ਹਲਕਾ ਘਨੌਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਕਰਵਾਏ ਦਾਖਲ
ਪੋਲਿੰਗ ਬੂਥਾਂ ਤੇ ਹਲਕਿਆਂ ਵਿੱਚ ਕੇਂਦਰੀ ਸੁਰੱਖਿਆ ਬਲ ਤੈਨਾਤ ਕੀਤੀ ਜਾਵੇ: ਝਿੰਜਰ
ਅਕਾਲੀ ਦਲ ਕਿਸੇ ਵੀ ਤਰ੍ਹਾਂ ਦੀ ਜਬਰਵਾਦੀ, ਗੁੰਡਾਗਰਦੀ ਜਾਂ ਗੈਰਕਾਨੂੰਨੀ ਦਖਲਅੰਦਾਜ਼ੀ ਨੂੰ ਬਰਦਾਸ਼ਤ ਨਹੀਂ ਕਰੇਗਾ: ਝਿੰਜਰ
ਘਨੌਰ, 4 ਦਸੰਬਰ 2025 : ਹਲਕਾ ਘਨੌਰ ਇੰਚਾਰਜ ਸਰਬਜੀਤ ਸਿੰਘ ਝਿੰਜਰ ਨੇ ਅੱਜ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਮ ਆਦਮੀ ਪਾਰਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਰੋਕਣ ਲਈ ਲੱਖ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਇਨ੍ਹਾਂ ਸਭ ਹਥਕੰਡਿਆਂ ਦੇ ਬਾਵਜੂਦ ਅੱਜ ਹਲਕਾ ਘਨੌਰ ਦੇ 16 ਵਿਚੋਂ 15 ਜੋਨਾਂ ਅਤੇ ਸ਼ੰਭੂ ਖੇਤਰ ਦੇ 19 ਵਿਚੋਂ 14 ਜੋਨਾਂ ਵਿੱਚ ਅਕਾਲੀ ਉਮੀਦਵਾਰਾਂ ਨੇ ਸਫਲਤਾਪੂਰਵਕ ਆਪਣੇ–ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ।
ਉਹਨਾਂ ਕਿਹਾ ਕਿ ਪਿੰਡਾਂ ਵਿੱਚ ਅਕਾਲੀ ਦਲ ਦੇ ਹੱਕ ਵਿੱਚ ਚੜ੍ਹਦੀਕਲਾ ਵਾਲੀ ਲਹਿਰ ਦੇਖਦਿਆਂ ਆਮ ਆਦਮੀ ਪਾਰਟੀ ਦੀ ਸਰਕਾਰ ਬੇਹੱਦ ਘਬਰਾਈ ਹੋਈ ਹੈ ਅਤੇ ਇਸ ਘਬਰਾਹਟ ਵਿੱਚ ਸਰਕਾਰ ਵਰਕਰਾਂ ਤੇ ਉਮੀਦਵਾਰਾਂ ਨਾਲ ਧੱਕੇਸ਼ਾਹੀ ਕਰਵਾ ਰਹੀ ਹੈ।
ਸਰਬਜੀਤ ਸਿੰਘ ਝਿੰਜਰ ਨੇ ਕਿਹਾ ਕਿ ਨਾਮਜ਼ਦਗੀ ਪ੍ਰਕਿਰਿਆ ਦੌਰਾਨ AAP ਵਰਕਰਾਂ ਨੇ ਸਰਕਾਰੀ ਸ਼ਹਿ ਨਾਲ ਅਕਾਲੀ ਦਲ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਖੋਹ ਕੇ ਫਾੜੇ ਅਤੇ ਅਕਾਲੀ ਵਰਕਰਾਂ ਨਾਲ ਪੁਲਿਸ ਨੇ ਧੱਕਾ–ਮੁੱਕੀ ਵੀ ਕੀਤੀ। ਇਹ ਸਾਰਾ ਕੁਝ ਸਰਕਾਰ ਦੇ ਦਬਾਅ ਹੇਠ ਹੋਇਆ ਹੈ, ਜੋ ਲੋਕਤੰਤਰਿਕ ਪ੍ਰਕਿਰਿਆ ਦੀ ਸਿੱਧੀ ਉਲੰਘਣਾ ਹੈ।
ਉਹਨਾਂ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਨੇ ਪਿਛਲੇ ਸਮੇਂ ਵਿੱਚ ਕੋਈ ਚੰਗਾ ਕੰਮ ਕੀਤਾ ਹੁੰਦਾ, ਤਾਂ ਅੱਜ ਉਹ ਨਿਰਪੱਖ ਚੋਣਾਂ ਤੋਂ ਨਾ ਡਰਦੇ। ਝਿੰਜਰ ਨੇ ਪੂਰਾ ਭਰੋਸਾ ਜਤਾਇਆ ਕਿ ਹਲਕਾ ਘਨੌਰ ਦੇ ਲੋਕ ਸਰਕਾਰ ਦੀ ਜਬਰਵਾਦੀ ਨੀਤੀਆਂ ਤੋਂ ਤੰਗ ਆ ਚੁੱਕੇ ਹਨ ਅਤੇ ਇਸ ਵਾਰ AAP ਨੂੰ ਭਾਰੀ ਹਾਰ ਮਿਲੇਗੀ, ਜਦਕਿ ਸ਼੍ਰੋਮਣੀ ਅਕਾਲੀ ਦਲ ਵੱਡੇ ਮਾਰਜਨ ਨਾਲ ਜਿੱਤ ਹਾਸਲ ਕਰੇਗਾ।
ਝਿੰਜਰ ਨੇ ਹਾਲ ਹੀ ਵਿੱਚ ਲੀਕ ਹੋਈ SSP ਅਤੇ ਅਧਿਕਾਰੀਆਂ ਦੀ ਆਡੀਓ ਰਿਕਾਰਡਿੰਗ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਰਿਕਾਰਡਿੰਗ ਨੇ ਸਾਬਤ ਕਰ ਦਿੱਤਾ ਹੈ ਕਿ ਪੁਲਿਸ ਪ੍ਰਸ਼ਾਸਨ ਆਮ ਆਦਮੀ ਪਾਰਟੀ ਨਾਲ ਮਿਲੀਭੁਗਤ ਕਰਕੇ ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਰਿਕਾਰਡਿੰਗ ਲੋਕਤੰਤਰ ਦੇ ਨਾਲ ਹੋ ਰਹੀ ਸਭ ਤੋਂ ਵੱਡੀ ਧੋਖਾਧੜੀ ਦੀ ਗਵਾਹ ਹੈ।
ਉਹਨਾਂ ਮੰਗ ਕੀਤੀ ਕਿ ਚੋਣਾਂ ਨੂੰ ਨਿਰਪੱਖ ਢੰਗ ਨਾਲ ਸਿਰੇ ਚਾੜਨ ਲਈ ਪੋਲਿੰਗ ਤੋਂ ਪਹਿਲਾਂ ਅਤੇ ਪੋਲਿੰਗ ਦੇ ਦਿਨ ਕੇਂਦਰੀ ਸੁਰੱਖਿਆ ਬਲ ਤੈਨਾਤ ਕਰਨਾ ਜ਼ਰੂਰੀ ਹੈ, ਤਾਂ ਜੋ ਵੋਟਿੰਗ ਦੌਰਾਨ AAP ਅਤੇ ਪੁਲਿਸ ਵੱਲੋਂ ਕਿਸੇ ਵੀ ਤਰ੍ਹਾਂ ਦੇ ਦਬਾਅ, ਧਮਕੀ ਜਾਂ ਗਲਤ ਦਖਲਅੰਦਾਜ਼ੀ ਨੂੰ ਰੋਕਿਆ ਜਾ ਸਕੇ।
ਸਰਬਜੀਤ ਸਿੰਘ ਝਿੰਜਰ ਨੇ ਸਪੱਸ਼ਟ ਕੀਤਾ ਕਿ ਅਕਾਲੀ ਦਲ ਕਿਸੇ ਵੀ ਤਰ੍ਹਾਂ ਦੀ ਜਬਰਵਾਦੀ, ਗੁੰਡਾਗਰਦੀ ਜਾਂ ਗੈਰਕਾਨੂੰਨੀ ਦਖਲਅੰਦਾਜ਼ੀ ਨੂੰ ਬਰਦਾਸ਼ਤ ਨਹੀਂ ਕਰੇਗਾ ਅਤੇ ਹਰ ਇਕ ਵਰਕਰ ਤੇ ਉਮੀਦਵਾਰ ਦੇ ਨਾਲ ਚਟਾਨ ਵਾਂਗ ਖੜ੍ਹਾ ਹੈ।