Political Special- ਗੈਂਗਸਟਰ ਤੋਂ ਨੇਤਾ ਬਣੇ ਗੁਰਪ੍ਰੀਤ ਸੇਖੋਂ ਦੇ ਨਾਮ ਤੋਂ ਕਦੇ ਥਰ ਥਰ ਕੰਬਦੀ ਸੀ ਦੁਨੀਆਂ
ਅਸ਼ੋਕ ਵਰਮਾ
ਬਠਿੰਡਾ , 8 ਸਤੰਬਰ 2026 : ਕੋਈ ਸਮਾਂ ਸੀ ਜਦੋਂ ਗੈਂਗਸਟਰ ਵਾਲਾ ਰਸਤਾ ਤਿਆਗਣ ਪਿੱਛੋਂ ਨੇਤਾ ਬਣੇ ਗੁਰਪ੍ਰੀਤ ਸੇਖੋਂ ਦੇ ਨਾਮ ਤੋਂ ਦੁਨੀਆਂ ਨੂੰ ਕਾਂਬਾ ਛਿੜਨ ਲੱਗ ਜਾਂਦਾ ਸੀ। ਸੇਖੋਂ ਨੂੰ ਲੰਘੇ ਐਤਵਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ’ਚ ਸ਼ਾਮਲ ਕਰਵਾਇਆ ਸੀ ਜਿਸ ਦੀ ਵਿਰੋਧੀ ਧਿਰਾਂ ਤਿੱਖੀ ਅਲੋਚਨਾ ਕਰ ਰਹੀਆਂ ਹਨ। ਦਰਅਸਲ ਗੁਰਪ੍ਰੀਤ ਸੇਖੋਂ ਖਿਲਾਫ 2007 ’ਚ ਅਸਲਾ ਐਕਟ ਤਹਿਤ ਪਹਿਲਾ ਕੇਸ ਦਰਜ ਹੋਇਆ ਸੀ । ਉਸ ’ਤੇ ਕਤਲ , ਇਰਾਦਾ ਕਤਲ ਅਤੇ ਸੰਗੀਨ ਦੋਸ਼ਾਂ ਵਾਲੇ ਕਰੀਬ 4 ਦਰਜਨ ਮੁਕੱਦਮੇ ਦਰਜ ਹਨ। ਮਾਲਵੇ ’ਚ ਉਸ ਨੂੰ ਖਤਰਨਾਕ ‘ਹਾਈਵੇ ਰੌਬਰ ਗੈਂਗ’ ਦਾ ਮੁੱਖ ਚਿਹਰਾ ਮੰਨਿਆ ਜਾਂਦਾ ਸੀ। ਸੇਖੋਂ ਗੈਂਗਸਟਰ ਜੈਪਾਲ ਭੁੱਲਰ, ਵਿੱਕੀ ਗੌਂਡਰ ਅਤੇ ਸ਼ੇਰਾ ਖੁੱਬਣ ਵਰਗੇ ਖੂੰਖਾਰ ਅਪਰਾਧੀਆਂ ਦਾ ਸਾਥੀ ਰਿਹਾ ਹੈ। ਸੇਖੋਂ ਪਹਿਲੀ ਵਾਰ 2015 ’ਚ ਗੈਂਗਸਟਰ ਸੁੱਖਾ ਕਾਹਲਵਾਂ ਦੇ ਕਤਲ ਕਾਰਨ ਚਰਚਾ ’ਚ ਆਇਆ ਸੀ।
ਸਬੂਤਾਂ ਦੀ ਘਾਟ ਕਾਰਨ ਉਹ ਸੁੱਖਾ ਕਾਹਲਵਾਂ ਕਤਲ ਕਾਂਡ ਚੋਂ ਬਰੀ ਹੋ ਗਿਆ ਸੀ। ਸੇਖੋਂ ਦਾ ਨਾਮ ਦੂਸਰੀ ਵਾਰ ਉਦੋਂ ਸੁਰਖੀਆਂ ਬਣਿਆ ਜਦੋਂ 27 ਨਵੰਬਰ 2016 ਨੂੰ ਪੁਲਿਸ ਦੀ ਵਰਦੀ ’ਚ ਆਏ ਹਥਿਆਰਬੰਦ ਹਮਲਾਵਰ ਅੰਨ੍ਹੇਵਾਹ ਫਾਇਰਿੰਗ ਕਰਕੇ ਨਾਭਾ ਜੇਲ੍ਹ ਚੋਂ ਦੋ ਖਾੜਕੂਆਂ ਸਮੇਤ ਅੱਧੀ ਦਰਜਨ ਗੈਂਗਸਟਰਾਂ ਨੂੰ ਛੁਡਾਉਣ ਵਿੱਚ ਸਫਲ ਹੋ ਗਏ ਸਨ। ਇੰਨ੍ਹਾਂ ’ਚ ਗੁਰਪ੍ਰੀਤ ਸੇਖੋਂ ਵੀ ਸ਼ਾਮਲ ਸੀ ਜੋ ਉਸ ਵਕਤ ਨਾਭਾ ਜੇਲ੍ਹ ’ਚ ਬੰਦ ਸੀ। ਪੁਲਿਸ ਨੇ ਸੇਖੋਂ ਨੂੰ ਨਾਭਾ ਜੇਲ੍ਹ ਬਰੇਕ ਕਾਂਡ ਦਾ ਮੁੱਖ ਸਾਜਿਸ਼ਘਾੜਾ ਦੱਸਿਆ ਸੀ। ਪੁਲਿਸ ਨੇ ਗੁਰਪ੍ਰੀਤ ਸੇਖੋਂ ਨੂੰ ਫਰਵਰੀ 2017 ’ਚ ਗ੍ਰਿਫਤਾਰ ਕਰ ਲਿਆ ਸੀ। ਨਾਭਾ ਜੇਲ੍ਹ ਕਾਂਡ ਸਬੰਧੀ ਪਟਿਆਲਾ ਅਦਾਲਤ ਨੇ ਗੁਰਪ੍ਰੀਤ ਸੇਖੋਂ ਅਤੇ ਹੋਰਨਾਂ ਨੂੰ ਸ਼ਜਾ ਸੁਣਾਈ ਸੀ। ਨਵੰਬਰ 2023 ’ਚ ਸੇਖੋਂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਜਮਾਨਤ ਮਿਲ ਗਈ ਅਤੇ ਉਹ ਨਾਭਾ ਜੇਲ੍ਹ ਚੋਂ ਬਾਹਰ ਆ ਗਿਆ।
ਜੇਲ੍ਹ ਵਿੱਚੋਂ ਬਾਹਰ ਆਉਣ ਤੋਂ ਬਾਅਦ ਉਸ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਆਪਣਾ ਪੁਰਾਣਾ ਅਪਰਾਧਿਕ ਪਿਛੋਕੜ ਛੱਡ ਦਿੱਤਾ ਹੈ ਅਤੇ ਹੁਣ ਉਹ ਸਮਾਜ ਦੀ ਸੇਵਾ ਕਰਨਾ ਚਾਹੁੰਦਾ ਹੈ। ਸ਼ੁਰੂਆਤੀ ਦੌਰ ’ਚ ਸੇਖੋਂ ਨੇ ਗਰੀਬ ਪ੍ਰੀਵਾਰਾਂ ਦੀਆਂ ਲੜਕੀਆਂ ਦੇ ਵਿਆਹਾਂ ’ਚ ਸਹਾਇਤਾ ਕੀਤੀ ਅਤੇ ਹੜ੍ਹਾਂ ਦੌਰਾਨ ਪੀੜਤਾਂ ਨੂੰ ਰਾਸ਼ਨ, ਪਸ਼ੂਆਂ ਲਈ ਚਾਰਾ ਅਤੇ ਰਾਹਤ ਸਮੱਗਰੀ ਵੰਡੀ । ਜਿਸ ਸੇਖੋਂ ਨੂੰ ਕਦੇ ਦਹਿਸ਼ਤ ਦਾ ਦੂਸਰਾ ਨਾਮ ਮੰਨਿਆ ਜਾਂਦਾ ਸੀ , ਸਮਾਜ ਸੇਵੀ ਕਾਰਜਾਂ ਨੇ ਇਲਾਕੇ ਵਿੱਚ ਉਸਦਾ ਅਕਸ ਸੁਧਾਰਨ ’ਚ ਯੋਗਦਾਨ ਪਾਇਆ। ਇਸ ਦੌਰਾਨ ਸੇਖੋਂ ਨੇ ਰਾਜਨੀਤੀ ’ਚ ਆਉਣ ਦਾ ਫੈਸਲਾ ਲਿਆ ਜਿਸ ਲਈ ਆਪਣੇ ਪ੍ਰੀਵਾਰ ਨੂੰ ਅਧਾਰ ਬਣਾਇਆ। ਜਿਲ੍ਹਾ ਪ੍ਰੀਸ਼ਦ ਚੋਣਾਂ ’ਚ ਸੇਖੋਂ ਨੇ ਆਪਣੀਆਂ ਦੋਵੇਂ ਪਤਨੀਆਂ ਮਨਦੀਪ ਕੌਰ ਸੇਖੋਂ ਅਤੇ ਕੁਲਜੀਤ ਕੌਰ ਨੂੰ ਚੋਣ ਲੜਾਈ ਜੋ ਅਕਾਲੀ ਦਲ ਦੇ ਸਮਰਥਨ ਨਾਲ ਬਾਜ਼ੀਦਪੁਰ ਅਤੇ ਫਿਰੋਜ਼ਸ਼ਾਹ ਜ਼ੋਨਾਂ ਤੋਂ ਜਿੱਤ ਗਈਆਂ।
ਯਾਦ ਰਹੇ ਕਿ ਇੰਨ੍ਹਾਂ ਚੋਣਾਂ ਦੌਰਾਨ ਫਿਰੋਜ਼ਪੁਰ ਪੁਲਿਸ ਨੇ ਗੁਰਪ੍ਰੀਤ ਸੇਖੋਂ ਨੂੰ ਗ੍ਰਿਫਤਾਰ ਕਰ ਲਿਆ ਸੀ। ਇਸ ਮੌਕੇ ਉਸ ਦੇ ਸਮਰਥਕਾਂ ਨੇ ਦੋਸ਼ ਲਾਏ ਸਨ ਕਿ ਇਹ ਗ੍ਰਿਫਤਾਰੀ ਸੱਤਾਧਾਰੀ ਧਿਰ ਨੇ ਉਸ ਦੇ ਵੱਧ ਰਹੇ ਪ੍ਰਭਾਵ ਨੂੰ ਘਟਾਉਣ ਲਈ ਕੀਤੀ ਗਈ ਹੈ। ਇਸ ਮੌਕੇ ਮਾਮਲਾ ਹਾਈ ਕੋਰਟ ਚਲਾ ਗਿਆ ਜਿੱਥੋਂ ਦੇ ਦਖ਼ਲ ਤੋਂ ਬਾਅਦ ਉਸ ਨੂੰ ਰਿਹਾਅ ਕਰਨਾ ਪਿਆ। ਇਸ ਕਾਰਵਾਈ ਨੇ ਸੇਖੋਂ ਦੇ ਹੱਕ ’ਚ ਹਮਾਇਤ ਹੋਰ ਵਧਾਉਣ ਦਾ ਕੰਮ ਕੀਤਾ। ਇਸ ਮੌਕੇ ਅਕਾਲੀ ਦਲ (ਬ) ਨੇ ਵੀ ਨਿੱਠਕੇ ਸੇਖੋਂ ਧੜੇ ਦੀ ਹਮਾਇਤ ਕੀਤੀ ਜਿਸ ਦਾ ਸਿੱਟਾ ਦੋਵਾਂ ਪਤਨੀਆਂ ਦੀ ਜਿੱਤ ਦੇ ਰੂਪ ’ਚ ਨਿਕਲਿਆ। ਫਿਰੋਜ਼ਪੁਰ ਜ਼ਿਲ੍ਹੇ ਦੇ ਮੁੱਦਕੀ ਨਾਲ ਸਬੰਧਤ ਗੁਰਪ੍ਰੀਤ ਸੇਖੋਂ ਦਾ ਪਰਿਵਾਰਕ ਪਿਛੋਕੜ ਬੇਸ਼ੱਕ ਕਾਂਗਰਸੀ ਰਿਹਾ ਪਰ ਉਸ ਨੇ ਸਿਆਸਤ ਵਿੱਚ ਆਉਣ ਲਈ ਕਈ ਪਾਰਟੀਆਂ ਨਾਲ ਤਾਲਮੇਲ ਰੱਖਣ ਦੇ ਬਾਵਜੂਦ ਝਾੜੂ ਚੁੱਕਣ ਨੂੰ ਤਰਜੀਹ ਦਿੱਤੀ ਹੈ।
ਮਿਸ਼ਨ 2027 ’ਚ ਉਮੀਦਵਾਰ
ਗੁਰਪ੍ਰੀਤ ਸੇਖੋਂ ਨੂੰ ਰਾਜਨੀਤੀ ’ਚ ਕਿੰਨੀ ਸਫਲਤਾ ਮਿਲਦੀ ਹੈ ਇਹ ਤਾਂ ਸਮਾਂ ਹੀ ਦੱਸੇਗਾ ਪਰ ਸਿਆਸੀ ਹਲਕਿਆਂ ’ਚ ਚਰਚਾ ਹੈ ਕਿ ਉਹ 2027 ’ਚ ਜੀਰਾ ਹਲਕੇ ਤੋਂ ਆਮ ਆਦਮੀ ਪਾਰਟੀ ਤਰਫੋਂ ਚੋਣ ਲੜਦਾ ਦਿਖਾਈ ਦੇਵੇਗਾ । ਸੂਤਰ ਦੱਸਦੇ ਹਨ ਕਿ ਆਮ ਆਦਮੀ ਪਾਰਟੀ ਹਾਈ ਕਮਾਂਡ ਨੇ ਇਸ ਸਬੰਧੀ ਹਰੀ ਝੰਡੀ ਦਿਖਾ ਦਿੱਤੀ ਹੈ ਜਿਸ ਤੋਂ ਬਾਅਦ ਸੇਖੋਂ ਅਤੇ ਉਸ ਦੇ ਸਮਰਥਕਾਂ ਨੇ ਸਰਗਰਮੀਆਂ ਵਿੱਢ ਦਿੱਤੀਆਂ ਹਨ।
ਰਾਜਨੀਤੀ ’ਚ ਰੁਝਾਨ ਪੁਰਾਣਾ
ਗੈਂਗਸਟਰਾਂ ਤੋਂ ਸਿਆਸਤਦਾਨ ਬਣਨ ਦਾ ਰੁਝਾਨ ਕਾਫੀ ਪੁਰਾਣਾ ਹੈ। ਪੰਜਾਬ ਦੇ ਪਹਿਲੇ ਗੈਂਗਸਟਰ ਪ੍ਰਭਜਿੰਦਰ ਸਿੰਘ ਉਰਫ਼ ਡਿੰਪੀ ਚੰਦਭਾਨ ਨੇ ਨੇਤਾ ਬਣਨ ਲਈ 1992 ’ਚ ਚੋਣ ਲੜਨ ਦੀ ਤਿਆਰੀ ਕੀਤੀ ਪਰ ਚੋਣਾਂ ਰੱਦ ਹੋਣ ਕਾਰਨ ਉਸ ਦੀ ਇੱਛਾ ਅਧੂਰੀ ਰਹਿ ਗਈ ਅਤੇ 2006 ਵਿੱਚ ਉਸ ਨੂੰ ਕਤਲ ਕਰ ਦਿੱਤਾ ਗਿਆ। ਗੈਂਗਸਟਰ ਜਸਵਿੰਦਰ ਸਿੰਘ ਉਰਫ਼ ਰੌਕੀ ਫਾਜ਼ਿਲਕਾ 2012 ’ਚ ਫਾਜ਼ਿਲਕਾ ਤੋਂ ਆਜ਼ਾਦ ਉਮੀਦਵਾਰ ਵਜੋਂ ਨਿੱਤਰਿਆ ਪਰ ਹਾਰ ਗਿਆ । ਉਸ ਮਗਰੋਂ ਰੌਕੀ ਦੀ ਵੀ ਹੱਤਿਆ ਕਰ ਦਿੱਤੀ ਗਈ ਸੀ। ਰੌਕੀ ਦੀ ਭੈਣ ਰਾਜਦੀਪ ਕੌਰ 2017 ’ਚ ਆਜ਼ਾਦ ਚੋਣ ਲੜੀ ਪਰ ਹਾਰ ਮਗਰੋਂ ਅਕਾਲੀ ਦਲ ਵਿੱਚ ਸ਼ਮੂਲੀਅਤ ਕਰ ਲਈ। ਗੈਂਗਸਟਰ ਤੋਂ ਸਮਾਜ ਸੇਵੀ ਬਣੇ ਲੱਖਾ ਸਿਧਾਣਾ ਨੇ 2012 ਅਤੇ 2022 ’ਚ ਚੋਣਾਂ ਲੜੀਆਂ ਪਰ ਹਾਰ ਹੋਈ। ਜਿਕਰੇ ਖਾਸ ਹੈ ਕਿ ਹੁਣ ਤੱਕ ਕੋਈ ਵੀ ਗੈਂਗਸਟਰ ਵਿਧਾਇਕ ਨਹੀਂ ਬਣ ਸਕਿਆ ਜਿਸ ਕਰਕੇ ਹੁਣ ਨਜ਼ਰਾਂ ਗੁਰਪ੍ਰੀਤ ਸੇਖੋਂ ’ਤੇ ਟਿਕੀਆਂ ਹਨ।
- Download Babushahi App
-
-