- By : ਬਾਬੂਸ਼ਾਹੀ ਬਿਊਰੋ
- First Published : Friday, Jan 30, 2026 05:37 PM
-
- LinkedIn
- Whatsapp
- Send Email
- Print
← ਪਿਛੇ ਪਰਤੋ
-
-
Babushahi Special ਹੋਸ਼ਿਆਰ ਖਬਰਦਾਰ ਮੌਤ ਨੂੰ ਮਖੌਲ ਦੀ ਘੱਗਰੀ ਮੰਨਣ ਵਾਲਿਆਂ ਨੂੰ ਨੱਪਣ ਦੀ ਤਿਆਰੀ ’ਚ ਪੁਲਿਸ
ਅਸ਼ੋਕ ਵਰਮਾ
ਬਠਿੰਡਾ, 30 ਜਨਵਰੀ 2026: ਬਠਿੰਡਾ ਪਧਾਰਨ ਵਾਲਿਓ ਟਰੈਫਿਕ ਲਾਈਟਾਂ ਤੇ ਲਾਲ ਬੱਤੀ ਜੰਪ ਕਰਨੀ ਅਤੇ ਵਾਰਦਾਤ ਕਰਕੇ ਭੱਜਣ ਦਾ ਸੱਦਾ ਹੁਣ ਮਹਿੰਗਾ ਪੈ ਸਕਦਾ ਹੈ। ਖਾਸ ਤੌਰ ਤੇ ਸ਼ਹਿਰ ਦੀਆਂ ਸੜਕਾਂ ਤੇ ਚਿੱਟੀ ਵਰਦੀ ਦੀ ਗੈਰਹਾਜ਼ਰੀ ’ਚ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੀ ਤਾਂ ਰਤਾ ਵੀ ਖੈਰ ਨਹੀਂ ਰਹਿਣੀ ਹੈ। ਸ਼ਹਿਰ ਦੇ ਸੁਰੱਖਿਆ ਪ੍ਰਬੰਧਾਂ ਨੂੰ ਮਜਬੂਤ ਕਰਨ ਲਈ ਬਠਿੰਡਾ ਪੁਲਿਸ ਨੇ ਮਹੱਤਵਪੂਰਨ ਪਹਿਲਕਦਮੀ ਕੀਤੀ ਹੈ ਜਿਸ ਤਹਿਤ ਅਤੀਆਧੁਨਿਕ ਕੈਮਰੇ ਲਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਤਕਰੀਬਨ ਇੱਕ ਕਰੋੜ ਦੀ ਲਾਗਤ ਨਾਲ ਲੱਗਣ ਵਾਲੇ ਇਹ ਅਤੀ-ਆਧੁਨਿਕ ਕੈਮਰੇ ਦਿਨ ਚੌਂਕੀਦਾਰੀ ਕਰਨ ਦੇ ਨਾਲ ਨਾਲ ਹਰ ਪ੍ਰਕਾਰ ਦੀਆਂ ਸਰਗਰਮੀਆਂ ਤੇ ਕਾਂ ਅੱਖ ਰੱਖਣਗੇ। ਮੁਹਾਲੀ ਤੋਂ ਬਾਅਦ ਮਹਾਂਨਗਰ ਬਠਿੰਡਾ ਅਜਿਹੀ ਤਕਨੀਕ ਦੇ ਕੈਮਰਿਆਂ ਨਾਲ ਲੈਸ ਹੋਣ ਵਾਲਾ ਦੂਸਰਾ ਸ਼ਹਿਰ ਬਣ ਜਾਏਗਾ। ਪੁਲਿਸ ਅਨੁਸਾਰ ਸ਼ਹਿਰ ਦੀਆਂ ਤਕਰੀਬਨ 150 ਥਾਵਾਂ ਨੂੰ ਕੈਮਰਿਆਂ ਦੀ ਨਿਗਰਾਨੀ ਹੇਠ ਲਿਆਉਣ ਦੀ ਯੋਜਨਾ ਹੈ।
ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਹਿਲੇ ਪੜਾਅ ਤਹਿਤ ਉਨ੍ਹਾਂ ਥਾਵਾਂ ਤੇ ਕੈਮਰੇ ਲਾਏ ਜਾ ਰਹੇ ਹਨ ਜਿੱਥੇ ਆਮ ਲੋਕਾਂ ਦਾ ਆਉਣਾ ਜਾਣਾ ਜਿਆਦਾ ਰਹਿੰਦਾ ਹੈ ਜਾਂ ਫਿਰ ਅਵਾਜਾਈ ਦੇ ਨਿਯਮਾਂ ਦੀ ਉਲੰਘਣਾ ਦੀਆਂ ਘਟਨਾਵਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਜਾਣਕਾਰੀ ਅਨੁਸਾਰ ਇਹ ਕੈਮਰੇ ਇਟਰਨੈਟ ਪ੍ਰੋਟੋਕੋਲ (ਆਈ ਪੀ) ਆਧੁਨਿਕ ਕੰਟਰੋਲ ਰੂਮ ਨਾਲ ਜੋੜੇ ਜਾਣਗੇ ਜਿੱਥੇ ਲਾਈ ਜਾ ਰਹੀਆਂ ਸਕਰੀਨਾਂ ਰਾਹੀਂ ਇੰਨ੍ਹਾਂ ਕੈਮਰਿਆਂ ਦੀ ਰਿਕਾਰਡਿੰਗ ਦੇਖੀ ਜਾ ਸਕੇਗੀ। ਕੰਟਰੋਲ ਰੂਮ ਵਿੱਚ ਮੁਲਾਜਮਾਂ ਦੀ ਤਾਇਨਾਤੀ 24 ਘੰਟੇ ਲਈ ਹੋਵੇਗੀ। ਏਐਨਪੀਆਰ ਕੈਮਰਿਆਂ ਦੇ ਚਾਲੂ ਹੋਣ ਸਾਰ ਆਵਾਜਾਈ ਦੇ ਨਿਯਮ ਭੰਗ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ। ਇਸ ਪੁਲਿਸ ਅਧਿਕਾਰੀ ਦਾ ਕਹਿਣਾ ਸੀ ਕਿ ਸ਼ਹਿਰ ’ਚ ਲੱਗੇ ਕੈਮਰੇ ਜਿੱਥੇ ਸੜਕੀ ਨਿਯਮਾਂ ਨੂੰ ਟਿੱਚ ਜਾਨਣ ਵਾਲਿਆਂ ਨੂੰ ਬੇਨਕਾਬ ਕਰਨਗੇ ਉੱਥੇ ਬਜ਼ਾਰਾਂ ਅਤੇ ਸ਼ਹਿਰ ਦੀਆਂ ਹੱਦਾਂ ਤੇ ਤਾਇਨਾਤ ਕੈਮਰਿਆਂ ਰਾਹੀਂ ਵਾਰਦਾਤ ਕਰਕੇ ਭੱਜਦੇ ਅਪਰਾਧੀਆਂ ਨੂੰ ਪਛਾਨਣ ’ਚ ਸਹਾਇਤਾ ਮਿਲੇਗੀ।
ਉਨ੍ਹਾਂ ਦੱਸਿਆ ਕਿ ਜੇਕਰ ਕੋਈ ਵਿਅਕਤੀ ਲਾਲ ਬੱਤੀ ਜੰਪ ਕਰਕੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਤਾਂ ਇਹ ਆਧੁਨਿਕ ਕੈਮਰੇ ਸਬੰਧਤ ਗੱਡੀ ਦੀ ਨੰਬਰ ਪਲੇਟ ਨੂੰ ਰਿਕਾਰਡ ਕਰ ਲੈਣਗੇ ਜਿਸ ਤੋਂ ਬਾਅਦ ਚਲਾਨ ਸਿੱਧਾ ਮਾਲਕ ਦੇ ਘਰ ਭੇਜਿਆ ਜਾਏਗਾ। ਵੱਡੀ ਗੱਲ ਇਹ ਹੈ ਕਿ ਇਹ ਕੈਮਰੇ ਦਿਨ ਹੋਵੇ ਜਾਂ ਰਾਤ ਹਰ ਪ੍ਰਕਾਰ ਦੇ ਮੌਸਮ ਦੌਰਾਨ ਸਾਫ ਸੁਥਰੀ ਰਿਕਾਰਡਿੰਗ ਕਰਨ ਦੇ ਸਮਰੱਥ ਹਨ ਅਤੇ ਰਿਕਾਰਡ ਕੀਤਾ ਹੋਇਆ ਡਾਟਾ ਲੰਮੇਂ ਸਮੇ ਤੱਕ ਸੰਭਾਲ ਕੇ ਰੱਖਿਆ ਜਾ ਸਕਦਾ ਹੈ। ਪੁਲਿਸ ਅਨੁਸਾਰ ਇਸ ਡਾਟੇ ਦੀ ਸਹਾਇਤਾ ਨਾਲ ਸ਼ੱਕੀ ਕਿਸਮ ਦੇ ਲੋਕਾਂ ਅਤੇ ਅਪਰਾਧਾਂ ’ਚ ਸ਼ਾਮਲ ਗੱਡੀਆਂ ਦੀ ਪਛਾਣ ਕਰਨੀ ਅਸਾਨੀ ਨਾਲ ਕੀਤੀ ਜਾ ਸਕੇਗੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੈਮਰੇ ਲੱਗਣ ਤੋਂ ਬਾਅਦ ਸੁਰੱਖਿਆ ਦੀ ਭਾਵਨਾ ਮਜਬੂਤ ਹੋਣ ਤੋਂ ਇਲਾਵਾ ਅਪਰਾਧੀਆਂ ਨੂੰ ਨੱਥ ਪਾਉਣ ਅਤੇ ਆਵਾਜਾਈ ਦੇ ਨਿਯਮਾਂ ਦੀ ਬਿਹਤਰ ਢੰਗ ਨਾਲ ਪਾਲਣਾ ਯਕੀਨੀ ਬਨਾਉਣ ’ਚ ਸਹਾਇਤਾ ਮਿਲੇਗੀ।
ਮੋਬਾਇਲ ਸੁਣਨਾ ਪਵੇਗਾ ਮਹਿੰਗਾ
ਕੈਮਰੇ ਚਲਣ ਤੋਂ ਬਾਅਦ ਮੋਟਰਸਾਈਕਲ ਜਾਂ ਗੱਡੀ ਚਲਾਉਂਦਿਆਂ ਮੋਬਾਇਲ ਸੁਣਨਾ ਮਹਿੰਗਾ ਪੈਣਾ ਤੈਅ ਹੈ ਕਿਉਂਕਿ ਕੈਮਰੇ ਦਿਨ ਰਾਤ ਪਹਿਰੇਦਾਰੀ ਕਰਨਗੇ। ਡਰਾਈਵਿੰਗ ਕਰਦਿਆਂ ਮੋਬਾਇਲ ਫੋਨ ਸੁਣਨ ਵਾਲਿਆਂ ਦੇ ਚਲਾਨ ਹੋਣ ਦੀ ਸੂਰਤ ’ਚ ਜਿੱਥੇ ਲੋਕਾਂ ਦੀਆਂ ਜੇਬਾਂ ਢਿੱਲੀਆਂ ਹੋਣਗੀਆਂ ਉੱਥੇ ਹੀ ਸਰਕਾਰੀ ਖਜਾਨਾ ਭਰੇਗਾ। ਟਰੈਫਿਕ ਪੁਲਿਸ ਦੇ ਇੱਕ ਮੁਲਾਜਮ ਨੇ ਦਸਿਆ ਕਿ ਦੁਪਹੀਆ ਗੱਡੀਆਂ ਚਲਾਉਣ ਮੌਕੇ ਮੋਬਾਇਲ ਸੁਣਨ ਵਾਲਿਆਂ ਦੀ ਗਿਣਤੀ ਲਾਲ ਬੱੱਤੀ ਜੰਪ ਕਰਨ ਵਾਲਿਆਂ ਨਾਲੋਂ ਵੱਧ ਹੈ। ਉਨ੍ਹਾਂ ਦੱਸਿਆ ਕਿ ਕਈ ਵਾਰ ਅਜਿਹੀ ਸਥਿਤੀ ਬਣ ਜਾਂਦੀ ਹੈ ਕਿ ਬੰਦੇ ਨੂੰ ਛੱਡਣਾ ਪੈਂਦਾ ਹੈ ਪਰ ਕੈਮਰਿਆਂ ਦੇ ਚਾਲੂ ਹੋਣ ਤੋਂ ਬਾਅਦ ਇਹ ਸਮੱਸਿਆ ਖਤਮ ਹੋ ਜਾਣੀ ਹੈ।
ਪੁਲਿਸ ਦੀ ਸ਼ਲਾਘਾਯੋਗ ਪਹਿਲ
ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਦਾ ਕਹਿਣਾ ਸੀ ਕਿ ਬਠਿੰਡਾ ਪੁਲਿਸ ਦੀ ਇਹ ਪਹਿਲ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਲਾਲ ਬੱਤੀ ਜੰਪ ਕਰਨ ਤੇ ਮੋਬਾਇਲ ਸੁਣਨ ਕਾਰਨ ਸੜਕ ਹਾਦਸੇ ਵਾਪਰਨੇ ਆਮ ਗੱਲ ਹੈ ਜਦੋਂਕਿ ਟ੍ਰੈਫਿਕ ਲਾਈਟਾਂ ਟਿਕਣ ਤੋਂ ਬਾਅਦ ਸ਼ਹਿਰ ਦੀਆਂ ਸੜਕਾਂ ਤੇ ਲਾਪਰਵਾਹੀ ਦਾ ਰੁਝਾਨ ਵਧ ਜਾਂਦਾ ਹੈ ਜਿਸ ਨੂੰ ਕੈਮਰਿਆਂ ਸਦਕਾ ਲਗਾਮ ਲੱਗਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਹਰੇਕ ਨਾਗਰਿਕ ਨੂੰ ਆਵਾਜਾਈ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਜਦੋਂਕਿ ਲੋਕ ਹਨ ਕਿ ਲਗਾਤਾਰ ਇੱਕੋ ਗਲ੍ਹਤੀ ਕਰਕੇ ਜੁਰਮਾਨਾ ਤਾਂ ਤਾਰ ਦਿੰਦੇ ਹਨ ਪਰ ਕਾਨੂੰਨ ਮੰਨਣ ਤੋਂ ਆਕੀ ਹੋਏ ਪਏ ਹਨ।
ਸ਼ੱਕੀ ਪਛਾਨਣ ’ਚ ਸਹਾਈ : ਐਸਐਸਪੀ
ਸੀਨੀਅਰ ਪੁਲਿਸ ਕਪਤਾਨ ਜੋਤੀ ਯਾਦਵ ਦਾ ਕਹਿਣਾ ਸੀ ਕਿ ਬਠਿੰਡਾ ਨੂੰ ਸੁਰੱਖਿਅਤ ਅਤੇ ਸਮਾਰਟ ਸਿਟੀ ਬਨਾਉਣ ਦੀ ਦਿਸ਼ਾ ’ਚ ਅੱਗੇ ਵਧਾਉਣ ਲਈ ਸ਼ਹਿਰ ਦੀਆਂ ਵੱਖ ਵੱਖ ਥਾਵਾਂ ਤੇ ਏਐਨਪੀਆਰ ਅਤੇ ਐਚਡੀ ਸੀਸੀਟੀਵੀ ਕੈਮਰੇ ਲਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇੰਨ੍ਹਾਂ ਕੈਮਰਿਆਂ ਦੇ ਚਾਲੂ ਹੋਣ ਤੋਂ ਬਾਅਦ ਅਪਰਾਧੀਆਂ ਦੀ ਨਕੇਲ ਕੱਸੀ ਜਾ ਸਕੇਗੀ ਅਤੇ ਟਰੈਫਿਕ ਪ੍ਰਬੰਧਾਂ ਅਤੇ ਸ਼ੱਕੀ ਗਤੀਵਿਧੀਆਂ ਦੀ ਨਿਗਰਾਨੀ ਕਰਨ ’ਚ ਸਹਾਇਤਾ ਮਿਲੇਗੀ। ਉਨ੍ਹਾਂ ਦੱਸਿਆ ਕਿ ਆਮ ਨਾਗਰਿਕਾਂ ਦੀ ਸੁਰੱਖਿਆ ਪੁਲਿਸ ਦੀ ਪਹਿਲ ਹੈ ਅਤੇ ਇਹ ਪ੍ਰਜੈਕਟ ਉਸੇ ਦਿਸ਼ਾ ’ਚ ਪੰਜਾਬ ਪੁਲਿਸ ਦਾ ਅਹਿਮ ਕਦਮ ਹੈ।
-
- LinkedIn
- Whatsapp
- Send Email
- Print
← ਪਿਛੇ ਪਰਤੋ
No of visitors Babushahi.com
© Copyright All Rights Reserved to Babushahi.com