ਦੋਰਾਹਾ ਰੇਲਵੇ ਓਵਰ ਬ੍ਰਿਜ ਦਾ 20 ਸਾਲਾਂ ਦਾ ਸੁਪਨਾ ਹੋਇਆ ਸਾਕਾਰ, ਲਟਕਿਆ ਪ੍ਰੋਜੈਕਟ ਮੁੜ ਸ਼ੁਰੂ
ਕੇਂਦਰੀ ਮੰਤਰੀ ਰਵਨੀਤ ਬਿੱਟੂ ਅਤੇ ਆਪ ਵਿਧਾਇਕ ਗਿਆਸਪੁਰਾ ਵਿਚਕਾਰ ਸਿਆਸੀ ਜੰਗ ਦਾ ਅਖਾੜਾ ਬਣਿਆ ਸੀ ਇਹ ਮੁੱਦਾ
ਕੇਂਦਰ ਦੀ ਮਨਜ਼ੂਰੀ ਨਾਲ 70 ਕਰੋੜ ਰੁਪਏ ਦੀ ਲਾਗਤ ਨਾਲ ਬਣੇਗਾ ਆਰ.ਓ.ਬੀ., ਡੇਢ ਸਾਲ ਵਿੱਚ ਕੰਮ ਮੁਕੰਮਲ ਕਰਨ ਦਾ ਦਾਅਵਾ
ਰਵਿੰਦਰ ਸਿੰਘ
ਖੰਨਾ 31 ਅਕਤੂਬਰ 2026 :
ਦੋਰਾਹਾ ਵਾਸੀਆਂ ਲਈ ਇੱਕ ਵੱਡੀ ਅਤੇ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਕਰੀਬ 20 ਸਾਲਾਂ ਤੋਂ ਲਟਕਦਾ ਆ ਰਿਹਾ ਦੋਰਾਹਾ ਰੇਲਵੇ ਓਵਰ ਬ੍ਰਿਜ (ਆਰ.ਓ.ਬੀ.) ਪ੍ਰੋਜੈਕਟ ਹੁਣ ਆਖ਼ਰਕਾਰ ਮੁੜ ਸ਼ੁਰੂ ਹੋ ਗਿਆ ਹੈ। ਲੰਮੇ ਸਮੇਂ ਤੋਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਵਿਚਕਾਰ ਅਟਕਿਆ ਹੋਇਆ ਇਹ ਮਸਲਾ ਹੁਣ ਹੱਲ ਹੁੰਦਾ ਦਿਖਾਈ ਦੇ ਰਿਹਾ ਹੈ, ਕਿਉਂਕਿ ਕੇਂਦਰ ਸਰਕਾਰ ਵੱਲੋਂ ਪੁਲ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।
ਦੋਰਾਹਾ ਰੇਲਵੇ ਓਵਰ ਬ੍ਰਿਜ ਦਾ ਨਿਰਮਾਣ ਕਰੀਬ 70 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਜਾਵੇਗਾ। ਇਸ ਪ੍ਰੋਜੈਕਟ ਨੂੰ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਸਿਆਸੀ ਮਾਹੌਲ ਵੀ ਗਰਮਾਇਆ ਹੋਇਆ ਸੀ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਅਤੇ ਪਾਇਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੇ ਵਿਚਕਾਰ ਇਸ ਮਸਲੇ ਨੂੰ ਲੈ ਕੇ ਕਾਫੀ ਤਿੱਖੀ ਸ਼ਬਦੀ ਜੰਗ ਵੀ ਦੇਖਣ ਨੂੰ ਮਿਲੀ ਸੀ। ਦੋਵੇਂ ਆਗੂਆਂ ਨੇ ਇੱਕ ਦੂਜੇ ਨੂੰ ਖੁੱਲ੍ਹੇ ਤੌਰ ’ਤੇ ਚੈਲੇਂਜ ਤੱਕ ਕਰ ਦਿੱਤੇ ਸਨ, ਜਿਸ ਕਾਰਨ ਇਹ ਮੁੱਦਾ ਕਾਫੀ ਚਰਚਾ ਵਿੱਚ ਰਿਹਾ।
ਬੀਤੇ ਕੱਲ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸੋਸ਼ਲ ਮੀਡੀਆ ਰਾਹੀਂ ਇੱਕ ਵੀਡੀਓ ਜਾਰੀ ਕਰਕੇ ਦੋਰਾਹਾ ਰੇਲਵੇ ਓਵਰ ਬ੍ਰਿਜ ਦੇ ਕੰਮ ਦੀ ਸ਼ੁਰੂਆਤ ਬਾਰੇ ਜਾਣਕਾਰੀ ਦਿੱਤੀ ਸੀ। ਉੱਥੇ ਹੀ ਅੱਜ ਪਾਇਲ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਮੌਕੇ ’ਤੇ ਪਹੁੰਚ ਕੇ ਕੰਮ ਦਾ ਮੁਆਇਨਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕੇਂਦਰ ਸਰਕਾਰ ਅਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਮਸਲੇ ’ਤੇ ਉਨ੍ਹਾਂ ਦਾ ਮਕਸਦ ਸਿਆਸਤ ਨਹੀਂ, ਸਗੋਂ ਲੋਕਾਂ ਨੂੰ ਆ ਰਹੀ ਲੰਬੇ ਸਮੇਂ ਦੀ ਪਰੇਸ਼ਾਨੀ ਨੂੰ ਖਤਮ ਕਰਨਾ ਸੀ।
ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਦੋਰਾਹਾ ਰੇਲਵੇ ਓਵਰ ਬ੍ਰਿਜ ਦਾ ਨਿਰਮਾਣ ਡੇਢ ਸਾਲ ਦੇ ਅੰਦਰ ਪੂਰਾ ਕਰਨ ਦਾ ਟਾਰਗੇਟ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਪੁਲ ਦਾ ਡਿਜ਼ਾਇਨ ਵੀ ਬਦਲਿਆ ਜਾ ਰਿਹਾ ਹੈ, ਤਾਂ ਜੋ ਇਸ ਦੀ ਮਿਆਦ 100 ਸਾਲ ਤੋਂ ਵੀ ਵੱਧ ਹੋ ਸਕੇ ਅਤੇ ਭਵਿੱਖ ਵਿੱਚ ਕਿਸੇ ਤਰ੍ਹਾਂ ਦੀ ਤਕਨੀਕੀ ਸਮੱਸਿਆ ਨਾ ਆਵੇ। ਰੇਲਵੇ ਵੱਲੋਂ ਇਸ ਸਬੰਧੀ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਜਲਦੀ ਹੀ ਜ਼ਮੀਨੀ ਪੱਧਰ ’ਤੇ ਕੰਮ ਤੇਜ਼ੀ ਨਾਲ ਨਜ਼ਰ ਆਵੇਗਾ।
ਵਿਧਾਇਕ ਗਿਆਸਪੁਰਾ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਵੀ ਖਾਸ ਤੌਰ ’ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸਮੇਂ-ਸਮੇਂ ’ਤੇ ਕੇਂਦਰ ਸਰਕਾਰ ਨਾਲ ਰਾਬਤਾ ਕਾਇਮ ਰੱਖਿਆ ਅਤੇ ਅਧਿਕਾਰੀਆਂ ਦੀਆਂ ਮੀਟਿੰਗਾਂ ਬੁਲਾਈਆਂ, ਜਿਸ ਕਾਰਨ ਇਹ ਲੰਬੇ ਸਮੇਂ ਤੋਂ ਲਟਕਿਆ ਪ੍ਰੋਜੈਕਟ ਅੱਗੇ ਵਧ ਸਕਿਆ।
ਜ਼ਿਕਰਯੋਗ ਹੈ ਕਿ ਦੋਰਾਹਾ ਵਿੱਚ ਰੇਲਵੇ ਓਵਰ ਬ੍ਰਿਜ ਨਾ ਹੋਣ ਕਾਰਨ ਲੋਕਾਂ ਨੂੰ ਰੋਜ਼ਾਨਾ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਖਾਸ ਕਰਕੇ ਰੋਪੜ, ਸ੍ਰੀ ਅਨੰਦਪੁਰ ਸਾਹਿਬ ਅਤੇ ਚੰਡੀਗੜ੍ਹ ਵੱਲ ਜਾਣ ਵਾਲੇ ਯਾਤਰੀਆਂ ਲਈ ਇਹ ਰਸਤਾ ਵੱਡੀ ਸਮੱਸਿਆ ਬਣਿਆ ਹੋਇਆ ਹੈ। ਰੇਲ ਲਾਈਨ ਕਾਰਨ ਟ੍ਰੈਫਿਕ ਅਕਸਰ ਜਾਮ ਰਹਿੰਦਾ ਸੀ ਅਤੇ ਲੋਕਾਂ ਦਾ ਕੀਮਤੀ ਸਮਾਂ ਬਰਬਾਦ ਹੁੰਦਾ ਹੈ।
ਹੁਣ ਜਦੋਂ ਦੋਰਾਹਾ ਰੇਲਵੇ ਓਵਰ ਬ੍ਰਿਜ ਦਾ ਨਿਰਮਾਣ ਪੂਰਾ ਹੋ ਜਾਵੇਗਾ, ਤਾਂ ਰੋਜ਼ਾਨਾ ਹਜ਼ਾਰਾਂ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਇਲਾਕਾ ਵਾਸੀਆਂ ਨੇ ਇਸ ਪ੍ਰੋਜੈਕਟ ਦੇ ਮੁੜ ਸ਼ੁਰੂ ਹੋਣ ’ਤੇ ਖੁਸ਼ੀ ਜ਼ਾਹਰ ਕਰਦਿਆਂ ਇਸਨੂੰ ਦੋਰਾਹਾ ਅਤੇ ਆਲੇ-ਦੁਆਲੇ ਦੇ ਖੇਤਰ ਲਈ ਵਿਕਾਸ ਦੀ ਨਵੀਂ ਸ਼ੁਰੂਆਤ ਦੱਸਿਆ ਹੈ।