AAP ਦਾ ਪ੍ਰਤਾਪ ਬਾਜਵਾ ਦੇ ਬਿਆਨ 'ਤੇ ਪਲਟਵਾਰ, ਕਿਹਾ- "ਕਾਂਗਰਸ ਸੱਤਾ ਦੇ ਭੁੱਖਿਆਂ ਦੀ ਪਾਰਟੀ, ਬਚਕਾਨੀਆਂ ਹਰਕਤਾਂ ਤੋਂ ਬਾਜ਼ ਆਉਣ ਬਾਜਵਾ"
Babushahi Network
ਚੰਡੀਗੜ੍ਹ 8 ਜਨਵਰੀ 2026: ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਜ਼ਾ ਦੇਣ ਵਾਲੇ ਬਿਆਨ 'ਤੇ ਹੁਣ ਆਮ ਆਦਮੀ ਪਾਰਟੀ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। 'ਆਪ' ਆਗੂ ਬਿਕਰਮਜੀਤ ਪਾਸੀ ਨੇ ਬਾਜਵਾ ਦੇ ਬਿਆਨ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਾਂਗਰਸ ਨੂੰ ਆੜੇ ਹੱਥੀਂ ਲਿਆ ਹੈ।
ਬਿਕਰਮਜੀਤ ਪਾਸੀ ਨੇ ਕਿਹਾ ਕਿ ਪ੍ਰਤਾਪ ਬਾਜਵਾ ਖ਼ਿਆਲੀ ਪੁਲਾਅ ਪਕਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸੱਤਾ ਵਿੱਚ ਕਾਂਗਰਸ ਨੇ ਹੁਣ ਕਦੇ ਵਾਪਸ ਨਹੀਂ ਆਉਣਾ। ਪਾਸੀ ਨੇ ਤੰਜ ਕਸਦਿਆਂ ਕਿਹਾ, "ਕਾਂਗਰਸ ਦੀ ਹਾਲਤ ਅੱਜ ਸਭ ਦੇ ਸਾਹਮਣੇ ਹੈ, ਇਨ੍ਹਾਂ ਦੇ ਕਈ 'ਘੋੜੇ' ਸਿਰਫ਼ ਸੱਤਾ ਦੇ ਭੁੱਖੇ ਹਨ ਅਤੇ ਕੁਰਸੀ ਲਈ ਆਪਸ ਵਿੱਚ ਹੀ ਲੜ ਰਹੇ ਹਨ।"
ਪਾਸੀ ਨੇ ਕਿਹਾ ਕਿ ਅਜਿਹੇ ਬਿਆਨ ਸਿਰਫ਼ ਮੀਡੀਆ ਦੀਆਂ ਸੁਰਖੀਆਂ ਬਟੋਰਨ ਅਤੇ ਚਰਚਾ ਵਿੱਚ ਆਉਣ ਲਈ ਦਿੱਤੇ ਜਾਂਦੇ ਹਨ, ਇਨ੍ਹਾਂ ਵਿੱਚ ਕੋਈ ਸੱਚਾਈ ਨਹੀਂ ਹੁੰਦੀ। 'ਆਪ' ਆਗੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਹਮੇਸ਼ਾ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਹਨ ਅਤੇ ਸੂਬੇ ਦੇ ਹਿੱਤਾਂ ਲਈ ਡਟ ਕੇ ਸਟੈਂਡ ਲੈਂਦੇ ਹਨ। ਇਹ ਮਜ਼ਬੂਤ ਸਟੈਂਡ ਕਾਂਗਰਸ ਨੂੰ ਹਜ਼ਮ ਨਹੀਂ ਹੋ ਰਿਹਾ।
ਬਾਜਵਾ ਨੂੰ ਨਸੀਹਤ ਦਿੰਦਿਆਂ ਪਾਸੀ ਨੇ ਕਿਹਾ ਕਿ ਉਹ ਵਿਰੋਧੀ ਧਿਰ ਦੇ ਨੇਤਾ (LoP) ਵਰਗੇ ਜ਼ਿੰਮੇਵਾਰ ਅਹੁਦੇ 'ਤੇ ਬੈਠੇ ਹਨ, ਇਸ ਲਈ ਉਨ੍ਹਾਂ ਨੂੰ ਅਜਿਹੀਆਂ 'ਬਚਕਾਨੀਆਂ ਹਰਕਤਾਂ' ਅਤੇ ਬਿਆਨਬਾਜ਼ੀ ਤੋਂ ਬਚਣਾ ਚਾਹੀਦਾ ਹੈ।
ਪ੍ਰਤਾਪ ਬਾਜਵਾ ਵੱਲੋਂ ਸਜ਼ਾ ਦੇਣ ਦੀ ਗੱਲ ਕਹਿਣ ਅਤੇ ਉਸ ਦੇ ਜਵਾਬ ਵਿੱਚ ਬਿਕਰਮਜੀਤ ਪਾਸੀ ਵੱਲੋਂ ਕੀਤੀ ਗਈ ਇਸ ਪਲਟਵਾਰ ਨੇ ਪੰਜਾਬ ਦੀ ਸਿਆਸਤ ਵਿੱਚ ਗਰਮਾਹਟ ਵਧਾ ਦਿੱਤੀ ਹੈ। ਆਮ ਆਦਮੀ ਪਾਰਟੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਵਿਰੋਧੀਆਂ ਦੇ ਕਿਸੇ ਵੀ ਹਮਲੇ ਦਾ ਜਵਾਬ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ।