Political Special ਨਗਰ ਨਿਗਮ ਚੋਣਾਂ : ਉੱਠਿਆ ਆਪ ਤੋਂ ਨਾਂ ਜਾਏ ਫਿੱਟੇ ਮੂੰਹ ਸਿਆਸੀ ਗੋਡਿਆਂ ਦਾ
ਅਸ਼ੋਕ ਵਰਮਾ
ਬਠਿੰਡਾ, 7 ਜੂਨ 2026 : ਬਠਿੰਡਾ ਦੀਆਂ ਸਿਆਸੀ ਧਿਰਾਂ ਦੇ ਨੇਤਾ ਨਗਰ ਨਿਗਮ ਬਠਿੰਡਾ ਦੀਆਂ ਚੋਣਾਂ ਦੌਰਾਨ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ’ਤੇ ਕਥਿਤ ਹੇਰਾਫੇਰੀ ਕਰਨ ਦੇ ਜਿੰਨੇਂ ਮਰਜੀ ਇਲਜਾਮ ਲਾਈ ਜਾਣ ਪਰ ਵੱਡੇ ਲੀਡਰਾਂ ਦੇ ਆਪਣੇ ਵਾਰਡਾਂ ’ਚ ਉਨ੍ਹਾਂ ਦੀਆਂ ਪਾਰਟੀਆਂ ਨੂੰ ਵੋਟਾਂ ਘੱਟ ਪੈਣ ਕਾਰਨ ਇੰਨ੍ਹਾਂ ਦੋਸ਼ਾਂ ਦੀ ਧਾਰ ਖੁੰਢੀ ਹੁੰਦੀ ਦਿਖਾਈ ਦਿੰਦੀ ਹੈ। ਇਹ ਉਹ ਪ੍ਰਭਾਵਸ਼ਾਲੀ ਨੇਤਾ ਹਨ ਜਿੰਨ੍ਹਾਂ ਦੇ ਵਾਰਡਾਂ ’ਚ ਉਨ੍ਹਾਂ ਦੀ ਆਪਣੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਜਦੋਂਕਿ ਕੁੱਝ ਇਲਾਕਿਆਂ ’ਚ ਲੋਕਾਂ ਨਾਲ ਸੰਪਰਕ ਰੱਖਣ ਅਤੇ ਜਮੀਨੀ ਪੱਧਰ ’ਤੇ ਕੀਤੇ ਕੰਮ ਨਿਰਣਾਇਕ ਵੀ ਸਾਬਤ ਹੋਏ ਹਨ। ਚੋਣ ਨਤੀਜਿਆਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਦੇ ਪ੍ਰਭਾਵ ਵਾਲੇ ਵਾਰਡ ਨੰਬਰ 4 ’ਚ ਅਕਾਲੀ ਉਮੀਦਵਾਰ ਸੁਖਦੇਵ ਸਿੰਘ ਦੇ ਹੱਥ ਨਿਰਾਸ਼ਾ ਲੱਗੀ ਹੈ ਜੋ ਚੋਣ ਜਿੱਤਣ ’ਚ ਅਸਫਲ ਅਤੇ ਦੂਸਰੇ ਸਥਾਨ ’ਤੇ ਰਹੇ ਹਨ।
ਵਾਰਡ ਨੰਬਰ 4 ’ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਉਮੇਸ਼ ਗਰਗ ਨੂੰ 1204 ਵੋਟਾਂ ਪਈਆਂ ਹਨ ਜਦੋਂਕਿ ਸ਼੍ਰੋਮਣੀ ਅਕਾਲੀ ਦਲ ਅੱਧੀਆਂ ਤੋਂ ਵੀ ਘੱਟ 544 ਵੋਟਾਂ ਲਿਜਾਣ ’ਚ ਸਫਲ ਹੋ ਸਕਿਆ ਹੈ। ਆਪਣੇ ਜੋਰਦਾਰ ਪ੍ਰਭਾਵ ਵਾਲੇ ਇਲਾਕੇ ’ਚ ਹਾਰ ਨੂੰ ਅਕਾਲੀ ਦਲ ਲਈ ਝਟਕਾ ਮੰਨਿਆ ਜਾ ਰਿਹਾ ਹੈ। ਇਸ ਵਾਰਡ ਚੋਂ ਭਾਰਤੀ ਜੰਤਾ ਪਾਰਟੀ ਤੀਸਰੇ ਰਹੀ ਅਤੇ ਹੈਰਾਨੀ ਵਾਲੀ ਗੱਲ ਹੈ ਕਿ ਇਸੇ ਇਲਾਕੇ ਦੇ ਬਾਸ਼ਿਦੇ ਨੂੰ ਉਮੀਦਵਾਰ ਬਨਾਉਣ ਦੇ ਬਾਵਜੂਦ ਕਾਂਗਰਸ ਚੌਥੇ ਸਥਾਨ ’ਤੇ ਰਹੀ ਹੈ। ਇਸੇ ਤਰਾਂ ਹੀ ਭਾਰਤੀ ਜੰਤਾ ਪਾਰਟੀ ਨੂੰ ਵੀ ਆਪਣਾ ਮਜਬੂਤ ਗੜ੍ਹ ਮੰਨੇ ਜਾਣ ਵਾਲੇ ਇਲਾਕੇ ’ਚ ਅਨੁਮਾਨਾਂ ਮੁਤਾਬਕ ਸਫਲਤਾ ਨਹੀਂ ਮਿਲ ਸਕੀ ਹੈ। ਭਾਜਪਾ ਦੇ ਜਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦੀ ਰਿਹਾਇਸ਼ ਵਾਲੇ ਵਾਰਡ ਨੰਬਰ 9 ’ਚ ਪਾਰਟੀ ਉਮੀਦਵਾਰ ਡਿੰਪਲ ਰਾਣੀ ਦੀ ਹਾਰ ਹੋਈ ਹੈ। ਡਿੰਪਲ ਰਾਣੀ 783 ਵੋਟਾਂ ਨਾਲ ਦੂਸਰੇ ਸਥਾਨ ’ਤੇ ਰਹੀ ਹੈ।
ਰਾਹਤ ਵਾਲੀ ਗੱਲ ਇਹੋ ਰਹੀ ਕਿ ਡਿੰਪਲ ਰਾਣੀ ਨੇ ਆਪਣੀ ਵਿਰੋਧੀ ‘ਆਪ’ ਉਮੀਦਵਾਰ ਸੁਮਨ ਬਾਲਾ ਨੂੰ ਟੱਕਰ ਕਰੜੀ ਦਿੱਤੀ ਜਿਸ ਨੂੰ 907 ਵੋਟਾਂ ਪਈਆਂ ਅਤੇ ਜਿੱਤ ਹਾਰ ਦਾ ਫਰਕ 124 ਵੋਟਾਂ ਦਾ ਰਿਹਾ। ਸਰੂਪ ਸਿੰਗਲਾ ਦੇ ਗ੍ਰਹਿ ਵਾਰਡ ’ਚ ਭਾਜਪਾ ਦੀ ਹਾਰ ਨੇ ਸਥਾਨਕ ਪੱਧਰ ਦੇ ਸਿਆਸੀ ਸਮੀਕਰਨਾਂ ਨੂੰ ਲੈਕੇ ਨਵੀਂ ਚਰਚਾ ਛੇੜ ਦਿੱਤੀ ਹੈ। ਇਸ ਵਾਰਡ ’ਚ ਅਕਾਲੀ ਦਲ ਦਾ ਪ੍ਰਦਰਸ਼ਨ ਵੀ ਕਾਫੀ ਕੰਮਜੋਰ ਰਿਹਾ ਜਿਸ ਨੂੰ ਚੌਥੇ ਸਥਾਨ ’ਤੇ ਸਬਰ ਕਰਨਾ ਪਿਆ ਹੈ। ਕਾਂਗਰਸ ਪਾਰਟੀ ਨੂੰ ਵੀ ਆਪਣੇ ਜੱਥੇਬੰਦਕ ਪ੍ਰਭਾਵ ਵਾਲੇ ਇਲਾਕਿਆਂ ’ਚ ਢੁੱਕਵੀਂ ਸਫਲਤਾ ਨਹੀਂ ਮਿਲ ਸਕੀ ਹੈ। ਵਾਰਡ ਨੰਬਰ 19 ਜਿਸ ਨੂੰ ਕਾਂਗਰਸ ਦੇ ਜਿਲ੍ਹਾ ਸ਼ਹਿਰੀ ਪ੍ਰਧਾਨ ਰਾਜਨ ਗਰਗ ਦਾ ਵਾਰਡ ਮੰਨਿਆ ਜਾਂਦਾ ਹੈ , ਉੱਥੇ ਵੀ ਕਾਂਗਰਸ ਦੀ ਹਾਰ ਹੋਈ ਹੈ। ਇਸ ਵਾਰਡ ’ਚ ਵੀ ਕਾਂਗਰਸੀ ਉਮੀਦਵਾਰ ਰਾਣੀ ਕੌਰ ਨੂੰ 330 ਵੋਟਾਂ ਪਈਆਂ ਅਤੇ ਉਹ ਤੀਸਰੇ ਸਥਾਨ ’ਤੇ ਰਹੀ ਹੈ।
ਇਸੇ ਵਾਰਡ ’ਚ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਅਮਰਜੀਤ ਕੌਰ ਨੂੰ 554 ਵੋਟਾਂ ਪਈਆਂ ਹਨ ਜਦੋਂਕਿ ਚੌਥੇ ਸਥਾਨ ’ਤੇ ਰਹਿਣ ਵਾਲੀ ਭਾਜਪਾ ਦਾ ਇਹ ਅੰਕੜਾ 265 ਸੀ। ਹੈਰਾਨਕੁੰਨ ਹੈ ਕਿ ਇੱਥੇ ‘ਆਪ’ ਉਮੀਦਵਾਰ ਗੁਰਦੇਵ ਕੌਰ ਜੋ ਸਾਬਕਾ ਕੌਂਸਲਰ ਹਰਜਿੰਦਰ ਸ਼ਿੰਦਾ ਦੀ ਮਾਂ ਹੈ , ਨੂੰ 1189 ਵੋਟਾਂ ਪਈਆਂ ਜੋਕਿ ਇੰਨ੍ਹਾਂ ਤਿੰਨਾਂ ਦੀਆਂ ਵੋਟਾਂ ਮਿਲਾਕੇ ਵੀ ਵੱਧ ਬਣਦੀਆਂ ਹਨ। ਹਰਜਿੰਦਰ ਸ਼ਿੰਦਾ ਪ੍ਰੀਵਾਰ ਦੀ ਲਗਾਤਾਰ ਇਹ ਤੀਸਰੀ ਜਿੱਤ ਹੈ। ਸਾਲ 2012 ’ਚ ਮਨਪ੍ਰੀਤ ਬਾਦਲ ਦਾ ਦਬਦਬਾ ਹੋਣ ਦੇ ਬਾਵਜੂਦ ਗੁਰਦੇਵ ਕੌਰ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਜਿੱਤੀ ਸੀ ਜਦੋਂਕਿ 2015 ’ਚ ਅਕਾਲੀਆਂ ਦੀ ਚੜ੍ਹਤ ਦੌਰਾਨ ਸ਼ਿੰਦਾ ਅਜਾਦ ਜਿੱਤਿਆ ਸੀ। ਕਾਂਗਰਸ ਦੀ ਇਸ ਵਾਰਡ ਚੋਂ ਹਾਰ ਇਸ ਲਈ ਵੀ ਮਹੱਤਵਪੂਰਨ ਮੰਨੀ ਜਾ ਰਹੀ ਹੈ ਕਿ ਪ੍ਰਧਾਨ ਦਾ ਇਲਾਕਾ ਹੋਣ ਕਾਰਨ ਜੱਥੇਬੰਦਕ ਢਾਂਚਾ ਮਜਬੂਤ ਹੋਣ ਦੇ ਬਾਵਜੂਦ ਪਾਰਟੀ ਵੋਟਰਾਂ ਦਾ ਵਿਸ਼ਵਾਸ਼ ਜਿੱਤਣ ’ਚ ਸਫਲ ਨਹੀਂ ਹੋ ਸਕੀ ਹੈ।
ਮਹਿਤਾ ਪ੍ਰੀਵਾਰ ਦਾ ਦਬਦਬਾ
ਓਧਰ ਵਾਰਡ ਨੰਬਰ 10 ’ਚ ਮਹਿਤਾ ਪ੍ਰੀਵਾਰ ਨੇ ਆਪਣਾ ਸਿਆਸੀ ਦਬਦਬਾ ਕਾਇਮ ਰੱਖਿਆ ਹੈ। ਇਸ ਵਾਰਡ ਚੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਚਰਨ ਸਿੰਘ ਚੋਣ ਜਿੱਤਿਆ ਹੈ। ਇੱਕ ਪੜਤਾਲ ਅਨੁਸਾਰ ਇਸ ਵਾਰਡ ’ਚ ਮਹਿਤਾ ਪ੍ਰੀਵਾਰ ਦੀ ਮਜਬੂਤ ਸਿਆਸੀ ਪਕੜ, ਪ੍ਰਭਾਵਸ਼ਾਲੀ ਚੋਣ ਮੈਨੇਜਮੈਂਟ ਅਤੇ ਵੋਟਰਾਂ ਨਾਲ ਲਗਾਤਾਰ ਰਾਬਤਾ ਰੱਖਣ ਨੇ ਇਸ ਜਿੱਤ ’ਚ ਅਹਿਮ ਭੂਮਿਕਾ ਨਿਭਾਈ ਹੈ। ਉਹ ਵੀ ਉਸ ਵਕਤ ਜਦੋਂ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਅਤੇ ਉਨ੍ਹਾਂ ਦੇ ਸਾਬਕਾ ਮੇਅਰ ਲੜਕੇ ਪਦਮਜੀਤ ਮਹਿਤਾ ਨੇ ਪੂਰੇ ਸ਼ਹਿਰ ’ਚ ‘ਆਪ’ ਉਮੀਦਵਾਰਾਂ ਦੇ ਹੱਕ ’ਚ ਚੋਣ ਪ੍ਰਚਾਰ ਦਾ ਜਿੰਮਾਂ ਸੀ।
ਵੋਟਰਾਂ ਨਾਲ ਰਾਬਤੇ ਦੀ ਜਿੱਤ
ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਇੰਨ੍ਹਾਂ ਚੋਣਾਂ ਤੋਂ ਸਪਸ਼ਟ ਹੋਇਆ ਹੈ ਕਿ ਸਿਰਫ ਵੱਡੇ ਸਿਆਸੀ ਕੱਦ ਦੇ ਅਧਾਰ ’ਤੇ ਵੋਟਾਂ ਨਹੀਂ ਪੈਂਦੀਆਂ ਬਲਕਿ ਸਥਾਨਕ ਮੁੱਦੇ ਅਤੇ ਸਿੱਧਾ ਲੋਕ ਸੰਪਰਕ ਚੁਣਾਵੀ ਸਫਲਤਾ ਦਾ ਅਧਾਰ ਹੈ। ਵਾਰਡ ਨੰਬਰ 22 ਤੋਂ ਸ਼ਾਮ ਲਾਲ ਜੈਨ, ਵਾਰਡ ਨੰਬਰ 34 ਤੋਂ ਸੰਦੀਪ ਬੌਬੀ ਅਤੇ 35 ਤੋਂ ਰਾਮਦਾਸ ਹਲਵਾਈ ਦੀ ਨੂੰਹ ਬੇਬੀ ਸੈਣੀ ਦੀ ਜਿੱਤ ਇਸ ਦੀ ਪੁਖਤਾ ਮਿਸਾਲ ਹੈ। ਉਨ੍ਹਾਂ ਕਿਹਾ ਕਿ ਇਸ ਮੌਕੇ ਕਈ ਅਜਿਹੇ ਉਮੀਦਵਾਰ ਹਾਰ ਗਏ ਜਿੰਨ੍ਹਾਂ ਨੂੰ ਜਾਪਦਾ ਸੀ ਕਿ ਜਿੱਤ ਪਾਵੇ ਨਾਲ ਬੰਨ੍ਹੀ ਹੋਈ ਹੈ ਜਦੋਂਕਿ ਕਈ ਨਿਤਾਣਿਆਂ ਨੇ ਚੋਣ ਜਿੱਤੀ ਹੈ।
- Download Babushahi App
-
-