ਵਿਦਿਆਰਥਣ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
ਬਲਵਿੰਦਰ ਧਾਲੀਵਾਲ
ਕਪੂਰਥਲਾ, 3 ਦਸੰਬਰ 2025- ਮੁਹੱਲਾ ਲਾਹੋਰੀ ਗੇਟ ਵਿਖੇ ਇਕ 18 ਸਾਲਾ ਲੜਕੀ ਨੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਕੁਮਾਰ ਨੇ ਦੱਸਿਆ ਕਿ ਉਸ ਦੀ ਲੜਕੀ 12ਵੀਂ ਵਿਚ ਪੜ੍ਹਦੀ ਸੀ ਅੱਜ ਸਕੂਲ ਤੋਂ ਵਾਪਸ ਘਰ ਆਈ | ਉਨ੍ਹਾਂ ਦੱਸਿਆ ਕਿ ਅਸੀਂ ਘਰ ਵਿਚ ਮੌਜੂਦ ਨਹੀਂ ਸੀ, ਜਦੋਂ ਥੋੜੀ ਦੇਰ ਬਾਅਦ ਘਰ ਆ ਕੇ ਦੇਖਿਆ ਤਾਂ ਉਨ੍ਹਾਂ ਦੀ ਲੜਕੀ ਪੱਖੇ ਨਾਲ ਲਟਕ ਰਹੀ ਸੀ | ਰਾਜ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਆਪਣੀ ਲੜਕੀ ਨੂੰ ਸਿਵਲ ਹਸਪਤਾਲ ਕਪੂਰਥਲਾ ਵਿਖੇ ਲੈ ਕੇ ਗਏ, ਜਿੱਥੇ ਡਿਊਟੀ ਡਾ. ਸਾਹਿਲ ਗਰਗ ਵਲੋਂ ਉਸ ਨੂੰ ਮਿ੍ਤਕ ਐਲਾਨ ਦਿੱਤਾ ਗਿਆ | ਉਨ੍ਹਾਂ ਕਥਿਤ ਤੌਰ 'ਤੇ ਦੋਸ਼ ਲਗਾਇਆ ਕਿ ਇਕ ਲੜਕਾ ਉਨ੍ਹਾਂ ਦੀ ਲੜਕੀ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਅਤੇ ਗਲਤ ਵੀਡਿਓ ਉਸ ਦੇ ਮੋਬਾਈਲ ਫੋਨ 'ਤੇ ਭੇਜਿਆ ਸੀ, ਜਿਸ ਕਾਰਨ ਉਸ ਦੀ ਲੜਕੀ ਕਾਫ਼ੀ ਦਿਨਾਂ ਤੋਂ ਪ੍ਰੇਸ਼ਾਨ ਚੱਲ ਰਹੀ ਸੀ, ਜਿਸ ਦੇ ਚੱਲਦਿਆਂ ਅੱਜ ਉਸ ਨੇ ਆਤਮ ਹੱਤਿਆ ਕਰ ਲਈ ਹੈ | ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਦੇ ਐਸ.ਐਚ.ਓ. ਅਮਨਦੀਪ ਨਾਹਰ ਮੌਕੇ 'ਤੇ ਪਹੁੰਚੇ ਤੇ ਪਰਿਵਾਰਕ ਮੈਂਬਰਾਂ ਪਾਸੋਂ ਜਾਣਕਾਰੀ ਹਾਸਲ ਕਰਕੇ ਮਾਮਲੇ ਦੀ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ ਤੇ ਮਿ੍ਤਕ ਲੜਕੀ ਦੀ ਲਾਸ਼ ਨੂੰ ਸਿਵਲ ਹਸਪਤਾਲ ਕਪੂਰਥਲਾ ਦੇ ਮੁਰਦਾਘਰ ਵਿਖੇ ਰਖਵਾ ਦਿੱਤੀ ਗਈ ਹੈ ਅਤੇ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਜਾਵੇਗੀ |