿਲ੍ਹਿਆਂ ਦੇ ਮੈਂਬਰ ਭੀੜ ਦੇ ਰੂਪ ਵਿੱਚ ਇੱਕਠੇ ਹੋ ਕੇ ਟੀ-ਪੁਆਂਇੰਟ ਮਲੋਟ ਰੋਡ ਪਰ ਪੁੱਜੇ। ਜਿਹਨਾਂ ਨੂੰ ਡਿਊਟੀ ਮਜਿਸਟਰੇਟ ਅਤੇ ਪੁਲਿਸ ਅਫਸਰਾਂ ਵੱਲੋਂ ਤਾੜਨਾ ਦਿੱਤੀ ਗਈ, ਪ੍ਰੰਤੂ ਭੀੜ ਵੱਲੋਂ ਬਿਨਾਂ ਪਰਵਾਹ ਕੀਤੇ ਅੱਗੇ ਵੱਧਣ ਅਤੇ ਨਾਕਾ ਤੋੜਨ ਦੀ ਕੋਸ਼ਿਸ਼ ਕੀਤੀ। ਜਿਹਨਾਂ ਨੂੰ ਕਾਬੂ ਕਰਨ ਲਈ ਹਲਕੇ ਬਲ ਦਾ ਪ੍ਰਯੋਗ ਕੀਤਾ ਗਿਆ। ਬਠਿੰਡਾ-ਬਰਨਾਲਾ ਰੋਡ ਪਰ ਪੈਂਦੇ ਟੀ-ਪੁਆਂਇਟ ਰਿੰਗ ਰੋਡ ਤੇ ਕਿਸਾਨ ਯੂਨੀਅਨ ਦੇ ਬਠਿੰਡਾ ਅਤੇ ਹੋਰ ਜਿਲ੍ਹਿਆਂ ਦੇ 150/170 ਮੈਂਬਰਾਂ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਬਠਿੰਡਾ ਦਾ ਘਿਰਾਓ ਕਰਨ ਲਈ ਨਾਕਾਬੰਦੀ ਤੋੜ ਕੇ ਅੱਗੇ ਵੱਧਣ ਦੀ ਕੋਸ਼ਿਸ਼ ਕੀਤੀ ਜਿੱਥੇ ਵੀ ਭੀੜ ਨੂੰ ਰੋਕਣ ਲਈ ਹਲਕੇ ਬਲ ਦਾ ਪ੍ਰਯੋਗ ਕੀਤਾ ਗਿਆ।
ਇਸੇ ਤਰਾਂ ਪੁਲਿਸ ਵੱਲੋਂ ਗੁਰੂਦੁਆਰਾ ਸ੍ਰੀ ਲਵੇਰੀਸਰ ਸਾਹਿਬ ਭੁੱਚੋ ਕੋਲ ਲਗਾਏ ਗਏ। ਨਾਕੇ ਨੂੰ ਕਿਸਾਨ ਯੂਨੀਅਨ ਦੇ 250/300 ਮੈਂਬਰਾਂ ਵੱਲੋਂ ਧੱਕੇ ਨਾਲ ਤੋੜ ਦਿੱਤਾ ਗਿਆ।
ਵੱਖ-ਵੱਖ ਜਿਲ੍ਹਿਆਂ ਤੋਂ ਕਿਸਾਨ ਯੂਨੀਅਨ ਦੇ ਕਰੀਬ 1400/1500 ਮੈਂਬਰ, ਜੋ ਲਿੰਕ ਸੜਕਾਂ ਰਾਹੀਂ ਪਿੰਡ ਜਿਉਂਦ ਵਿਖੇ ਪੁੱਜੇ ਅਤੇ ਭਾਰੀ ਗਿਣਤੀ ਵਿੱਚ ਇਕੱਠੇ ਹੋ ਕੇ ਨੈਸ਼ਨਲ ਹਾਈਵੇਅ-7 ਪਰ ਟ੍ਰੈਫਿਕ ਜਾਮ ਕਰ ਦਿੱਤਾ। ਜੋ ਪੁਲਿਸ ਵੱਲੋਂ ਵਾਰ-ਵਾਰ ਅਨਾਉਂਸਮੈਂਟ ਕਰਨ ਦੇ ਬਾਵਜੂਦ ਵੀ ਸੜਕ ਤੋਂ ਪਾਸੇ ਨਹੀਂ ਹੋਏ ਅਤੇ ਪੁਲਿਸ ਦਾ ਨਾਕਾ ਤੋੜਨ ਲਈ ਅੱਗੇ ਵਧੇ। ਭੀੜ ਨੂੰ ਰੋਕਣ ਲਈ ਡਿਊਟੀ ਮੈਜਿਸਟਰੇਟ ਦੇ ਹੁਕਮ ਅਨੁਸਾਰ ਹਲਕੇ ਬਲ (ਅੱਥਰੂ ਗੈਸ) ਦੀ ਵਰਤੋਂ ਕੀਤੀ ਗਈ।
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਮੈਂਬਰਾਂ ਵੱਲੋਂ ਨੈਸ਼ਨਲ ਹਾਈਵੇਅ-7 ਪਰ ਟ੍ਰੈਫਿਕ ਜਾਮ ਕਰਨ ਅਤੇ ਲਾਅ ਐਂਡ ਆਰਡਰ ਸਥਿਤੀ ਵਿੱਚ ਵਿਘਨ ਪਾਉਣ ਸਬੰਧੀ ਬਠਿੰਡਾ ਪੁਲਿਸ ਵੱਲੋਂ ਕਾਨੂੰਨ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਉਦਿਆਂ ਵੱਖ-ਵੱਖ ਥਾਣਿਆਂ ਵਿੱਚ 05 ਮੁੱਕਦਮੇ ਦਰਜ ਕੀਤੇ ਗਏ ।