ਸੁਖਜਿੰਦਰ ਰੰਧਾਵਾ ਦਾ ਸੁਨੀਲ ਜਾਖੜ 'ਤੇ ਵੱਡਾ ਹਮਲਾ; ਜਾਖੜ ਨੂੰ ਦੱਸਿਆ 'ਗੱਦਾਰ' ਅਤੇ 'ਮੌਕਾਪ੍ਰਸਤ'
"ਜਾਖੜ ਨੇ ਕਾਂਗਰਸ ਦੀ ਪਿੱਠ 'ਚ ਮਾਰਿਆ ਛੁਰਾ": ਰੰਧਾਵਾ ਨੇ ਜਾਖੜ ਦੇ ਸੰਸਦ ਵਾਲੇ ਬਿਆਨ 'ਤੇ ਕੀਤਾ ਪਲਟਵਾਰ
ਰੰਧਾਵਾ ਨੇ ਜਾਖੜ ਨੂੰ ਕਿਹਾ- "ਮੌਕਾਪ੍ਰਸਤੀ ਦਾ ਦੂਜਾ ਨਾਂ ਹੀ ਗੱਦਾਰੀ ਹੈ"
ਜਾਖੜ ਵੱਲੋਂ ਪੀਐਮ ਦੀ ਸੁਰੱਖਿਆ ਦੇ ਮੁੱਦੇ 'ਤੇ ਚੁੱਕੇ ਸਵਾਲਾਂ ਦਾ ਰੰਧਾਵਾ ਨੇ ਦਿੱਤਾ ਕਰਾਰਾ ਜਵਾਬ
ਚੰਡੀਗੜ੍ਹ/ਗੁਰਦਾਸਪੁਰ, 7 ਫਰਵਰੀ 2026: ਪੰਜਾਬ ਕਾਂਗਰਸ ਦੇ ਦਿੱਗਜ ਆਗੂ ਅਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਵੱਲੋਂ ਕਾਂਗਰਸੀ ਸੰਸਦ ਮੈਂਬਰਾਂ 'ਤੇ ਕੀਤੀ ਗਈ ਟਿੱਪਣੀ ਦਾ ਸਖ਼ਤ ਨੋਟਿਸ ਲੈਂਦਿਆਂ ਉਨ੍ਹਾਂ 'ਤੇ ਤਿੱਖਾ ਹਮਲਾ ਬੋਲਿਆ ਹੈ। ਰੰਧਾਵਾ ਨੇ ਜਾਖੜ ਨੂੰ ਸਿਰਫ਼ ਮੌਕਾਪ੍ਰਸਤ ਹੀ ਨਹੀਂ, ਸਗੋਂ ਪਾਰਟੀ ਨਾਲ ਗੱਦਾਰੀ ਕਰਨ ਵਾਲਾ ਆਗੂ ਦੱਸਿਆ।
ਬੀਤੇ ਦਿਨੀਂ ਸੁਨੀਲ ਜਾਖੜ ਨੇ ਲੋਕ ਸਭਾ ਵਿੱਚ ਕਾਂਗਰਸੀ ਸੰਸਦ ਮੈਂਬਰਾਂ ਵੱਲੋਂ ਪਾਏ ਜਾ ਰਹੇ ਰੌਲੇ 'ਤੇ ਸਵਾਲ ਚੁੱਕੇ ਸਨ। ਜਾਖੜ ਨੇ ਕਿਹਾ ਸੀ ਕਿ, "ਸੰਸਦ ਵਿੱਚ ਉਹੀ ਲੋਕ ਰੌਲਾ ਪਾ ਰਹੇ ਹਨ ਜਿਨ੍ਹਾਂ ਨੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾਉਣ ਵਾਲੇ ਅਨਸਰਾਂ ਦਾ ਹੌਸਲਾ ਵਧਾਇਆ ਸੀ।"
ਜਾਖੜ ਦੇ ਇਸ ਬਿਆਨ 'ਤੇ ਭੜਕੇ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਸੁਨੀਲ ਜਾਖੜ ਨੇ ਉਸ ਕਾਂਗਰਸ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ ਜਿਸ ਨੇ ਉਨ੍ਹਾਂ ਨੂੰ ਮਾਣ-ਸਨਮਾਨ ਅਤੇ ਵੱਡੇ ਅਹੁਦੇ ਦਿੱਤੇ। ਰੰਧਾਵਾ ਨੇ ਕਿਹਾ ਕਿ ਮੌਕਾਪ੍ਰਸਤੀ ਦਾ ਅਸਲ ਨਾਮ ਹੀ 'ਗੱਦਾਰੀ' ਹੈ ਅਤੇ ਜਾਖੜ ਨੇ ਸਿਆਸੀ ਫਾਇਦੇ ਲਈ ਆਪਣੀ ਪੁਰਾਣੀ ਸੰਸਥਾ 'ਤੇ ਸਵਾਲ ਚੁੱਕ ਕੇ ਆਪਣੀ ਅਸਲੀਅਤ ਦਿਖਾ ਦਿੱਤੀ ਹੈ। ਰੰਧਾਵਾ ਨੇ ਜਾਖੜ ਨੂੰ ਗੱਦਾਰੀ ਕਰਨ ਵਿੱਚ 'ਮਾਹਿਰ' ਦੱਸਦਿਆਂ ਕਿਹਾ ਕਿ ਅਜਿਹੇ ਆਗੂਆਂ ਨੂੰ ਨੈਤਿਕਤਾ ਦੀਆਂ ਗੱਲਾਂ ਸ਼ੋਭਦੀਆਂ ਨਹੀਂ ਹਨ।