Political Special:ਤੱਕੜੀ ਤੇ ਕਮਲ ’ਚ ‘ਜੱਫੀ’ ਚੰਡੀਗੜ੍ਹ ਨਗਰ ਨਿਗਮ ਵਿੱਚ ਖੱਟੇਗੀ ਸਿਆਸੀ ਖੱਟੀ
ਅਸ਼ੋਕ ਵਰਮਾ
ਬਠਿੰਡਾ , 1 ਸਤੰਬਰ 2026 : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ’ਚ ਭਾਜਪਾ ਦੇ ਵਿਦਿਆਰਥੀ ਵਿੰਗ ਏਬੀਵੀਪੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ ( ਸੋਈ) ਵਿਚਕਾਰ ਗਠਜੋੜ ਤੋਂ ਬਾਅਦ ਯੂਨੀਵਰਸਿਟੀ ਦੇ ਪ੍ਰਧਾਨ ਸਬੰਧੀ ਆਏ ਨਤੀਜਿਆਂ ਨੇ ਦੋਵਾਂ ਸਿਆਸੀ ਧਿਰਾਂ ਦੇ ਆਪਸੀ ਸਬੰਧਾਂ ਵਿੱਚ ਇੱਕ ਨਵੀਂ ਚੁੰਝ ਚਰਚਾ ਛੇੜ ਦਿੱਤੀ ਹੈ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਕਮਲ ਅਤੇ ਤੱਕੜੀ ਇੱਕ ਮੋਰੀ ਨਿਕਲ ਜਾਂਦੇ ਹਨ ਤਾਂ ਇਸ ਦਾ ਪਹਿਲਾ ਅਸਲ ਨਗਰ ਨਿਗਮ ਚੰਡੀਗੜ੍ਹ ਦੀਆਂ ਹੋਣ ਵਾਲੀਆਂ ਅਗਾਮੀ ਚੋਣਾਂ ਮੌਕੇ ਸਾਹਮਣੇ ਆਉਣ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ ਹੈ। ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਸੇ ਸਾਲ ਨਵੰਬਰ ਮਹੀਨੇ ਦੌਰਾਨ ਨਗਰ ਨਿਗਮ ਚੰਡੀਗੜ੍ਹ ਦੀਆਂ ਚੋਣਾਂ ਹੋਣੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਜੇਕਰ ਸ਼ੋਮਣੀ ਅਕਾਲੀ ਦਲ ਅਤੇ ਭਾਰਤੀ ਜੰਤਾ ਪਾਰਟੀ ਆਪਸ ’ਚ ਮਿਲਕੇ ਚੋਣਾਂ ਲੜਦੇ ਹਨ ਤਾਂ ਸਿਆਸੀ ਸਮੀਕਰਨਾਂ ‘ਚ ਤਬਦੀਲੀ ਹੋਣੀ ਤੈਅ ਹੈ।
ਜਾਣਕਾਰੀ ਅਨੁਸਾਰ ਨਗਰ ਨਿਗਮ ਚੰਡੀਗੜ ਦੀਆਂ 2021 ’ਚ ਹੋਈਆਂ ਚੋਣਾਂ ਤੋਂ ਪਹਿਲਾਂ ਤੱਕ ਦੋਵੇਂ ਧਿਰਾਂ ਗਠਜੋੜ ਤਹਿਤ ਚੋਣਾਂ ਲੜਦੀਆਂ ਆ ਰਹੀਆਂ ਸਨ। ਤਿੰਨ ਖੇਤੀ ਕਾਨੂੰਨਾਂ ( ਜੋ ਹੁਣ ਰੱਦ ਹਨ) ਦੇ ਮੁੱਦੇ ’ਤੇ 2020 ’ਚ ਗਠਜੋੜ ਟੁਟੱਣ ਤੋਂ ਬਾਅਦ 2021 ਦੀਆਂ ਚੋਣਾਂ ਦੋਵਾਂ ਧਿਰਾਂ ਨੇ ਵੱਖ ਵੱਖ ਲੜੀਆਂ ਸਨ ਜਿਸ ਦਾ ਖਮਿਆਜਾ ਭਾਜਪਾ ਅਤੇ ਅਕਾਲੀ ਦਲ ਦੋਵਾਂ ਨੂੰ ਭੁਗਤਣਾ ਪਿਆ ਸੀ। ਇਸ ਦਾ ਸਿੱਧਾ ਫਾਇਦਾ ਆਮ ਆਦਮੀ ਪਾਰਟੀ ਨੂੰ ਮਿਲਿਆ ਜੋ ਅਣਕਿਆਸੀ ਜਿੱਤ ਕਾਰਨ ਵੱਡੀ ਪਾਰਟੀ ਵਜੋਂ ਉੱਭਰੀ ਸੀ। ਹਾਲਾਂਕਿ ਭਾਜਪਾ ਆਗੂ ਖੁੱਲ੍ਹਕੇ ਕੁੱਝ ਨਹੀਂ ਬੋਲ ਰਹੇ ਪਰ ਉਨ੍ਹਾਂ ਨੂੰ ਉਮੀਦ ਹੈ ਕਿ ਗਠਜੋੜ ਹੋਣ ਨਾਲ ਨਗਰ ਨਿਗਮ ’ਚ ‘ਦੋਵਾਂ ਧਿਰਾਂ ਨੂੰ ਫਾਇਦਾ ਮਿਲਸਕਦਾ ਹੈ। ਗਠਜੋੜ ਤਹਿਤ ਭਾਜਪਾ ਅਕਾਲੀ ਦਲ ਲਈ 26 ਚੋਂ 4 ਵਾਰਡ ਛੱਡਦੀ ਹੁੰਦੀ ਸੀ। ਹੁਣ ਜਦੋਂ ਵਾਰਡ 35 ਹੋ ਗਏ ਹਨ ਤਾਂ ਸ਼੍ਰੋਮਣੀ ਅਕਾਲੀ ਦਲ ਵੀ ਜਿਆਦਾ ਹਿੱਸਾ ਮੰਗ ਸਕਦਾ ਹੈ।
ਸਾਲ 2021 ਦੇ ਚੋਣ ਨਤੀਜਿਆਂ ’ਤੇ ਝਾਤੀ ਮਾਰੀਏ ਤਾਂ ਸਾਹਮਣੇ ਆਉਂਦਾ ਹੈ ਕਿ ਆਮ ਆਦਮੀ ਪਾਰਟੀ ਨੇ ਨਗਰ ਨਿਗਮ ਦੇ 35 ਚੋਂ 33 ਵਾਰਡਾਂ ’ਚ ਚੋਣ ਲੜੀ ਅਤੇ 14 ’ਚ ਜਿੱਤ ਪ੍ਰਾਪਤ ਕੀਤੀ ਸੀ ਜਦੋਂਕਿ ਭਾਜਪਾ ਨੇ ਸਮੂਹ 35 ਵਾਰਡਾਂ ’ਚ ਚੋਣ ਲੜੀ ਜਿਸ ਦੇ 12 ਉਮੀਦਵਾਰ ਜਿੱਤੇ ਸਨ। ਕਾਂਗਰਸ ਪਾਰਟੀ ਨੇ 34 ਵਾਰਡਾਂ ’ਚ ਚੋਣ ਲੜੀ ਅਤੇ 8 ਵਾਰਡਾਂ ’ਚ ਜਿੱਤੀ ਸੀ। ਸ਼੍ਰੋਮਣੀ ਅਕਾਲੀ ਦਲ ਆਪਣੇ ਪੱਧਰ ’ਤੇ 14 ਵਾਰਡਾਂ ’ਚ ਚੋਣ ਲੜਿਆ ਪਰ ਜਿੱਤ ਸਿਰਫ ਇੱਕ ਵਿੱਚ ਹੀ ਸਕਿਆ ਸੀ। ਹੁਣ ਵੋਟ ਪ੍ਰਤੀਸ਼ਤ ਦੀ ਗੱਲ ਕਰੀਏ ਤਾਂ 2021 ’ਚ ਭਾਜਪਾ ਨੂੰ 29.30 ਫੀਸਦੀ ਵੋਟ ਪਏ ਸਨ ਜਦੋਂਕਿ ਅਕਾਲੀ ਦਲ ਦਾ ਹਿੱਸਾ 2.78 ਫੀਸਦੀ ਰਿਹਾ ਸੀ। ਦੋਵਾਂ ਦਾ ਕੁੱਲ ਜੋੜ 32.08 ਫੀਸਦੀ ਬਣਿਆ ਅਤੇ ਸੀਟਾਂ 13 ਬਣਦੀਆਂ ਹਨ। ਚੰਡੀਗੜ੍ਹ ਦੀ ਰਾਜਨੀਤੀ ਦੇ ਜਾਣਕਾਰਾਂ ਮੰਨਦੇ ਹਨ ਕਿ ਦੋਵੇਂ ਇਕੱਠੇ ਹੁੰਦੇ ਤਾਂ ਸਥਿਤੀ ਵੱਖਰੀ ਹੋਣੀ ਸੀ।
ਮਹੱਤਵਪੂਰਨ ਤੱਥ ਇਹ ਵੀ ਹੈ ਕਿ ਗਠਜੋੜ ਨਾਂ ਹੋਣ ਕਾਰਨ ਚੰਡੀਗੜ੍ਹ ਦੀ ਇਕਲੌਤੀ ਲੋਕ ਸਭਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਸੰਜੇ ਟੰਡਨ ਸਿਰਫ 2504 ਵੋਟਾਂ ਦੇ ਮਾਮੂਲੀ ਫਰਕ ਨਾਲ ਹਾਰ ਗਏ ਸਨ। ਭਾਜਪਾ ਆਗੂ ਵੀ ਮੰਨਦੇ ਹਨ ਕਿ ਜੇਕਰ ਇਕੱਠੇ ਹੁੰਦੇ ਤਾਂ ਟੰਡਨ ਦੀ ਜਿੱਤ ਤੈਅ ਸੀ ਪਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਗਠਜੋੜ ਕਾਰਨ ਜਿੱਤ ਕਾਂਗਰਸੀ ਉਮੀਦਵਾਰ ਮਨੀਸ਼ ਤਿਵਾੜੀ ਦੀ ਝੋਲੀ ਪਈ। ਸੰਸਦੀ ਚੋਣਾਂ ’ਚ ਅਕਾਲੀ ਦਲ ਨੇ ਹਰਦੀਪ ਸਿੰਘ ਨੂੰ ਉਮੀਦਵਾਰ ਬਣਾਇਆ ਸੀ ਜੋ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ ਸਨ। ਚੰਡੀਗੜ੍ਹ ’ਚ ਇੱਕ ਵਾਰ ਅਕਾਲੀ ਦਲ ਦਾ ਮੇਅਰ ਵੀ ਬਣਿਆ ਅਤੇ ਦੋ ਵਾਰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਵੀ ਅਕਾਲੀ ਬਣੇ ਹਨ। ਚੰਡੀਗੜ੍ਹ ਭਾਜਪਾ ਦਾ ਮੰਨਣਾ ਹੈ ਕਿ ਗਠਜੋੜ ਹੋਣ ਤੋਂ ਬਾਅਦ ਵੋਟਾਂ ਦੀ ਵੰਡ ਰੋਕਣ ਵਿੱਚ ਸਹਾਇਤਾ ਮਿਲ ਸਕਦੀ ਹੈ ਅਤੇ ਵਾਰਡ ਪੱਧਰ ’ਤੇ ਨਵੇਂ ਸਿਆਸੀ ਸਮੀਕਰਨ ਬਣਨਗੇ।
ਪਹਿਲਾ ਅਸਰ ਚੰਡੀਗੜ੍ਹ ਵਿੱਚ
ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਜੇਕਰ ਅਕਾਲੀ ਅਤੇ ਭਾਜਪਾ ਵਿਚਕਾਰ ਗਠਜੋੜ ਹੁੰਦਾ ਹੈ ਤਾਂ ਇਸ ਦਾ ਪਹਿਲਾ ਪ੍ਰਭਾਵ ਚੰਡੀਗੜ੍ਹ ਨਗਰ ਨਿਗਮ ਦੀ ਰਾਜਨੀਤੀ ’ਤੇ ਦਿਖਾਈ ਦੇਵੇਗਾ। ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ ਲੰਮੇਂ ਸਮੇਂ ਤੱਕ ਗਠਜੋੜ ਦੀ ਰਾਜਨੀਤੀ ਤਹਿਤ ਆਪੋ ਆਪਣੇ ਰਿਵਾਇਤੀ ਵੋਟ ਅਧਾਰ ਨੂੰ ਆਪਸ ’ਚ ਜੋੜਦੇ ਰਹੇ ਹਨ ਜੋ ਅਹਿਮ ਕੜੀ ਹੈ। ਉਨ੍ਹਾਂ ਕਿਹਾ ਕਿ 2020 ’ਚ ਗਠਜੋੜ ਟੁੱਟਣ ਦਾ ਫਾਇਦਾ ਆਮ ਆਦਮੀ ਪਾਰਟੀ ਨੂੰ ਮਿਲਿਆ ਸੀ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੀਆਂ ਅਗਾਮੀ ਚੋਣਾਂ ਇਸ ਲਿਹਾਜ਼ ਨਾਲ ਮਹੱਤਵਪੂਰਨ ਹਨ ਕਿਉਂਕਿ ਇੱਥੇ ਮੁਕਾਬਲਾ ਸੀਟਾਂ ਦਾ ਨਹੀਂ ਬਲਕਿ ਵੋਟਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਆਪਣੇ ਹੱਕ ’ਚ ਭੁਗਤਾਉਣ ਦਾ ਹੋਵੇਗਾ।
ਟੰਡਨ ਦੀ ਨਪੀ ਤੁਲੀ ਪ੍ਰਤੀਕਿਰਿਆ
ਚੰਡੀਗੜ੍ਹ ਭਾਜਪਾ ਦੇ ਸੀਨੀਅਰ ਆਗੂ ਸੰਜੇ ਟੰਡਨ ਨੇ ਇਸ ਮਾਮਲੇ ’ਚ ਬਿਲਕੁਲ ਨਪੀ ਤੁਲੀ ਪ੍ਰਤੀਕਿਰਿਆ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਦੋ ਭਾਈਚਰੇ ਇਕੱਤਰ ਹੁੰਦੇ ਹਨ ਤਾਂ ਫਾਇਦਾ ਹੋਣਾ ਨਿਰਸੰਦੇਹ ਹੈ ਪਰ ਕਈ ਵਾਰ 2 ਤੇ 2- 4 ਦੀ ਥਾਂ 3 ਵੀ ਰਹਿ ਜਾਂਦੇ ਹਨ ਤੇ 5 ਵੀ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਫਿਰ ਵੀ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਕਰਨ ਸਬੰਧੀ ਅੰਤਿਮ ਫੈਸਲਾ ਹਾਈਕਮਾਂਡ ਦਾ ਹੈ ਜਿੱਥੇ ਨਫਾ ਨੁਕਸਾਨ ਸਭ ਦੇਖਿਆ ਜਾਣਾ ਹੈ।
- Download Babushahi App
-
-