ਕਲਾਨੌਰ ਵਿਖੇ 'ਸੰਪੂਰਨਤਾ ਅਭਿਆਨ 2.0' ਦਾ ਸ਼ਾਨਦਾਰ ਆਗਾਜ਼; SDM ਜਯੋਤਸਨਾ ਸਿੰਘ ਨੇ ਦਿੱਤਾ ਸਿਹਤ ਅਤੇ ਪੋਸ਼ਣ ਦਾ ਸੁਨੇਹਾ
ਕਲਾਨੌਰ,7 ਫਰਵਰੀ - ਸੰਪੂਰਨਤਾ ਅਭਿਆਨ 2.0 ਤਹਿਤ ਐਸਪੀਰੇਸ਼ਨਲ ਬਲਾਕ ਕਲਾਨੌਰ ਪੀ. ਐਮ. ਸ਼੍ਰੀ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਵਿੱਚ ਸਮਾਗਮ ਕਰਵਾਇਆ ਗਿਆ,ਜਿਸ ਵਿੱਚ ਮੁੱਖ ਮਹਿਮਾਨ ਵਜੋਂ ਐਸ.ਡੀ.ਐਮ. ਕਲਾਨੌਰ ਸ਼੍ਰੀ ਮਤੀ ਜਯੋਤਸਨਾ ਸਿੰਘ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਲ ਵਿਕਾਸ ਵਿਭਾਗ ਦੀ ਸੀ.ਡੀ.ਪੀ.ਓ. ਹਰਜੀਤ ਵਾਲੀਆ ਨੇ ਦੱਸਿਆ ਕਿ ਸੰਪੂਰਨਤਾ ਅਭਿਆਨ 2.0 ਦਾ ਮੁੱਖ ਉਦੇਸ਼ ਛੋਟੇ ਬੱਚਿਆਂ, ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ ਮਾਤਾਵਾਂ ਦੀ ਸਿਹਤ, ਪੋਸ਼ਣ ਅਤੇ ਸਮੁੱਚੇ ਵਿਕਾਸ ਨੂੰ ਯਕੀਨੀ ਬਣਾਉਣਾ ਹੈ। ਇਸ ਅਭਿਆਨ ਦੇ ਅਹੰਕਾਰਕ ਸੂਚਕਾਂ (Indicators) ਵਿੱਚ ਮਾਤਾ-ਸ਼ਿਸ਼ੁ ਪੋਸ਼ਣ, ਖੂਨ ਦੀ ਕਮੀ (ਐਨੀਮੀਆ) ਘਟਾਉਣਾ, ਟੀਕਾਕਰਨ, ਸਿਹਤ ਜਾਂਚਾਂ, ਸਫਾਈ, ਸਿੱਖਿਆ ਅਤੇ ਸਮਾਜਿਕ ਜਾਗਰੂਕਤਾ ਸ਼ਾਮਿਲ ਹਨ।
ਸਮਾਗਮ ਦੀ ਸ਼ੁਰੂਆਤ ਸਕੂਲ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੀਆਂ ਗਈਆਂ ਰੰਗਾ-ਰੰਗ ਸਾਂਸਕ੍ਰਿਤਿਕ ਪ੍ਰਸਤੁਤੀਆਂ ਨਾਲ ਹੋਈ, ਜਿੱਥੇ ਵਿਦਿਆਰਥੀਆਂ ਨੇ ਗਿੱਧਾ, ਭੰਗੜਾ ਅਤੇ ਗਾਇਨ ਰਾਹੀਂ ਦਰਸ਼ਕਾਂ ਦਾ ਮਨ ਮੋਹ ਲਿਆ। ਇਨ੍ਹਾਂ ਪ੍ਰਸਤੁਤੀਆਂ ਨੇ ਸਮਾਗਮ ਨੂੰ ਵਿਸ਼ੇਸ਼ ਰੌਣਕ ਬਖ਼ਸ਼ੀ।
ਮੁੱਖ ਮਹਿਮਾਨ ਸ਼੍ਰੀ ਮਤੀ ਜਯੋਤਸਨਾ ਸਿੰਘ ਨੇ ਵੱਖ-ਵੱਖ ਵਿਭਾਗਾਂ ਵੱਲੋਂ ਲਗਾਏ ਗਏ ਸਟਾਲਾਂ ਦਾ ਦੌਰਾ ਕਰਕੇ ਉੱਥੇ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੀ ਜਾਂਚ ਕੀਤੀ ਅਤੇ ਸੰਬੰਧਿਤ ਅਧਿਕਾਰੀਆਂ ਤੋਂ ਵਿਸਥਾਰ ਨਾਲ ਜਾਣਕਾਰੀ ਹਾਸਲ ਕੀਤੀ।
ਆਪਣੇ ਸੰਬੋਧਨ ਵਿੱਚ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ-ਹਿਤੈਸ਼ੀ ਯੋਜਨਾਵਾਂ ਨੂੰ ਆਂਗਣਵਾੜੀ ਵਰਕਰਾਂ ਰਾਹੀਂ ਘਰ-ਘਰ ਤੱਕ ਪਹੁੰਚਾਇਆ ਜਾਣਾ ਚਾਹੀਦਾ ਹੈ ਤਾਂ ਜੋ ਹਰ ਲਾਭਪਾਤਰੀ ਤੱਕ ਇਹ ਸੇਵਾਵਾਂ ਪਹੁੰਚ ਸਕਣ।
ਇਸ ਮੌਕੇ ਮੁੱਖ ਮਹਿਮਾਨ ਦੀ ਅਗਵਾਈ ਹੇਠ ਸਮਾਗਮ ਵਿੱਚ ਮੌਜੂਦ ਸਾਰੇ ਅਧਿਕਾਰੀਆਂ, ਕਰਮਚਾਰੀਆਂ ਅਤੇ ਭਾਗੀਦਾਰਾਂ ਵੱਲੋਂ ਸੰਪੂਰਨਤਾ ਅਭਿਆਨ 2.0 ਤਹਿਤ ਛੇ ਮੁੱਖ ਕਾਰਗੁਜ਼ਾਰੀ ਸੂਚਕਾਂ ਦੀ 100% ਸੈਚੁਰੇਸ਼ਨ ਯਕੀਨੀ ਬਣਾਉਣ ਲਈ ਸਹੁੰ ਵੀ ਲਈ ਗਈ।
ਇਸ ਮੌਕੇ ਸੀ.ਡੀ.ਪੀ.ਓ. ਹਰਜੀਤ ਵਾਲੀਆ ਵੱਲੋਂ ਮੁੱਖ ਮਹਿਮਾਨ ਦੇ ਕਰ-ਕਮਲਾਂ ਨਾਲ 15 ਗਰਭਵਤੀ ਔਰਤਾਂ ਨੂੰ ਖੂਨ ਦੀ ਕਮੀ ਦੂਰ ਕਰਨ ਲਈ ਫਲ ਅਤੇ ਹੋਰ ਪੋਸ਼ਣ ਸਮੱਗਰੀ ਵੰਡੀਂ ਗਈ। ਉਨ੍ਹਾਂ ਨੇ ਕਿਹਾ ਕਿ ਗਰਭ ਅਵਸਥਾ ਦੌਰਾਨ ਸਮੇਂ-ਸਮੇਂ ‘ਤੇ ਡਾਕਟਰਾਂ ਦੀ ਸਲਾਹ ਲੈਣੀ ਬਹੁਤ ਜ਼ਰੂਰੀ ਹੈ ਤਾਂ ਜੋ ਮਾਂ ਅਤੇ ਬੱਚਾ ਦੋਵੇਂ ਤੰਦਰੁਸਤ ਰਹਿ ਸਕਣ।
ਲਾਂਚ ਸਮਾਗਮ ਦੌਰਾਨ ਹੋਰ ਵਿਭਾਗਾਂ ਵੱਲੋਂ ਵੀ ਵੱਖ-ਵੱਖ ਕੈਂਪ ਲਗਾਏ ਗਏ। ਐਸ.ਐਮ.ਓ. ਡਾ. ਰਮੇਸ਼ ਕੁਮਾਰ ਦੀ ਅਗਵਾਈ ਹੇਠ ਹਾਈਪਰਟੈਨਸ਼ਨ ਅਤੇ ਡਾਇਬਟੀਜ਼ ਸਕ੍ਰੀਨਿੰਗ ਕੈਂਪ ਲਗਾਇਆ ਗਿਆ, ਜਿਸ ਵਿੱਚ ਲੋਕਾਂ ਦੀ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੀ ਜਾਂਚ ਕੀਤੀ ਗਈ। ਇਸ ਤੋਂ ਇਲਾਵਾ ਸੀਨੀਅਰ ਵੈਟਰਨਰੀ ਅਫਸਰ ਡਾ. ਮਨਮੀਤ ਸਿੰਘ ਵੱਲੋਂ ਪਸ਼ੂਆਂ ਦੀ ਬੋਵਾਈਨ ਵੈਕਸੀਨੇਸ਼ਨ (FMD) ਸਬੰਧੀ ਜਾਗਰੂਕਤਾ ਮੁਹਿੰਮ ਚਲਾਈ ਗਈ ਅਤੇ ਲੋਕਾਂ ਨੂੰ ਪਸ਼ੂਆਂ ਦੀ ਸਿਹਤ ਸੰਭਾਲ ਬਾਰੇ ਜਾਣੂ ਕਰਵਾਇਆ ਗਿਆ।
ਇਸ ਪੂਰੇ ਸਮਾਗਮ ਦੇ ਪ੍ਰਬੰਧ ਬੀ.ਡੀ.ਪੀ.ਓ. ਕਲਾਨੌਰ ਸੁਰਜੀਤ ਸਿੰਘ ਅਤੇ ਪ੍ਰਿੰਸੀਪਲ ਮੈਡਮ ਗੁਰਮਨਜੀਤ ਕੌਰ ਦੀ ਦੇਖ-ਰੇਖ ਹੇਠ ਕੀਤੇ ਗਏ। ਇਸ ਮੌਕੇ ਬੀ.ਪੀ.ਐਮ. ਸਰੋਵਰ ਕੁੰਡਲ, ਐਸਪੀਰੇਸ਼ਨਲ ਬਲਾਕ ਫੈਲੋਜ਼ ਬਲਜੀਤ ਕੌਰ (ਕਲਾਨੌਰ) ਅਤੇ ਸੁਖਮਨਦੀਪ ਕੌਰ (ਡੇਰਾ ਬਾਬਾ ਨਾਨਕ) ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ।
ਇਸ ਸਮਾਗਮ ਵਿੱਚ ਸੁਪਰਵਾਈਜ਼ਰ ਅਤੇ ਆਂਗਣਵਾੜੀ ਵਰਕਰਾਂ ਸਮੇਤ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀ ਹਾਜ਼ਰ ਸਨ।
ਆਖਰ ਵਿੱਚ ਪ੍ਰਿੰਸੀਪਲ ਮੈਡਮ ਗੁਰਮਨਜੀਤ ਕੌਰ ਵੱਲੋਂ ਮੁੱਖ ਮਹਿਮਾਨ, ਸੀ.ਡੀ.ਪੀ.ਓ., ਆਂਗਣਵਾੜੀ ਵਰਕਰਾਂ ਅਤੇ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਸੰਪੂਰਨਤਾ ਅਭਿਆਨ 2.0 ਨੂੰ ਜ਼ਮੀਨੀ ਪੱਧਰ ‘ਤੇ ਸਫਲ ਬਣਾਉਣ ਲਈ ਸਾਂਝੇ ਉਪਰਾਲਿਆਂ ਦੀ ਅਪੀਲ ਕੀਤੀ ਗਈ।