ਕਾਤਲ ਚੀਨੀ ਡੋਰ ਨੇ ਖਤਮ ਕਰ ਦਿੱਤਾ ਧਾਗੇ ਦੀ ਡੋਰ ਲਗਾਉਣ ਵਾਲਿਆਂ ਦਾ ਕਾਰੋਬਾਰ
ਲੋਕਾਂ ਦਾ ਕਹਿਣਾ ਪਤੰਗ ਉਡਾਉਣ ਦੀ ਦਿਲਚਸਪੀ ਵੀ ਖਤਮ ਹੋਈ
ਰੋਹਿਤ ਗੁਪਤਾ
ਗੁਰਦਾਸਪੁਰ
ਕੋਈ ਸਮਾਂ ਸੀ ਜਦੋਂ ਲੋਹੜੀ ਦਾ ਤਿਉਹਾਰ ਮਹੀਨਾ ਭਰ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਸੀ । ਬੱਚਿਆਂ ਨੂੰ ਹੀ ਨਹੀਂ ਵੱਡੀ ਉਮਰ ਦੇ ਲੋਕਾਂ ਨੂੰ ਵੀ ਪਤੰਗ ਚੜਾਉਣ ਦਾ ਕਰੇਜ਼ ਹੁੰਦਾ ਸੀ ਪਰ ਅੱਜ ਦੇਖਿਆ ਜਾਵੇ ਤਾਂ ਆਸਮਾਨ ਖਾਲੀ ਨਜ਼ਰ ਆਉਂਦੇ ਹਨ। ਉਸ ਦਾ ਕਾਰਨ ਹੈ ਗੱਟੂ ਡੋਰ ਜਿਸ ਨੂੰ ਚਾਈਨਾ ਡੋਰ ਜਾਂ ਫਿਰ ਖੂਨੀ ਡੋਰ ਵੀ ਬੋਲਦੇ ਹਨ ।ਜਦੋਂ ਇਸ ਡੋਰ ਬਾਰੇ ਵਿਰਾਸਤੀ ਡੋਰ ਬਣਾਉਣ ਵਾਲੇ ਕਾਰੀਗਰ ਨਾਲ ਗੱਲ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਉਸ ਦਾ ਪੂਰਾ ਪਰਿਵਾਰ ਲੋਹੜੀ ਦੇ ਤਿਉਹਾਰ ਤੋਂ ਪਹਿਲਾਂ ਧਾਗੇ ਦੀ ਤੇ ਮਾਝੇ ਦੀ ਡੋਰ ਬਣਾਉਣਾ ਸ਼ੁਰੂ ਕਰ ਦਿੰਦਾ ਸੀ ਤੇ ਇਸ ਕਮਾਈ ਤੋਂ ਇਹ ਸਾਰਾ ਸਾਲ ਰੋਟੀ ਖਾਂਦਾ ਸੀ ਪਰ ਜਦੋਂ ਦੀ ਖੂਨੀ ਡੋਰ ਮਾਰਕੀਟ ਵਿੱਚ ਆਈ ਹੈ ਸਾਡੇ ਪਰਿਵਾਰ ਦੇ ਸਾਰੇ ਹੀ ਲੋਕ ਵਿਹਲੇ ਹੋ ਗਏ ਹਨ।ਕਈ ਸਾਲਾਂ ਤੋਂ ਹੋਰ ਕੰਮ ਕਰਨ ਲੱਗ ਪਏ ਉੱਥੇ ਹੀ ਅਸੀਂ ਬਟਾਲੇ ਦੇ ਵਿੱਚ ਛੇ ਥਾਵਾਂ ਤੇ ਆਪਣਾ ਕਾਰੋਬਾਰ ਰੱਖਿਆ ਹੁੰਦਾ ਸੀ, ਇੱਕ ਇੱਕ ਕਰਕੇ ਛੇ ਦੇ ਛੇ ਥਾਈ ਬੰਦ ਹੋ ਗਏ ।
ਆਮ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਪਤੰਗਬਾਜ਼ੀ ਕਰਨ ਦੇ ਸ਼ੌਕੀਨਾਂ ਨੇ ਕਿਹਾ ਕਿ ਅਸੀਂ ਕਿਸੇ ਟਾਈਮ ਦੇ ਵਿੱਚ ਸਭ ਤੋਂ ਜਿਆਦਾ ਗੁੱਡੀ ਇਹਨਾਂ ਦਿਨਾਂ ਦੇ ਵਿੱਚ ਚੜਾਉਂਦੇ ਸੀ ਕਿਉਂਕਿ ਲੋਹੜੀ ਦਾ ਤਿਉਹਾਰ ਨੇੜੇ ਆ ਜਾਂਦਾ ਸੀ ਮੁਕਾਬਲੇ ਹੁੰਦੇ ਸੀ ਔਰ ਇਹਨਾਂ ਮੁਕਾਬਲਿਆਂ ਦੇ ਵਿੱਚ ਵਧੀਆ ਡੋਰ ਵਾਲਾ ਸ਼ਖਸ ਹੀ ਪਤੰਗਬਾਜ਼ੀ ਦਾ ਮੁਕਾਬਲਾ ਜਿੱਤਦਾ ਸੀ ਪਰ ਹੁਣ ਕਈ ਸਾਲਾਂ ਤੋਂ ਅਸੀਂ ਪਤੰਗਬਾਜ਼ੀ ਕਰਨੀ ਬੰਦ ਕਰ ਦਿੱਤੀ ਹੈ। ਉਸਦਾ ਕਾਰਨ ਹੈ ਕਿ ਹੁਣ ਰਵਾਇਤੀ ਡੋਰ ਨਹੀਂ ਮਿਲਦੀ ਚਾਈਨਾ ਡੋਰ ਦਾ ਕਬਜ਼ਾ ਹੈ ਔਰ ਪ੍ਰਸ਼ਾਸਨ ਅਤੇ ਸਰਕਾਰ ਅੱਗੇ ਮੰਗ ਕਰਦੇ ਹਾਂ ਕਿ ਜੇਕਰ ਇਨਸਾਨੀ ਜਾਂ ਪੰਛੀਆਂ ਦੀਆਂ ਕੀਮਤੀ ਜਾਨਾਂ ਬਚਾਉਣੀਆਂ ਹਨ ਤਾਂ ਸਖਤ ਕਦਮ ਚੁੱਕ ਕੇ ਇਹ ਚਾਈਨਾ ਡੋਰ ਬੰਦ ਕਰਵਾਉਣੀ ਚਾਹੀਦੀ ਹੈ।