ਪੰਜਾਬ 'ਚ ਭਾਜਪਾ ਵੱਲੋਂ 'ਵਿਕਸਤ ਭਾਰਤ ਜੀ ਰਾਮ ਜੀ' ਯੋਜਨਾ ਸਬੰਧੀ ਜਨਜਾਗਰੂਕਤਾ ਮੁਹਿੰਮ ਦੀ ਫਾਜ਼ਿਲਕਾ ਤੋਂ ਸ਼ੁਰੂਆਤ
ਹੁਣ ਮਜਦੂਰ ਦਾ ਪੈਸਾ ਮਿਲੇਗਾ ਮਜਦੂਰ ਨੂੰ, ਰੋਜਗਾਰ ਦੇ ਦਿਨ ਵੀ ਹੋਏ 125-ਸੁਨੀਲ ਜਾਖੜ
ਗਰੀਬ ਦੇ ਹੱਕ ਦਾ ਪੈਸਾ ਲੀਡਰਾਂ ਤੇ ਠੇਕੇਦਾਰਾਂ ਦੀਆਂ ਜੇਬਾਂ ਵਿਚ ਨਹੀਂ ਜਾ ਸਕੇਗਾ, ਤਾਂ ਕਰਦੇ ਹਨ ਨਵੀਂ ਯੋਜਨਾ ਦਾ ਵਿਰੋਧ
ਆਪ ਸਰਕਾਰ ਵੱਲੋਂ ਪੁਰਾਣੀ ਯੋਜਨਾ ਤਹਿਤ ਕਿਉਂ ਨਹੀਂ ਦਿੱਤਾ ਗਿਆ 100 ਦਿਨ ਰੋਜਗਾਰ, ਮੁੱਖ ਮੰਤਰੀ ਨੂੰ ਕੀਤਾ ਸਵਾਲ
ਕਾਂਗਰਸ ਦੇ ਆਗੂ ਕਰ ਚੁੱਕੇ ਹਨ ਆਪ ਸਰਕਾਰ ਅੱਗੇ ਸਮਰਪਨ
ਪੰਜਾਬ ਦੀ ਆਰਥਿਤ ਤਰੱਕੀ, ਸਥਿਰਤਾ ਅਤੇ ਸਭ ਵਰਗਾਂ ਦੇ ਵਿਕਾਸ ਲਈ ਭਾਜਪਾ ਹੀ ਇਕਮਾਤਰ ਬਦਲ
ਚੰਡੀਗੜ੍ਹ, 7 ਜਨਵਰੀ
ਭਾਰਤੀ ਜਨਤਾ ਪਾਰਟੀ ਵੱਲੋਂ ਵਿਕਸਤ ਭਾਰਤ ਜੀ ਰਾਮ ਜੀ ਯੋਜਨਾ ਨੂੰ ਲੈ ਕੇ ਆਪ ਅਤੇ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਵੱਲੋਂ ਫੈਲਾਏ ਜਾ ਰਹੇ ਭਰਮ ਤੋਂ ਲੋਕ ਨੂੰ ਸੁਚੇਤ ਕਰਨ ਲਈ ਅੱਜ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਖਿਓਵਾਲੀ ਢਾਬ ਤੋਂ ਰਾਜ ਵਿਆਪੀ ਜਾਗਰੂਕਤਾ ਅਭਿਆਨ ਦੀ ਸ਼ੁਰੂਆਤ ਕੀਤੀ ਗਈ।
ਇਸ ਮੌਕੇ ਸੂਬਾ ਭਾਜਪਾ ਪ੍ਰਧਾਨ ਨੇ ਆਖਿਆ ਕਿ ਨਵੀਂ ਯੋਜਨਾ ਤਹਿਤ ਇਕ ਯਕੀਨੀ ਬਣਾਇਆ ਗਿਆ ਹੈ ਕਿ ਗਰੀਬ ਮਜਦੂਰ ਦੇ ਹੱਕ ਦਾ ਪੈਸਾ ਉਸ ਨੂੰ ਮਿਲੇ ਅਤੇ ਰੋਜਗਾਰ ਦੇ ਦਿਨ ਵੀ 100 ਤੋਂ ਵਧਾ ਕੇ 125 ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਨਵਾਂ ਕਾਨੂੰਨ ਇਸ ਯੋਜਨਾ ਵਿਚੋਂ ਭ੍ਰਿਸ਼ਟਾਚਾਰ ਰਾਹੀਂ ਗਰੀਬਾਂ ਦਾ ਹੱਕ ਖਾਣ ਵਾਲਿਆਂ ਤੇ ਨਕੇਲ ਕਸਦਾ ਹੈ ਇਸੇ ਕਾਰਨ ਆਪ, ਕਾਂਗਰਸ ਤੇ ਹੋਰ ਵਿਰੋਧੀ ਪਾਰਟੀਆਂ ਇਸ ਦਾ ਵਿਰੋਧ ਕਰ ਰਹੀਆਂ ਹਨ।
ਸੂਬਾ ਪ੍ਰਧਾਨ ਨੇ ਵਿਕਸਤ ਭਾਰਤ ਜੀ ਰਾਮ ਜੀ ਯੋਜਨਾ ਨੂੰ ਗਰੀਬਾਂ ਦੇ ਹਿੱਤ ਵਿਚ ਭਾਰਤ ਸਰਕਾਰ ਦੀ ਵੱਡੀ ਪਹਿਲ ਦੱਸਦਿਆਂ ਕਿਹਾ ਕਿ ਹੁਣ ਗਰੀਬਾਂ ਦਾ ਪੈਸਾ ਠੇਕੇਦਾਰਾਂ ਅਤੇ ਲੀਡਰਾਂ ਦੀ ਜੇਬ ਵਿਚ ਨਹੀਂ ਜਾਵੇਗਾ ਸਗੋਂ ਮਜਦੂਰ ਦੇ ਬੈਂਕ ਖਾਤੇ ਵਿਚ ਆਵੇਗਾ। ਉਨ੍ਹਾਂ ਨੇ ਕਿਹਾ ਕਿ ਯੋਜਨਾ ਵਿਚੋਂ ਭ੍ਰਿਸ਼ਟਾਚਾਰ ਖਤਮ ਕੀਤਾ ਗਿਆ ਇਸੇ ਕਾਰਨ ਪੁਰਾਣੀ ਨਰੇਗਾ ਸਕੀਮ ਵਿਚੋਂ ਭ੍ਰਿਸ਼ਟ ਤਰੀਕਿਆਂ ਨਾਲ ਲਾਭ ਕਮਾਉਣ ਵਾਲੇ ਲੋਕ ਕੁਰਲਾ ਉਠੇ ਹਨ, ਕਿਉਂਕਿ ਹੁਣ ਉਨ੍ਹਾਂ ਦੀ ਇਹ ਭ੍ਰਿਸ਼ਟ ਆਮਦਨ ਬੰਦ ਹੋਣ ਵਾਲੀ ਹੈ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਵਿਚ ਨਰੇਗਾ ਵਿਚ ਭ੍ਰਿਸ਼ਟਾਚਾਰ ਦੇ 6500 ਤੋਂ ਵਧੇਰੇ ਮਾਮਲੇ ਉਜਾਗਰ ਹੋਏ ਪਰ ਭਗਵੰਤ ਮਾਨ ਨੇ ਗਰੀਬਾਂ ਦੇ ਹੱਕਾਂ ਤੇ ਡਾਕਾ ਮਾਰਨ ਵਾਲੇ ਕਿਸੇ ਵੀ ਭ੍ਰਿਸ਼ਟਾਚਾਰੀ ਤੇ ਕੋਈ ਕਾਰਵਾਈ ਨਹੀਂ ਕੀਤੀ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਪਣਾ ਤਿੱਖਾ ਹਮਲਾ ਜਾਰੀ ਰੱਖਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਇਸ ਸਰਕਾਰ ਨੇ ਇਸ ਸਾਲ ਪੁਰਾਣੀ ਨਰੇਗਾ ਸਕੀਮ ਜਿਸ ਦੀ ਇਹ ਲੋਕ ਵਕਾਲਤ ਕਰ ਰਹੇ ਹਨ ਤਹਿਤ ਸਿਰਫ 26 ਦਿਨ ਦਾ ਰੁਜਗਾਰ ਦਿੱਤਾ ਹੈ ਅਤੇ ਫਾਜ਼ਿਲਕਾ ਜ਼ਿਲ੍ਹੇ ਵਿਚ ਤਾਂ ਇਹ ਔਸਤ ਸਿਰਫ 17 ਦਿਨ ਦੀ ਹੈ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਉਹ ਦੱਸਣ ਕਿ ਜੇਕਰ ਪੁਰਾਣੀ ਯੋਜਨਾ ਠੀਕ ਸੀ ਤਾਂ ਫਿਰ 100 ਦਿਨ ਦਾ ਰੋਜਗਾਰ ਕਿਉਂ ਨਹੀਂ ਮੁਹਈਆ ਕਰਵਾਇਆ ਗਿਆ। ਉਨ੍ਹਾਂ ਆਖਿਆ ਕਿ ਅਸਲ ਵਿਚ ਪਿੱਛਲੀ ਯੋਜਨਾ ਵਿਚ ਕਿਸੇ ਦੀ ਜਿੰਮੇਵਾਰੀ ਤੈਅ ਨਹੀਂ ਸੀ ਹੁੰਦੀ ਜਦ ਕਿ ਇਸ ਨਵੇਂ ਕਾਨੂੰਨ ਤਹਿਤ ਜਿੰਮੇਵਾਰ ਤੈਅ ਹੋਣੀ ਹੈ ਇਸੇ ਲਈ ਸੂਬਾ ਸਰਕਾਰ ਵਿਰਲਾਪ ਕਰ ਰਹੀ ਹੈ।
ਉਨ੍ਹਾਂ ਨੇ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨੇੜੇ ਆ ਰਹੀਆਂ ਵਿਧਾਨ ਸਭਾ ਚੋਣਾਂ ਯਾਦ ਕਰਵਾਉਂਦਿਆਂ ਕਿਹਾ ਕਿ ਦਿੱਲੀ ਦੇ ਜਿੰਨ੍ਹਾਂ ਆਗੂਆਂ ਕੋਲ ਉਨ੍ਹਾਂ ਨੇ ਸਰਕਾਰ ਗਹਿਣੇ ਰੱਖ ਛੱਡੀ ਹੈ, ਉਹ ਤਾਂ ਚਲੇ ਜਾਣਗੇ ਪਰ ਪੰਜਾਬ ਦੇ ਲੋਕਾਂ ਦੀਆਂ ਬਦ ਦੁਆਵਾਂ ਤੁਹਾਨੁੰ ਹੀ ਝੱਲਣੀਆਂ ਪੈਣੀਆਂ ਹਨ। ਉਨ੍ਹਾਂ ਨੇ ਕਿਹਾ ਕਿ ਹਾਲੇ ਵੀ ਵਕਤ ਹੈ ਕਿ ਮੁੱਖ ਮੰਤਰੀ ਰਾਜ ਦੀ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਦੀ ਸਾਰ ਲੈਣ ਅਤੇ ਲੋਕ ਹਿੱਤ ਲਈ ਕੰਮ ਕਰਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਯੋਜਨਾ ਵੀ ਇਕ ਜਨ ਸੰਪਰਕ ਅਭਿਆਨ ਬਣ ਕੇ ਰਹਿ ਗਈ ਹੈ ਅਤੇ ਧਰਾਤਲੀ ਤੌਰ ਤੇ ਨਾ ਨਸ਼ਿਆਂ ਨੂੰ ਲਗਾਮ ਲੱਗੀ ਹੈ ਅਤੇ ਨਾ ਹੀ ਗੈਂਗਸਟਰਵਾਦ ਨੂੰ ਨਕੇਲ ਪਈ ਹੈ।
ਸੁਨੀਲ ਜਾਖੜ ਨੇ ਕਿਹਾ ਕਿ ਆਪ ਸਰਕਾਰ ਦੀਆਂ ਅਨਾੜੀ ਨੀਤੀਆਂ ਕਾਰਨ ਅੱਜ ਪੰਜਾਬ ਜਿਸ ਦੋਰਾਹੇ ਤੇ ਆ ਖੜ੍ਹਾ ਹੈ ਇੱਥੋਂ ਇਸ ਨੂੰ ਕੋਈ ਮਜਬੂਤ ਸਰਕਾਰ ਹੀ ਕੱਢ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਸਮਝਣ ਲੱਗੇ ਹਨ ਕਿ ਇਹ ਮਜਬੂਤ ਵਿਕਲਪ ਭਾਜਪਾ ਹੀ ਹੈ, ਜੋ ਰਾਜ ਨੂੰ ਆਰਥਿਕ ਦਿਵਾਲੀਆਪਨ ਤੋਂ ਕੱਢ ਕੇ ਸਭ ਵਰਗਾਂ ਦੀ ਤਰੱਕੀ ਲਈ ਕੰਮ ਕਰਦੇ ਹੋਏ ਰਾਜ ਨੂੰ ਅਮਨ ਸਾਂਤੀ ਵਾਲਾ ਸਥਿਰ ਪ੍ਰਸ਼ਾਸਨ ਦੇ ਸਕਦੀ ਹੈ ਜਿਸ ਵਿਚ ਪੰਜਾਬ ਮੁੜ ਤੋਂ ਪੁਰਾਣੀ ਸ਼ਾਨ ਬਹਾਲ ਕਰਕੇ ਦੇਸ਼ ਦਾ ਮੋਹਰੀ ਸੂਬਾ ਬਣ ਸਕੇ।
ਇਸ ਤੋਂ ਪਹਿਲਾਂ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ, ਵਿਧਾਇਕ ਸੰਦੀਪ ਜਾਖੜ, ਵੰਦਨਾ ਸਾਂਗਵਾਨ ਤੇ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ। ਇਲਾਕੇ ਤੋਂ ਕੜਾਕੇ ਦੀ ਠੰਡ ਦੇ ਬਾਵਜੂਦ ਵੱਡੀ ਸੰਖਿਆਂ ਵਿਚ ਲੋਕ ਇਸ ਜਾਗਰੂਕਤਾ ਸਮਾਗਮ ਦੇ ਗਵਾਹ ਬਣੇ।
ਬਾਅਦ ਵਿਚ ਸੁਨੀਲ ਜਾਖੜ ਨੇ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਦੀ ਰਿਹਾਇਸ ਦੇ ਬਿਲਕੁਲ ਨਾਲ ਉਸ ਬਾਧਾ ਝੀਲ ਵਾਲੀ ਥਾਂ ਦਾ ਵੀ ਦੌਰਾ ਕੀਤਾ ਜਿੱਥੇ ਪੁਰਾਣੀ ਨਰੇਗਾ ਸਕੀਮ ਦੇ ਨਾਂਅ ਤੇ ਕਰੋੜ ਰੁਪਏ ਦਾ ਗਬਨ ਹੋਇਆ ਹੈ ਅਤੇ ਮੌਕੇ ਤੇ ਇੱਥੇ ਕੋਈ ਝੀਲ ਵੀ ਨਹੀਂ ਬਣੀ ਜਦ ਕਿ ਸਰਕਾਰ ਖਜਾਨੇ ਵਿਚੋਂ ਅਦਾਇਗੀਆਂ ਹੋ ਚੁੱਕੀਆਂ ਹਨ।