ਤਰਨ ਤਾਰਨ 'ਚ ਦਰਦਨਾਕ ਘਟਨਾ: ਠੰਢ ਤੋਂ ਬਚਣ ਲਈ ਬਾਲੀ ਅੱਗ ਬਣੀ ਕਾਲ
ਦਮ ਘੁੱਟਣ ਨਾਲ ਪਤੀ-ਪਤਨੀ ਦੀ ਮੌਤ
ਪੱਟੀ/ਤਰਨ ਤਾਰਨ (ਬਲਜੀਤ ਸਿੰਘ): 9 ਜਨਵਰੀ, 2026
ਤਰਨ ਤਾਰਨ ਦੇ ਇਲਾਕੇ ਤੋਂ ਇੱਕ ਬੇਹਦ ਮੰਦਭਾਗੀ ਅਤੇ ਦੁਖਦਾਈ ਘਟਨਾ ਸਾਹਮਣੇ ਆਈ ਹੈ, ਜਿੱਥੇ ਕੜਾਕੇ ਦੀ ਠੰਢ ਤੋਂ ਬਚਣ ਲਈ ਕਮਰੇ ਵਿੱਚ ਅੱਗ ਬਾਲ ਕੇ ਬੈਠੇ ਪਤੀ-ਪਤਨੀ ਦੀ ਧੂੰਏਂ ਕਾਰਨ ਦਮ ਘੁੱਟਣ ਨਾਲ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਗੁਰਮੀਤ ਸਿੰਘ ਅਤੇ ਉਸਦੀ ਪਤਨੀ ਜਸਬੀਰ ਕੌਰ ਵਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਗੁਰਮੀਤ ਸਿੰਘ, ਜੋ ਕਿ ਇਨਵਰਟਰ ਬੈਟਰੀਆਂ ਦੀ ਦੁਕਾਨ ਚਲਾਉਂਦਾ ਸੀ, ਬੀਤੀ ਸ਼ਾਮ ਤਕਰੀਬਨ 6-7 ਵਜੇ ਆਪਣੀ ਦੁਕਾਨ ਤੋਂ ਉੱਪਰ ਬਣੀ ਰਿਹਾਇਸ਼ ਵਿੱਚ ਗਿਆ ਸੀ। ਕੜਾਕੇ ਦੀ ਸਰਦੀ ਹੋਣ ਕਾਰਨ ਪਤੀ-ਪਤਨੀ ਨੇ ਕਮਰੇ ਵਿੱਚ ਅੱਗ ਬਾਲ ਲਈ, ਪਰ ਕਮਰਾ ਬੰਦ ਹੋਣ ਕਰਕੇ ਉੱਥੇ ਜ਼ਹਿਰੀਲਾ ਧੂੰਆਂ ਅਤੇ ਗੈਸ ਭਰ ਗਈ। ਇਸ ਕਾਰਨ ਦੋਵਾਂ ਦਾ ਸਾਹ ਘੁਟ ਗਿਆ ਅਤੇ ਮੌਕੇ 'ਤੇ ਹੀ ਮੌਤ ਹੋ ਗਈ।
ਪਰਿਵਾਰ ਨੂੰ ਇੰਝ ਲੱਗਾ ਪਤਾ
ਅਗਲੇ ਦਿਨ ਸਵੇਰੇ ਜਦੋਂ ਗੁਰਮੀਤ ਸਿੰਘ ਅਤੇ ਜਸਬੀਰ ਕੌਰ ਕਾਫੀ ਦੇਰ ਤੱਕ ਨੀਚੇ ਨਹੀਂ ਆਏ, ਤਾਂ ਗੁਰਮੀਤ ਦੇ ਪਿਤਾ ਅਤੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਫੋਨ ਕੀਤੇ। ਵਾਰ-ਵਾਰ ਫੋਨ ਕਰਨ 'ਤੇ ਵੀ ਜਦੋਂ ਕਿਸੇ ਨੇ ਫੋਨ ਨਹੀਂ ਚੁੱਕਿਆ ਅਤੇ ਆਵਾਜ਼ਾਂ ਮਾਰਨ 'ਤੇ ਵੀ ਕੋਈ ਹੁੰਗਾਰਾ ਨਾ ਮਿਲਿਆ, ਤਾਂ ਪਰਿਵਾਰ ਦੀ ਚਿੰਤਾ ਵੱਧ ਗਈ।
ਬਾਰੀ ਤੋੜ ਕੇ ਅੰਦਰ ਦਾਖ਼ਲ ਹੋਏ ਲੋਕ
ਸ਼ੱਕ ਹੋਣ 'ਤੇ ਪਰਿਵਾਰਕ ਮੈਂਬਰਾਂ ਅਤੇ ਇਲਾਕਾ ਨਿਵਾਸੀਆਂ ਨੇ ਕਿਸੇ ਤਰੀਕੇ ਨਾਲ ਕਮਰੇ ਦੀ ਬਾਰੀ ਤੋੜੀ ਅਤੇ ਅੰਦਰ ਦਾਖ਼ਲ ਹੋਏ। ਅੰਦਰ ਦਾ ਦ੍ਰਿਸ਼ ਦੇਖ ਕੇ ਸਭ ਦੇ ਹੋਸ਼ ਉੱਡ ਗਏ; ਪਤੀ-ਪਤਨੀ ਦੀਆਂ ਲਾਸ਼ਾਂ ਬੇਜਾਨ ਪਈਆਂ ਸਨ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।