ਪੜ੍ਹਾਈ, ਪੇਪਰਾਂ ਦੀ ਤਿਆਰੀ ਅਤੇ ਨਸ਼ਿਆਂ ਤੋਂ ਬਚਾਅ ‘ਤੇ ਕੇਂਦਰਿਤ ਮਾਪਿਆਂ ਲਈ ਵਰਕਸ਼ਾਪ ਕਰਵਾਈ
ਅਸ਼ੋਕ ਵਰਮਾ
ਮਾਨਸਾ, 7 ਫਰਵਰੀ 2026:ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਮਾਨਸਾ ਜ਼ਿਲ੍ਹੇ ਦੇ ਸਮੂਹ ਸਕੂਲਾਂ ਵਿੱਚ ਮਾਪਿਆਂ ਲਈ ਵਰਕਸ਼ਾਪ 2.0 ਕਰਵਾਈ ਗਈ।ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਨੀਲਮ ਰਾਣੀ ਦੀ ਅਗਵਾਈ ਹੇਠ ਕਰਵਾਏ ਇਸ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨਾਲ ਸੰਬੰਧਿਤ ਅਹਿਮ ਮੁੱਦਿਆਂ ‘ਤੇ ਚਰਚਾ ਕੀਤੀ ਗਈ। ਇਸ ਮੌਕੇ ਦਾਖਲਾ ਮੁਹਿੰਮ, ਆਉਣ ਵਾਲੇ ਪੇਪਰਾਂ ਦੀ ਤਿਆਰੀ ਅਤੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਬਚਾਉਣ ਸਬੰਧੀ ਮਾਪਿਆਂ ਦੀ ਭੂਮਿਕਾ ਬਾਰੇ ਵਿਚਾਰ ਚਰਚਾ ਕੀਤੀ ਗਈ।
ਇਸ ਮੌਕੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਡਾ. ਪਰਮਜੀਤ ਸਿੰਘ ਭੋਗਲ ਨੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵੱਧ ਤੋਂ ਵੱਧ ਬੱਚਿਆਂ ਨੂੰ ਸਿੱਖਿਆ ਨਾਲ ਜੋੜਨ ਵਿੱਚ ਅਧਿਆਪਕਾਂ ਦਾ ਸਹਿਯੋਗ ਕਰਨ।
ਪੇਪਰਾਂ ਦੀ ਤਿਆਰੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਬੱਚਿਆਂ 'ਤੇ ਬੇਲੋੜਾ ਦਬਾਅ ਨਾ ਪਾਉਣ ਅਤੇ ਉਨ੍ਹਾਂ ਨੂੰ ਆਤਮ ਵਿਸ਼ਵਾਸ ਨਾਲ ਅੱਗੇ ਵਧਣ ਲਈ ਪ੍ਰੇਰਿਤ ਕਰਨ। ਮਾਪਿਆਂ ਨੂੰ ਬੱਚਿਆਂ ਦੀ ਰੋਜ਼ਾਨਾ ਪੜ੍ਹਾਈ ਵਿੱਚ ਦਿਲਚਸਪੀ ਲੈਣ ਲਈ ਪ੍ਰੇਰਿਤ ਕੀਤਾ ਗਿਆ।
ਸਰਕਾਰੀ ਸਕੂਲਾਂ ਦੀ ਸਿੱਖਿਆ ਦੀ ਗੁਣਵੱਤਾ ਅਤੇ ਸੁਵਿਧਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਮੁਫ਼ਤ ਅਤੇ ਮਿਆਰੀ ਸਿੱਖਿਆ ਦੇ ਨਾਲ-ਨਾਲ ਕਿਤਾਬਾਂ, ਯੂਨੀਫ਼ਾਰਮ, ਮਿਡ-ਡੇ ਮੀਲ, ਵਜ਼ੀਫ਼ੇ ਅਤੇ ਮੁਫ਼ਤ ਆਵਾਜਾਈ ਵਰਗੀਆਂ ਵੱਖ-ਵੱਖ ਭਲਾਈ ਸਕੀਮਾਂ ਦਾ ਲਾਭ ਮਿਲਦਾ ਹੈ।
ਉਹਨਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾ ਕੇ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਪੂਰਾ ਲਾਭ ਲੈਣ।
ਨਸ਼ਿਆਂ ਤੋਂ ਬਚਾਅ ਸੰਬੰਧੀ ਚਰਚਾ ਦੌਰਾਨ ਉਨ੍ਹਾਂ ਮਾਪਿਆਂ ਨੂੰ ਕਿਹਾ ਕਿ ਉਹ ਬੱਚਿਆਂ ਨਾਲ ਖੁੱਲ੍ਹ ਕੇ ਗੱਲਬਾਤ ਕਰਨ, ਉਨ੍ਹਾਂ ਦੀ ਸੰਗਤ ‘ਤੇ ਨਜ਼ਰ ਰੱਖਣ ਅਤੇ ਸਕਾਰਾਤਮਕ ਗਤੀਵਿਧੀਆਂ ਵੱਲ ਪ੍ਰੇਰਿਤ ਕਰਨ।ਵਰਕਸ਼ਾਪ ਦੇ ਅਖੀਰ ਵਿੱਚ ਮਾਪਿਆਂ ਨੇ ਇਸ ਤਰ੍ਹਾਂ ਦੇ ਕਾਰਜਕ੍ਰਮਾਂ ਨੂੰ ਬਹੁਤ ਲਾਭਦਾਇਕ ਦੱਸਦਿਆਂ ਭਵਿੱਖ ਵਿੱਚ ਵੀ ਅਜਿਹੀਆਂ ਵਰਕਸ਼ਾਪਾਂ ਕਰਵਾਉਣ ਦੀ ਲੋੜ ਉਤੇ ਜ਼ੋਰ ਦਿੱਤਾ।