ਕੇਂਦਰੀ ਯੂਨੀਵਰਸਿਟੀ ਵਿਖੇ ‘ਪੱਤਰਕਾਰਤਾ ਵਿੱਚ ਏ.ਆਈ. 'ਵਿਸ਼ੇ ’ਤੇ ਏਆਈ ਇੰਪੈਕਟ ਸਬੰਧੀ ਪ੍ਰੋਗਰਾਮ
ਅਸ਼ੋਕ ਵਰਮਾ
ਬਠਿੰਡਾ, 7 ਫ਼ਰਵਰੀ 2026: ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਇੰਡੀਆ ਏਆਈ ਮਿਸ਼ਨ ਦੇ ਤਹਿਤ “ਪੱਤਰਕਾਰਤਾ ਵਿੱਚ ਏ.ਆਈ.” ਵਿਸ਼ੇ ’ਤੇ ਇੱਕ ਦਿਨਾ ਏਆਈ ਇੰਪੈਕਟ ਪ੍ਰੀ-ਸਮਿਟ ਕਰਵਾਈ ਗਈ । ਇਸ ਸਮਾਗਮ ਵਿੱਚ ਦ ਡੇਲੀ ਗਾਰਡੀਅਨ ਦੇ ਸੰਪਾਦਕ ਸ਼੍ਰੀ ਤੁਸ਼ਾਰ ਸ਼ਰਮਾ ਨੇ ਮੁਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਵਿੱਚ ਅਕਾਦਮਿਕ ਵਿਦਵਾਨਾਂ, ਮੀਡੀਆ ਪੇਸ਼ੇਵਰਾਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਪੱਤਰਕਾਰਤਾ, ਸਿੱਖਿਆ ਅਤੇ ਸਮਾਜ ਵਿੱਚ ਏਆਈ ਦੀ ਭੂਮਿਕਾ ’ਤੇ ਵਿਚਾਰ-ਵਟਾਂਦਰਾ ਕੀਤਾ।
ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਵਾਈਸ-ਚਾਂਸਲਰ ਪ੍ਰੋ. ਰਾਘਵੇਂਦ੍ਰ ਪ੍ਰਸਾਦ ਤਿਵਾੜੀ ਨੇ ਕਿਹਾ ਕਿ ਅੱਜ ਏਆਈ ਸਾਡੇ ਜੀਵਨ ਦੇ ਲਗਭਗ ਹਰ ਖੇਤਰ ਨੂੰ ਪ੍ਰਭਾਵਿਤ ਕਰ ਰਹੀ ਹੈ ਅਤੇ ਲੋਕਾਂ ਦੀਆਂ ਲੋੜਾਂ ਅਨੁਸਾਰ ਬਦਲਾਅ ਲਿਆ ਰਹੀ ਹੈ। ਉਨ੍ਹਾਂ ਨੇ ਭਾਰਤ ਸਰਕਾਰ ਦੀਆਂ ਏਆਈ-ਆਧਾਰਿਤ ਪਹਿਲਕਦਮੀਆਂ ਦਾ ਜ਼ਿਕਰ ਕਰਦੇ ਹੋਏ ਖੇਤੀਬਾੜੀ ਅਤੇ ਸਿਹਤ ਵਿਗਿਆਨ ਵਿੱਚ ਏਆਈ ਦੇ ਉਪਯੋਗ ਬਾਰੇ ਗੱਲ ਕੀਤੀ। ਇਸਦੇ ਨਾਲ ਹੀ ਉਹਨਾਂ ਨੇ ਏਆਈ ਰਾਹੀਂ ਸਿੱਖਿਆ ਦੀ ਗੁਣਵੱਤਾ ਸੁਧਾਰਣ ਦੀ ਯੂਨੀਵਰਸਿਟੀ ਦੀ ਪਰਿਕਲਪਨਾ ਸਾਂਝੀ ਕੀਤੀ ਅਤੇ ਮੁਲਾਂਕਣ, ਅਧਿਆਪਨ ਪ੍ਰਕਿਰਿਆ ਅਤੇ ਵਿਦਿਆਰਥੀਆਂ ਦੇ ਸਿੱਖਣ ਸੰਬੰਧੀ ਰੁਝਾਨਾਂ ਨੂੰ ਸਮਝ ਕੇ ਜ਼ਰੂਰੀ ਅਕਾਦਮਿਕ ਸਹਾਇਤਾ ਦੇਣ ਵਾਲੀ ਏਆਈ-ਆਧਾਰਿਤ ਅਧਿਆਪਨ ਪੱਧਤੀ ਦੇ ਵਿਕਾਸ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਏਆਈ ਟਿਕਾਊ ਵਿਕਾਸ ਅਤੇ ਡਾਟਾ-ਆਧਾਰਿਤ ਪ੍ਰਭਾਵਸ਼ਾਲੀ ਫੈਸਲਿਆਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ, ਪਰ ਇਹ ਵੀ ਲਾਜ਼ਮੀ ਹੈ ਕਿ ਏਆਈ ਮਨੁੱਖੀ ਸੋਚ ’ਤੇ ਹਾਵੀ ਨਾ ਹੋਵੇ ਅਤੇ ਇਸਦੇ ਉਪਯੋਗ ਵਿੱਚ ਨੈਤਿਕਤਾ ਅਤੇ ਮਨੁੱਖੀ ਵਿਵੇਕ ਕੇਂਦਰ ਵਿੱਚ ਰਹਿਣ।
ਮੁੱਖ ਬੁਲਾਰੇ ਅਤੇ ਦ ਡੇਲੀ ਗਾਰਡੀਅਨ ਦੇ ਸੰਪਾਦਕ ਸ਼੍ਰੀ ਤੁਸ਼ਾਰ ਸ਼ਰਮਾ ਨੇ ਆਧੁਨਿਕ ਨਿਊਜ਼ਰੂਮ ਵਿੱਚ ਏਆਈ ਦੇ ਵਿਹਾਰਕ ਉਪਯੋਗ ’ਤੇ ਇੱਕ ਗਿਆਨਵਰਧਕ ਵਿਆਖਿਆਨ ਦਿੱਤਾ। ਉਨ੍ਹਾਂ ਨੇ ਕਿਹਾ ਕਿ ਏਆਈ ਵਿੱਚ ਬੁੱਧੀਮਤਾ ਤਾਂ ਹੈ ਪਰ ਚੇਤਨਾ ਨਹੀਂ, ਇਸ ਲਈ ਮਨੁੱਖੀ ਨਿਗਰਾਨੀ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਦੱਸਿਆ ਕਿ ਏਆਈ ਟੂਲਜ਼ ਦਾ ਨੈਤਿਕ ਢੰਗ ਨਾਲ ਉਪਯੋਗ ਕਰਕੇ ਪੱਤਰਕਾਰ ਰਿਪੋਰਟਿੰਗ, ਸਾਰ-ਸੰਖੇਪਣ, ਬੈਕਗਰਾਊਂਡ ਬ੍ਰੀਫ ਤਿਆਰ ਕਰਨ, ਖ਼ਬਰਾਂ ਦਾ ਲੇਖਨ ਅਤੇ ਸੰਪਾਦਨ, ਡਾਟਾ ਮਾਈਨਿੰਗ, ਖੋਜੀ ਪੱਤਰਕਾਰਤਾ, ਬਜਟ ਵਿਸ਼ਲੇਸ਼ਣ, ਇੰਟਰਵਿਊ ਦੀ ਟ੍ਰਾਂਸਕ੍ਰਿਪਸ਼ਨ ਅਤੇ ਰੀਅਲ-ਟਾਈਮ ਲੇਖ ਪ੍ਰਕਾਸ਼ਨ ਵਿੱਚ ਸਹਾਇਤਾ ਲੈ ਸਕਦੇ ਹਨ।
ਇਸਦੇ ਨਾਲ ਹੀ, ਸ਼੍ਰੀ ਤੁਸ਼ਾਰ ਸ਼ਰਮਾ ਨੇ ਏਆਈ ’ਤੇ ਅੰਧਾ ਭਰੋਸਾ ਨਾ ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਏਆਈ ਦੇ ਨਤੀਜਿਆਂ ਵਿੱਚ ਗਲਤ ਜਾਣਕਾਰੀ, ਪੱਖਪਾਤ ਅਤੇ ਤੱਥਾਤਮਕ ਗਲਤੀਆਂ ਹੋ ਸਕਦੀਆਂ ਹਨ, ਖ਼ਾਸ ਕਰਕੇ ਲਿੰਗ, ਧਰਮ, ਜਾਤੀ ਅਤੇ ਟਕਰਾਅ ਵਰਗੇ ਸੰਵੇਦਨਸ਼ੀਲ ਵਿਸ਼ਿਆਂ ਦੀ ਰਿਪੋਰਟਿੰਗ ਦੌਰਾਨ। ਉਨ੍ਹਾਂ ਨੇ ਕਿਹਾ ਕਿ ਇੱਕ ਵੀ ਤੱਥਾਤਮਕ ਗਲਤੀ ਪੱਤਰਕਾਰ ਦੀ ਭਰੋਸੇਯੋਗਤਾ ਨੂੰ ਨੁਕਸਾਨ ਪਹੁੰਚਾ ਸਕਦੀ ਹੈ, ਇਸ ਲਈ ਏਆਈ ਨਾਲ ਤਿਆਰ ਕੀਤੀ ਕਿਸੇ ਵੀ ਸਮੱਗਰੀ ਦਾ ਉਪਯੋਗ ਪੂਰੀ ਪਾਰਦਰਸ਼ਤਾ ਅਤੇ ਕੜੇ ਤੱਥਾਂ ਦੀ ਜਾਂਚ ਨਾਲ ਕੀਤਾ ਜਾਣਾ ਚਾਹੀਦਾ ਹੈ। ਸ਼੍ਰੀ ਤੁਸ਼ਾਰ ਸ਼ਰਮਾ ਨੇ ਦੁਹਰਾਇਆ ਕਿ ਪੱਤਰਕਾਰਤਾ ਸਿਰਫ਼ ਲਿਖਣ ਜਾਂ ਟਾਈਪ ਕਰਨ ਤੱਕ ਸੀਮਿਤ ਨਹੀਂ, ਬਲਕਿ ਸੋਚ, ਮੌਲਿਕਤਾ, ਨੈਤਿਕ ਵਿਵੇਕ ਅਤੇ ਪੰਕਤੀਆਂ ਦੇ ਵਿਚਕਾਰ ਛੁਪੇ ਅਰਥ ਨੂੰ ਸਮਝਣ ਦੀ ਮਨੁੱਖੀ ਸਮਰੱਥਾ ’ਤੇ ਆਧਾਰਿਤ ਪੇਸ਼ਾ ਹੈ, ਅਤੇ ਇਸੀ ਕਰਕੇ ਸੰਪਾਦਕ ਏਆਈ ਨਾਲ ਲਿਖੀ ਸਮੱਗਰੀ ਨੂੰ ਆਸਾਨੀ ਨਾਲ ਪਛਾਣ ਲੈਂਦੇ ਹਨ। ਉਹਨਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਏਆਈ ਪੱਤਰਕਾਰਾਂ ਦੀ ਮਦਦ ਲਈ ਇੱਕ ਸਾਧਨ ਹੈ, ਨਾ ਕਿ ਮਨੁੱਖੀ ਸੋਚ ਅਤੇ ਜ਼ਿੰਮੇਵਾਰੀ ਦੀ ਥਾਂ ਲੈਣ ਵਾਲਾ ਵਿਕਲਪ।
ਪ੍ਰੋਗਰਾਮ ਦੀ ਸ਼ੁਰੂਆਤ ਜਨਸੰਚਾਰ ਅਤੇ ਮੀਡੀਆ ਅਧਿਐਨ ਵਿਭਾਗ ਦੇ ਮੁਖੀ ਡਾ. ਰੁਬਲ ਕਨੋਜ਼ੀਆ ਦੇ ਸਵਾਗਤੀ ਸੰਬੋਧਨ ਨਾਲ ਹੋਈ, ਜਿਨ੍ਹਾਂ ਨੇ “ਏਆਈ ਇਨ ਜਰਨਲਿਜ਼ਮ” ਵਿਸ਼ੇ ਦੀ ਮਹੱਤਤਾ ਉਜਾਗਰ ਕਰਦਿਆਂ ਮੀਡੀਆ ਸਿੱਖਿਆ ਅਤੇ ਨਿਊਜ਼ਰੂਮ ਕਾਰਜਪ੍ਰਣਾਲੀ ਵਿੱਚ ਏਆਈ ਦੀ ਭੂਮਿਕਾ ’ਤੇ ਰੋਸ਼ਨੀ ਪਾਈ ਅਤੇ ਮੁੱਖ ਬੁਲਾਰੇ ਨਾਲ ਭਾਗੀਦਾਰਾਂ ਨੂੰ ਜਾਣੂ ਕਰਵਾਇਆ। ਕਾਰਜਕ੍ਰਮ ਦਾ ਸਮਾਪਨ ਡਾ. ਕਿੰਸ਼ੁਕ ਪਾਠਕ, ਐਸੋਸੀਏਟ ਪ੍ਰੋਫੈਸਰ, ਵੱਲੋਂ ਧੰਨਵਾਦੀ ਭਾਸ਼ਣ ਨਾਲ ਹੋਇਆ। ਇਸ ਮੌਕੇ ’ਤੇ ਵਿਭਾਗ ਦੇ ਅਧਿਆਪਕ ਡਾ. ਛਵੀ ਗਰਗ, ਡਾ. ਮਹੇਸ਼ ਮੀਣਾ, ਡਾ. ਅਲੀਮ ਖ਼ਾਨ ਅਤੇ ਡਾ. ਵਿਸ਼ਨੁ ਦੇ ਨਾਲ-ਨਾਲ ਯੂਨੀਵਰਸਿਟੀ ਦੇ ਜਨਸੰਪਰਕ ਅਧਿਕਾਰੀ ਸ਼੍ਰੀ ਰੋਬਿਨ ਜਿੰਦਲ ਵੀ ਮੌਜੂਦ ਸਨ। ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨੇ ਸਰਗਰਮ ਭਾਗੀਦਾਰੀ ਕੀਤੀ ਅਤੇ ਪੱਤਰਕਾਰਤਾ ਵਿੱਚ ਏਆਈ ਦੇ ਨੈਤਿਕ ਅਤੇ ਪ੍ਰਭਾਵਸ਼ਾਲੀ ਉਪਯੋਗ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ।