ਆਰ.ਐਮ.ਪੀ.ਆਈ ਵੱਲੋਂ ਕੇਂਦਰ ਦੇ ਧੱਕੇ ਖਿਲਾਫ 26 ਫਰਵਰੀ ਨੂੰ ਚੰਡੀਗੜ੍ਹ ਪੁੱਜਣ ਦਾ ਸੱਦਾ
ਅਸ਼ੋਕ ਵਰਮਾ
ਜਲੰਧਰ ,31 ਜਨਵਰੀ2026: ਸੰਘੀਆਂ ਵੱਲੋਂ, ਉੱਤਰਾਖੰਡ ਵਿਖੇ ਕੀਤੀ ਗਈ ਸੂਫੀ ਫ਼ਕੀਰ ਬਾਬਾ ਬੁੱਲ੍ਹੇਸ਼ਾਹ ਦੀ ਦਰਗਾਹ ਦੀ ਵਿਉਂਤਬੱਧ ਬੇਹੁਰਮਤੀ ਤੋਂ ਇਹ ਬਾਖੂਬੀ ਸਿੱਧ ਹੁੰਦਾ ਹੈ ਕਿ ਹਿੰਦਤਵੀ ਖਰੂਦੀ ਸਾਂਝੀਵਾਲਤਾ ਤੇ ਫਿਰਕੂ ਇਕਸੁਰਤਾ ਦੇ ਹਰ ਨਿਸ਼ਾਨ ਤੇ ਅਤੀਤ ਦੀਆਂ ਸਾਰੀਆਂ ਨਰੋਈਆਂ ਕਦਰਾਂ-ਕੀਮਤਾਂ ਦੇ ਖਾਤਮੇ ਲਈ ਬਜ਼ਿਦ ਹਨ।"
ਉਕਤ ਸ਼ਬਦ, ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਪੰਜਾਬ ਰਾਜ ਕਮੇਟੀ ਦੀ ਮੀਟਿੰਗ 'ਚ ਬੋਲਦਿਆਂ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਹੇ ਹਨ। ਸਾਥੀ ਪਾਸਲਾ ਨੇ ਕਿਹਾ ਕਿ ਮੁਸਲਿਮ ਵਸੋਂ ਨੂੰ ਹਿੰਦੂ ਤਿਉਹਾਰਾਂ ਤੇ ਪਵਿਤਰ ਆਯੋਜਨਾਂ ਤੋਂ ਦੂਰ ਰਹਿਣ ਦਾ ਫਰਮਾਨ ਜਾਰੀ ਕਰਕੇ ਸੰਘੀ ਟੋਲੇ ਭਾਰਤੀ ਸਮਾਜ ਦੀ ਫਿਰਕੂ ਆਧਾਰ 'ਤੇ ਤਿੱਖੀ, ਸਦੀਵੀਂ ਵੰਡ ਕਰਨਾ ਚਾਹੁੰਦੇ ਹਨ।
ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਅਤੀਤ ਦੀਆਂ ਮੰਦਭਾਗੀਆਂ ਘਟਨਾਵਾਂ ਨੂੰ ਆਧਾਰ ਬਣਾ ਕੇ ਅਜੋਕੇ ਨਾਗਰਿਕਾਂ ਤੋਂ ਬਦਲਾ ਲੈਣ ਦਾ ਸੱਦਾ ਦਿੰਦਾ ਅੱਤ ਦਰਜੇ ਦਾ ਭੜਕਾਊ ਬਿਆਨ, ਘੱਟ ਗਿਣਤੀਆਂ ਦੇ ਕਤਲੇਆਮ 'ਤੇ ਘਰੋਗੀ ਜੰਗ ਛਿੜਨ ਦਾ ਜਰੀਆ ਬਣ ਸਕਦਾ ਹੈ।
ਸਾਥੀ ਪਾਸਲਾ ਨੇ ਦੱਸਿਆ ਹੈ ਕਿ ਪਾਰਟੀ ਵਲੋਂ ਸ਼ਹੀਦ-ਇ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ 23 ਮਾਰਚ, 2026 ਨੂੰ ਕੌਮੀ ਰਾਜਧਾਨੀ ਦਿੱਲੀ ਵਿਖੇ ਵਿਸ਼ਾਲ ਦੇਸ਼ ਵਿਆਪੀ ਇਕੱਠ ਕੀਤਾ ਜਾਵੇਗਾ। ਉਨ੍ਹਾਂ ਸਮੂਹ ਦੇਸ਼ ਵਾਸੀਆਂ ਨੂੰ ਸਾਮਰਾਜ ਦੇ ਖੂੰਖਾਰ ਹੱਲਿਆਂ ਤੇ ਜੰਗ ਭੜਕਾਊ ਕੁਚਾਲਾਂ ਵਿਰੁੱਧ, ਦੇਸ਼ ਦੇ ਸੰਵਿਧਾਨ, ਵਰਤਮਾਨ ਉਦਾਰ ਢਾਂਚੇ ਤੇ ਜਮਹੂਰੀ ਕਦਰਾਂ-ਕੀਮਤਾਂ ਦੇ ਪਿਛਾਖੜੀ ਤਾਕਤਾਂ ਵਲੋਂ ਕੀਤੇ ਜਾ ਰਹੇ ਘਾਣ ਖਿਲਾਫ਼ ਤੇ ਕਿਰਤੀ ਵਸੋਂ ਦੀਆਂ ਮੁਸੀਬਤਾਂ 'ਚ ਢੇਰਾਂ ਵਾਧਾ ਕਰ ਰਹੀਆਂ ਨਵ-ਉਦਾਰਵਾਦੀ ਨੀਤੀਆਂ ਤੋਂ ਮੁਕਤੀ ਲਈ ਜੂਝਣ ਦਾ ਹੋਕਾ ਦੇਣ ਲਈ ਕੀਤੇ ਜਾ ਰਹੇ ਇਸ ਇਕੱਠ 'ਚ ਪਰਿਵਾਰਾਂ ਸਮੇਤ ਵਹੀਰਾਂ ਘੱਤ ਕੇ ਦਿੱਲੀ ਪੁੱਜਣ ਦਾ ਸੱਦਾ ਦਿੱਤਾ ਹੈ।
ਸੂਬਾ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਪੰਜਾਬ ਅਜੋਕੇ ਖਤਰਨਾਕ ਹਾਲਾਤ ਬਾਰੇ ਡੂੰਘੀ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਅਪਰਾਧੀ ਗਰੋਹਾਂ, ਨਸ਼ਾ ਤਸਕਰਾਂ ਤੇ ਮਾਫੀਆ ਤੰਤਰ ਨੂੰ ਹਾਸਲ ਹਕੂਮਤੀ ਥਾਪੜੇ ਸਦਕਾ ਨਾਜਾਇਜ ਮਾਇਨਿੰਗ ਅਤੇ ਕਤਲਾਂ, ਲੁੱਟਾਂ-ਖੋਹਾਂ, ਫਿਰੌਤੀ ਵਸੂਲੀ ਆਦਿ ਵਾਰਦਾਤਾਂ ਬੇਰੋਕ ਵਧ ਰਹੀਆਂ ਹਨ। ਭ੍ਰਿਸਟਾਚਾਰ ਦੀਆਂ ਸਾਰੀਆਂ ਹੱਦਾਂ ਉਲੰਘ ਚੁੱਕੀ ਸੂਬੇ ਦੀ ਭਗਵੰਤ ਮਾਨ ਸਰਕਾਰ ਆਪਣੀ ਨਖਿੱਧ ਕਾਰਗੁਜਾਰੀ ਤੇ ਚੌਤਰਫਾ ਨਾਕਾਮੀਆਂ ਤੋਂ ਧਿਆਨ ਭਟਕਾਉਣ ਲਈ ਝੂਠੇ ਪ੍ਰਚਾਰ ਦਾ ਸਹਾਰਾ ਲੈ ਰਹੀ ਹੈ ਅਤੇ ਵਿਰੋਧ ਦੀਆਂ ਆਵਾਜ਼ਾਂ ਨੂੰ ਦਬਾਉਣ ਲਈ ਜਾਬਰ ਹਥਕੰਡੇ ਅਪਣਾਅ ਰਹੀ ਹੈ ਤੇ ਮੀਡੀਆ ਦਾ ਗਲਾ ਘੁੱਟ ਰਹੀ ਹੈ।
ਉਨ੍ਹਾਂ ਦੱਸਿਆ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਪੰਜਾਬ ਨਾਲ ਕੀਤੇ ਜਾ ਰਹੇ ਧੱਕੇ-ਵਿਤਕਰੇ ਤੇ ਸਾਜਿਸ਼ਾਂ ਖਿਲਾਫ, ਪੰਜਾਬ ਨਾਲ ਜੁੜੇ ਚਿਰਾਂ ਤੋਂ ਲੰਬਿਤ ਮਸਲਿਆਂ ਦਾ ਨਿਆਈਂ ਹੱਲ ਲੱਭੇ ਜਾਣ ਲਈ, 'ਆਪ' ਸਰਕਾਰ ਦੀ ਨਾਕਸ ਨੀਤੀ-ਪਹੁੰਚ ਖਿਲਾਫ਼ ਆਉਣ ਵਾਲੀ 26 ਫਰਵਰੀ ਨੂੰ ਚੰਡੀਗੜ੍ਹ ਵਿਖੇ ਵਿਸ਼ਾਲ ਲੋਕ ਇਕੱਠ ਤੇ ਰੋਸ ਮਾਰਚ ਕੀਤਾ ਜਾਵੇਗਾ।
ਰਾਜ ਕਮੇਟੀ ਨੇ ਪਾਰਟੀ ਸਫਾਂ ਨੂੰ 12 ਫਰਵਰੀ ਨੂੰ ਕੀਤੀ ਜਾਣ ਵਾਲੀ ਹੜਤਾਲ ਵਾਸਤੇ ਵਧੇਰੇ ਤੋਂ ਵਧੇਰੇ ਲਾਮਬੰਦੀ ਕਰਨ ਦਾ ਸੱਦਾ ਦਿੰਦਿਆਂ ਪ੍ਰਾਂਤ ਵਾਸੀਆਂ, ਖਾਸ ਕਰਕੇ ਮਿਹਨਤੀ ਵਰਗਾਂ ਨੂੰ ਹੜਤਾਲ ਦੀ ਬੇਮਿਸਾਲ ਕਾਮਯਾਬੀ ਲਈ ਹਰ ਪੱਖੋਂ ਯੋਗਦਾਨ ਦੇਣ ਦੀ ਅਪੀਲ ਕੀਤੀ ਹੈ। ਮੀਟਿੰਗ ਦੀ ਪ੍ਰਧਾਨਗੀ ਸਾਥੀ ਰਤਨ ਸਿੰਘ ਰੰਧਾਵਾ ਨੇ ਕੀਤੀ। ਆਰੰਭ ਵਿਚ ਲੰਘੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਾਥੀ ਪਿਆਰਾ ਸਿੰਘ ਪ੍ਰਿੰਸੀਪਲ, ਜਸਪਾਲ ਸਿੰਘ ਝਬਾਲ, ਬਲਵਿੰਦਰ ਸਿੰਘ ਛੇਹਰਟਾ, ਅਵਤਾਰ ਸਿੰਘ ਗੁਰਦਾਸਪੁਰ ਤੇ ਮਾਤਾ ਹਰਬੰਸ ਕੌਰ ਨੂੰ ਮੌਨ ਖੜੋ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ।
ਜਾਰੀ ਕਰਤਾ: ਮਹੀਪਾਲ (99153 12806)