ਪੰਜਾਬ ਦਾ ਸਿਆਸੀ ਤਾਪਮਾਨ! ਕੀ ਬੀਜੇਪੀ ਵੱਲੋਂ 2027 ਲਈ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਾਲੇ ਅਕਾਲੀ ਦਲ ਨਾਲ ਗੱਠਜੋੜ ਦੀ ਤਿਆਰੀ? (ਵੇਖੋ ਵੀਡੀਓ)
ਤਿਰਛੀ ਨਜ਼ਰ/ਬਲਜੀਤ ਬੱਲੀ
ਚੰਡੀਗੜ੍ਹ, 9 ਜਨਵਰੀ 2026- ਜ਼ੀਰਕਪੁਰ ਵਿੱਚ ਇੱਕ ਬੀਜੇਪੀ ਨੇਤਾ ਦੇ ਸੋਸ਼ਲ ਸਮਾਗਮ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਦੀ ਹਰਿਆਣੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਹਾਸੇ ਠੱਠੇ ਦੀ ਵਾਇਰਲ ਹੋਈ ਵੀਡੀਓ ਨੇ ਕੁਝ ਨਵੇਂ ਸਵਾਲ ਵੀ ਖੜ੍ਹੇ ਕਰ ਦਿੱਤੇ ਨੇ। ਬੇਸ਼ੱਕ ਗਿਆਨੀ ਹਰਪ੍ਰੀਤ ਸਿੰਘ ਦੀ ਬੀਜੇਪੀ ਨੇਤਾਵਾਂ ਨਾਲ ਕੋਈ ਮੁਲਾਕਾਤ ਪਹਿਲੀ ਨਹੀਂ ਤੇ ਨਾ ਹੀ ਉਹਨਾਂ ਦੀ ਦਿੱਲੀ ਵਾਲਿਆਂ ਨਾਲ ਨੇੜਤਾ ਬਾਰੇ ਕੋਈ ਨਵਾਂ ਖੁਲਾਸਾ ਹੋਇਆ ਹੈ, ਪਰ ਫਿਰ ਵੀ ਇਸ ਛੋਟੀ ਜਿਹੀ ਵੀਡੀਓ ਕਲਿੱਪ 'ਤੇ ਇਸ ਮਿਲਣੀ ਦੇ ਸਿਆਸੀ ਅਰਥ ਕੱਢੇ ਜਾ ਸਕਦੇ ਹਨ ਤੇ ਕੱਢੇ ਜਾ ਰਹੇ ਹਨ।
ਗੱਲ ਸਿਰਫ ਗਿਆਨੀ ਹਰਪ੍ਰੀਤ ਸਿੰਘ ਦੀ ਜ਼ਾਤੀ ਨੇੜਤਾ ਦੀ ਨਹੀਂ ਸਗੋਂ ਪੰਜਾਬ ਅੰਦਰ ਨਵੇਂ ਪੈਦਾ ਹੋ ਰਹੇ ਸਿਆਸੀ ਗੱਠਜੋੜ ਅਤੇ ਸਿੱਖ ਰਾਜਨੀਤੀ ਵਿੱਚ ਬਦਲੇ ਹੋਏ ਮਾਹੌਲ ਵਿੱਚ ਨਵੀਆਂ ਸੰਭਾਵਨਾਵਾਂ ਦੀ ਹੈ।
ਸਿਰਫ ਗੱਲ ਕਿਆਸ ਅਰਾਈਆਂ ਦੀ ਹੀ ਨਹੀਂ ਸਗੋਂ ਬਾਬੂਸ਼ਾਹੀ ਕੋਲ ਇਹ ਜਾਣਕਾਰੀ ਵੀ ਹੈ ਕਿ ਬੀਜੇਪੀ ਦੀ ਲੀਡਰਸ਼ਿਪ ਦਾ ਇੱਕ ਹਿੱਸਾ ਸੁਖਬੀਰ ਬਾਦਲ ਨੂੰ ਵੀ ਪਸੰਦ ਨਹੀਂ ਕਰਦਾ ਤੇ ਸੁਖਬੀਰ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਨੂੰ ਇੱਕ ਐਸਟ ਨਹੀਂ ਸਗੋਂ ਲਾਇਬਿਲਿਟੀ ਸਮਝਦਾ ਹੈ ਅਤੇ ਇਸ ਅਕਾਲੀ ਦਲ ਨਾਲ ਗੱਠਜੋੜ ਦੇ ਹੱਕ ਵਿੱਚ ਨਹੀਂ ਹੈ।
ਇਹ ਧੜਾ ਮੋਟੇ ਤੌਰ 'ਤੇ ਤਾਂ ਪੰਜਾਬ ਵਿਧਾਨ ਸਭਾ ਦੀ ਚੋਣ ਇਕੱਲਿਆਂ ਲੜ ਕੇ ਆਪਣੀ ਸਰਕਾਰ ਬਣਾਉਣ ਦੇ ਹੱਕ ਵਿੱਚ ਹੈ ਪਰ ਇਸ ਦੇ ਨਾਲ ਹੀ ਉਹ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਾਲੇ ਅਕਾਲੀ ਦਲ ਨੂੰ ਸੁਖਬੀਰ ਬਾਦਲ ਦੇ ਮੁਕਾਬਲੇ ਖੜ੍ਹਾ ਕਰਕੇ ਇਸ ਨੂੰ ਤਕੜਾ ਕਰਕੇ ਅਤੇ ਇਸ ਨਾਲ 2027 ਦੀਆਂ ਚੋਣਾਂ ਵਿੱਚ ਗਠਜੋੜ ਕਰਨ ਦਾ ਹਾਮੀ ਹੈ। ਪੁਨਰ ਸੁਰਜੀਤ ਅਕਾਲੀ ਦਲ ਦੇ ਨੇਤਾਵਾਂ ਤੇ ਖਾਸ ਕਰਕੇ ਗਿਆਨੀ ਹਰਪ੍ਰੀਤ ਸਿੰਘ ਦੀਆਂ ਬੀਜੇਪੀ ਨੇਤਾਵਾਂ ਨਾਲ ਨਿੱਘੀਆਂ ਮਿਲਣੀਆਂ ਨੂੰ ਇਸੇ ਪ੍ਰਸੰਗ ਵਿੱਚ ਹੀ ਦੇਖਿਆ ਜਾ ਸਕਦਾ ਹੈ। ਯਾਦ ਰਹੇ ਕਿ ਹੁਣ ਤਾਂ ਇਸ ਅਕਾਲੀ ਦਲ ਨੇ ਭਾਰਤੀ ਚੋਣ ਕਮਿਸ਼ਨ ਕੋਲ ਆਪਣੀ ਵੱਖਰੀ ਰੀਜਨਲ ਪਾਰਟੀ ਦੀ ਰਜਿਸਟਰੇਸ਼ਨ ਲਈ ਵੀ ਅਰਜ਼ੀ ਪਾ ਦਿੱਤੀ ਹੈ ਜਿਸ ਦਾ ਨਾਂ SAD ਪੰਜਾਬ ਮੰਗਿਆ ਗਿਆ ਹੈ।
.jpg)
ਬੇਸ਼ੱਕ ਬੀਜੇਪੀ ਦੀ ਕੌਮੀ ਲੀਡਰਸ਼ਿਪ ਨੇ ਅਜੇ ਤੱਕ ਪੰਜਾਬ ਦੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਬਾਰੇ ਕੋਈ ਬੱਝਵੀਂ ਅਤੇ ਇੱਕ ਸਾਰ ਨੀਤੀ ਨਹੀਂ ਬਣਾਈ ਕਿ ਕੀ ਇਕੱਲਿਆਂ ਚੋਣ ਲੜਨੀ ਹੈ ਜਾਂ ਕਿਸੇ ਨਾਲ ਗੱਠਜੋੜ ਕਰਨਾ ਹੈ, ਇਸੇ ਲਈ ਹੀ ਬੀਜੇਪੀ ਦੇ ਸੂਬਾਈ ਅਤੇ ਕੇਂਦਰੀ ਨੇਤਾ ਇਸ ਮੁੱਦੇ ਬਾਰੇ ਵੱਖ-ਵੱਖ ਬੋਲੀਆਂ ਬੋਲਦੇ ਰਹਿੰਦੇ ਹਨ ਪਰ ਇਸ ਗੱਲ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਕਿ ਲੀਡਰਸ਼ਿਪ ਵਿਚਲਾ ਇਹ ਵਿਚਾਰ ਹਾਵੀ ਹੋ ਜਾਵੇ ਕਿ ਮੁੱਖ ਤੌਰ 'ਤੇ ਇਕੱਲਿਆਂ ਹੀ ਚੋਣ ਲੜੀ ਜਾਵੇ ਪਰ ਸੁਖਬੀਰ ਬਾਦਲ ਦੇ ਮੁਕਾਬਲੇ ਦੇ ਅਕਾਲੀ ਦਲ ਨਾਲ ਜਾਂ ਦੂਜੀਆਂ ਪਾਰਟੀਆਂ ਵਿੱਚ ਭੰਨ ਤੋੜ ਕਰਕੇ ਨਵੇਂ ਧੜੇ ਖੜ੍ਹੇ ਕਰਕੇ ਉਹਨਾਂ ਨਾਲ ਚੋਣ ਸਮਝੌਤੇ ਕੀਤੇ ਜਾਣ।
ਅਜੇ ਕਾਫੀ ਸਮਾਂ 2027 ਵਿੱਚ ਬਾਕੀ ਹੈ ਅਤੇ ਕਾਫੀ ਸਿਆਸੀ ਉਤਰਾ ਚੜਾ ਰਾਜਨੀਤੀ ਵਿੱਚ ਆਉਣੇ ਹਨ ਇਸ ਲਈ ਅੰਤਿਮ ਸਿੱਟਾ ਕੀ ਨਿਕਲਦਾ ਹੈ ਇਹ ਤਾਂ ਸਮਾਂ ਹੀ ਦੱਸੇਗਾ।
ਇੱਕ ਗੱਲ ਜਰੂਰ ਸਪਸ਼ਟ ਹੈ ਕਿ ਕੁਝ ਹੱਦ ਤੱਕ Antiincumbancy ਹੋਣ ਦੇ ਬਾਵਜੂਦ ਵੀ ਪੰਜਾਬ ਵਿੱਚ ਰਾਜ ਕਰ ਰਹੀ ਆਮ ਆਦਮੀ ਪਾਰਟੀ ਮੌਜੂਦਾ ਇਸ ਮਾਹੌਲ 'ਤੇ ਬਾਗੋ ਬਾਗ ਹੈ ਅਤੇ ਤਿੰਨ ਚਾਰ ਹਿੱਸਿਆਂ ਵਿੱਚ ਵੰਡੀ ਹੋਈ ਵਿਰੋਧੀ ਧਿਰ ਦੀ ਸਿਆਸੀ ਹਾਲਤ ਦਾ ਖੂਬ ਲਾਹਾ ਵੀ ਲੈ ਰਹੀ ਹੈ ਅਤੇ 2027 ਦੀਆਂ ਚੋਣਾਂ ਵਿੱਚ ਵੀ ਇਸੇ ਮਾਹੌਲ ਨੂੰ ਜਾਰੀ ਰੱਖਣ ਦੀ ਕੋਸ਼ਿਸ਼ ਕਰਕੇ ਉਦੋਂ ਵੀ ਸਿਆਸੀ ਲਾਹਾ ਲੈ ਕੇ ਮੁੜ ਸੱਤਾ ਵਿੱਚ ਆਉਣ ਦੀ ਰਣਨੀਤੀ 'ਤੇ ਕੰਮ ਕਰ ਰਹੀ ਹੈ।