ਸਰੀ ਵਿੱਚ ਸੇਵਾਵਾਂ ਦੀ ਘਾਟ ਦਾ ਮਸਲਾ ਵਿਧਾਨ ਸਭਾ ਵਿੱਚ ਗੂੰਜਿਆ - ਐਮਐਲਏ ਮਨਦੀਪ ਧਾਲੀਵਾਲ ਨੇ ਤਿੱਖੇ ਸਵਾਲਾਂ ਨਾਲ ਪ੍ਰੀਮੀਅਰ ਡੇਵਿਡ ਏਬੀ ਨੂੰ ਘੇਰਿਆ
ਹਰਦਮ ਮਾਨ
ਵਿਕਟੋਰੀਆ, 4 ਦਸੰਬਰ 2025-ਬ੍ਰਿਟਿਸ਼ ਕੋਲੰਬੀਆ ਦੀ ਵਿਧਾਨ ਸਭਾ ਵਿੱਚ ਅੱਜ ਸਵਾਲ-ਜਵਾਬ ਪੀਰੀਅਡ ਦੌਰਾਨ ਸਰੀ ਦੇ ਐਮਐਲਏ ਮਨਦੀਪ ਧਾਲੀਵਾਲ ਨੇ ਸਖ਼ਤ ਲਹਿਜ਼ੇ ਵਿੱਚ ਸੂਬਾਈ ਸਰਕਾਰ ਤੋਂ ਪੁੱਛਿਆ ਕਿ ਜਦੋਂ ਸਰੀ ਦੀ ਅਬਾਦੀ ਵੈਨਕੂਵਰ ਦੇ ਬਰਾਬਰ ਹੈ ਅਤੇ ਦੋਵੇਂ ਹੀ ਸ਼ਹਿਰਾਂ ਦੇਵਸਨੀਕ ਇੱਕੋ ਜਿਹੇ ਟੈਕਸ ਭਰਦੇ ਹਨ, ਤਾਂ ਸਰੀ ਨੂੰ ਬੁਨਿਆਦੀ ਸੇਵਾਵਾਂ ਘੱਟ ਕਿਉਂ ਮਿਲਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਮਸਲਾ ਸਿਰਫ਼ ਗਿਣਤੀ ਦਾ ਨਹੀਂ, ਲੋਕਾਂ ਦੀ ਸੁਰੱਖਿਆ, ਸਿਹਤ ਅਤੇ ਭਵਿੱਖ ਨਾਲ ਸਿੱਧਾ ਜੁੜਿਆ ਹੋਇਆ ਹੈ। ਉਨ੍ਹਾਂ ਨੇ ਅੰਕੜਿਆਂ ਸਮੇਤ ਦੋਨੋਂ ਸ਼ਹਿਰਾਂ ਦੀ ਤੁਲਨਾ ਸਪਸ਼ਟ ਤੌਰ ’ਤੇ ਪੇਸ਼ ਕੀਤੀ:
· ਸਰੀ: 608 ਪੁਲਿਸ ਅਫਸਰ
ਵੈਨਕੂਵਰ: 1,452 ਪੁਲਿਸ ਅਫਸਰ
· ਸਰੀ: 400 ਡਾਕਟਰ
ਵੈਨਕੂਵਰ: 900 ਡਾਕਟਰ
· ਸਰੀ: ਇੱਕ ਹਸਪਤਾਲ, 671 ਬਿਸਤਰੇ
ਵੈਨਕੂਵਰ: ਚਾਰ ਹਸਪਤਾਲ, 1,900 ਤੋਂ ਵੱਧ ਬਿਸਤਰੇ
· ਸਰੀ: 100 ਤੋਂ ਵੱਧ ਧਮਕੀ ਦੇ ਕੇ ਪੈਸੇ ਮੰਗਣ (Extortion) ਦੀਆਂ ਰਿਪੋਰਟਾਂ
ਵੈਨਕੂਵਰ: 0
ਸ. ਧਾਲੀਵਾਲ ਨੇ ਸਵਾਲ ਉਠਾਇਆ ਕਿ ਆਖ਼ਰ ਕਿਉਂ ਸਰੀ ਵਰਗਾ ਤੇਜ਼ੀ ਨਾਲ ਵਧਦਾ ਸ਼ਹਿਰ ਲਗਾਤਾਰ ਪਿੱਛੇ ਧੱਕਿਆ ਜਾ ਰਿਹਾ ਹੈ, ਜਦੋਂਕਿ ਵੈਨਕੂਵਰ ਨੂੰ ਕਾਫ਼ੀ ਵੱਧ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।
ਜਵਾਬ ਵਿੱਚ ਪ੍ਰੀਮੀਅਰ ਡੇਵਿਡ ਏਬੀ ਨੇ ਇਹ ਕਹਿ ਕੇ ਗੱਲ ਟਾਲਣ ਦੀ ਕੋਸ਼ਿਸ਼ ਕੀਤੀ ਕਿ ਸਰੀ ਕੋਲ ਇਸ ਵੇਲੇ ਇਤਿਹਾਸਕ ਤੌਰ ’ਤੇ ਸਭ ਤੋਂ ਵੱਧ ਪੁਲਿਸ ਅਫਸਰ ਹਨ। ਸ. ਧਾਲੀਵਾਲ ਨੇ ਇਸ ਬਿਆਨ ਨੂੰ ਅਸਲ ਮੁੱਦੇ ਤੋਂ ਭਟਕਾਉਣਾ ਦੱਸਦਿਆਂ ਕਿਹਾ ਕਿ ਕੀ ਇਹ ਜਵਾਬ ਸਰੀ ਦੇ ਲੋਕਾਂ ਨੂੰ ਸੁਰੱਖਿਆ ਮਹਿਸੂਸ ਕਰਵਾ ਸਕਦਾ ਹੈ? ਪੁਲਿਸ ਦੀ ਗਿਣਤੀ ਵਧ ਜਾਣਾ ਕੋਈ ਜਿੱਤ ਨਹੀਂ—ਇਹ ਸਾਲਾਂ ਦੀ ਕਮੀ ਦਾ ਸਬੂਤ ਹੈ।
ਉਨ੍ਹਾਂ ਦਾ ਕਹਿਣਾ ਸੀ ਕਿ ਸਰੀ ਨੂੰ ਹੋਰ ਪੁਲਿਸ ਇਸ ਲਈ ਚਾਹੀਦੀ ਹੈ ਕਿਉਂਕਿ ਸੂਬਾਈ ਸਰਕਾਰ ਪਿਛਲੇ ਕਈ ਸਾਲਾਂ ਤੋਂ ਯੋਗ ਪੁਲਿਸਿੰਗ ਦੇਣ ਵਿੱਚ ਨਾਕਾਮ ਰਹੀ। ਉਨ੍ਹਾਂ ਕਿਹਾ ਕਿ ਸਰੀ ਵਿੱਚ ਵਧ ਰਹੀ ਬਦਮਾਸ਼ੀ ਅਤੇ ਧਮਕੀ ਵਾਲੇ ਮਾਮਲੇ ਸੂਬਾਈ ਲਾਪਰਵਾਹੀ ਦਾ ਨਤੀਜਾ ਹਨ।
ਮਨਦੀਪ ਧਾਲੀਵਾਲ ਨੇ ਪ੍ਰੀਮੀਅਰ ਏਬੀ ਨੂੰ ਸਰੀ ਆ ਕੇ ਲੋਕਾਂ ਨਾਲ ਸਿੱਧਾ ਸੰਪਰਕ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪ੍ਰੀਮੀਅਰ ਸਾਹਿਬ, ਸਰੀ ਵਿਚ ਜਾ ਕੇ ਉਹਨਾਂ ਪਰਿਵਾਰਾਂ ਅਤੇ ਕਾਰੋਬਾਰੀਆਂ ਨੂੰ ਮਿਲੋ ਜੋ ਇਸ ਨਾਕਾਮ ਪੁਲਿਸਿੰਗ ਸਿਸਟਮ ਦਾ ਖ਼ਮਿਆਜ਼ਾ ਹਰ ਰੋਜ਼ ਭੁਗਤ ਰਹੇ ਹਨ।
ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਰੀ ਦੇ ਵਸਨੀਕ ਹਕੀਕਤ ਜਾਣਦੇ ਹਨ ਅਤੇ ਰਾਜਨੀਤਕ ਬਿਆਨਾਂ ਨਾਲ ਉਹਨਾਂ ਦੇ ਤਜਰਬੇ ਨਹੀਂ ਬਦਲ ਸਕਦੇ।
ਅੰਤ ਵਿੱਚ ਸ. ਧਾਲੀਵਾਲ ਨੇ ਤਿੱਖਾ ਪ੍ਰਸ਼ਨ ਕੀਤਾ ਕਿ “ਹੋਰ ਕਿੰਨਾ ਸਮਾਂ ਲੱਗੇਗਾ ਜਦੋਂ ਪ੍ਰੀਮੀਅਰ ਏਬੀ ਇਹ ਮੰਨਣਗੇ ਕਿ ਸਰੀ ਨੂੰ ਬੀ.ਸੀ. ਸਰਕਾਰ ਵੱਲੋਂ ਲੰਬੇ ਸਮੇਂ ਤੋਂ ਨਜ਼ਰਅੰਦਾਜ਼ ਕੀਤਾ ਗਿਆ ਹੈ?”